ਪੁਲਿਸ ਵੱਲੋਂ 300 ਗੁੰਮ ਫੋਨ ਬਰਾਮਦ, ਮਾਲਕਾਂ ਦੇ ਚਿਹਰਿਆਂ ’ਤੇ ਮੁਸਕਾਨ
ਹੁਸ਼ਿਆਰਪੁਰ ਪੁਲਿਸ ਵੱਲੋਂ 300 ਗੁੰਮ ਫੋਨ ਬਰਾਮਦ, ਮਾਲਕਾਂ ਦੇ ਚਿਹਰਿਆਂ ‘ਤੇ ਵਾਪਸੀ ਮੁਸਕਾਨ
Publish Date: Thu, 26 Feb 2026 06:25 PM (IST)
Updated Date: Fri, 27 Feb 2026 04:08 AM (IST)

ਸਟਾਫ ਰਿਪੋਰਟਰ, ਪੰਜਾਬੀ ਜਾਗਰਣ, ਹੁਸ਼ਿਆਰਪੁਰ : ਹੁਸ਼ਿਆਰਪੁਰ ਪੁਲਿਸ ਨੇ ਸੀਈਆਈਆਰ ਪੋਰਟਲ ਦੀ ਮਦਦ ਨਾਲ ਲੱਗਭਗ 300 ਗੁੰਮ ਹੋਏ ਮੋਬਾਈਲ ਫੋਨ ਟਰੇਸ ਕਰਕੇ ਉਨ੍ਹਾਂ ਦੇ ਅਸਲ ਮਾਲਕਾਂ ਨੂੰ ਵਾਪਸ ਸੌਂਪ ਦਿੱਤੇ ਹਨ। ਇਹ ਜਾਣਕਾਰੀ ਸੀਨੀਅਰ ਪੁਲਿਸ ਕਪਤਾਨ ਸੰਦੀਪ ਕੁਮਾਰ ਮਲਿਕ ਨੇ ਦਿੱਤੀ।ਸੰਦੀਪ ਕੁਮਾਰ ਮਲਿਕ ਨੇ ਦੱਸਿਆ ਕਿ ਪਿਛਲੇ ਕੁਝ ਸਮੇਂ ਦੌਰਾਨ ਗੁੰਮ ਹੋਏ ਮੋਬਾਈਲ ਫੋਨਾਂ ਬਾਰੇ ਪ੍ਰਾਪਤ ਰਿਪੋਰਟਾਂ ਦੇ ਆਧਾਰ ‘ਤੇ ਪੁਲਿਸ ਦੀ ਟੈਕਨੀਕਲ ਸੈਲ ਨੇ ਵਿਸ਼ੇਸ਼ ਮੁਹਿੰਮ ਚਲਾਈ। ਐਸਪੀ ਹੈਡਕੁਆਰਟਰ ਨਵਨੀਤ ਕੌਰ ਦੀ ਅਗਵਾਈ ਹੇਠ ਡਿਟੈਕਟਿਵ ਸੈਲ ਅਤੇ ਸਾਇਬਰ ਟੀਮਾਂ ਨੇ ਕਾਫੀ ਮਿਹਨਤ ਨਾਲ ਤਕਰੀਬਨ 300 ਮੋਬਾਈਲ ਫੋਨ ਬਰਾਮਦ ਕੀਤੇ। ਉਨ੍ਹਾਂ ਦੱਸਿਆ ਕਿ ਇਹ ਮੋਬਾਈਲ ਫੋਨ ਨਾ ਸਿਰਫ ਹੁਸ਼ਿਆਰਪੁਰ ਜ਼ਿਲ੍ਹੇ ਤੋਂ, ਸਗੋਂ ਪੰਜਾਬ ਦੇ ਹੋਰ ਜ਼ਿਲ੍ਹਿਆਂ ਅਤੇ ਬਾਹਰਲੇ ਸੂਬਿਆਂ ਜਿਵੇਂ ਉੱਤਰ ਪ੍ਰਦੇਸ਼, ਬਿਹਾਰ, ਮਹਾਰਾਸ਼ਟਰ, ਦਿੱਲੀ ਅਤੇ ਹਿਮਾਚਲ ਪ੍ਰਦੇਸ਼ ਤੋਂ ਵੀ ਬਰਾਮਦ ਕੀਤੇ ਗਏ ਹਨ। ਬਰਾਮਦ ਕੀਤੇ ਗਏ ਫੋਨਾਂ ਵਿੱਚ ਕਈ ਮਹਿੰਗੇ ਸੈੱਟ ਵੀ ਸ਼ਾਮਲ ਹਨ। ਐੱਸਐੱਸਪੀ ਨੇ ਕਿਹਾ ਕਿ ਮੋਬਾਈਲ ਫੋਨ ਨਾਲ ਲੋਕਾਂ ਦਾ ਭਾਵਨਾਤਮਕ ਨਾਤਾ ਅਤੇ ਮਹੱਤਵਪੂਰਨ ਡਾਟਾ ਜੁੜਿਆ ਹੁੰਦਾ ਹੈ, ਇਸ ਲਈ ਪੁਲਿਸ ਦੀ ਕੋਸ਼ਿਸ਼ ਰਹਿੰਦੀ ਹੈ ਕਿ ਜਿੰਨੀ ਜਲਦੀ ਸੰਭਵ ਹੋ ਸਕੇ, ਬਰਾਮਦਗੀ ਕਰਕੇ ਫੋਨ ਮਾਲਕਾਂ ਨੂੰ ਵਾਪਸ ਕੀਤੇ ਜਾਣ। ਪੁਲਿਸ ਲਾਈਨ ਵਿੱਚ ਆਯੋਜਿਤ ਸਮਾਗਮ ਦੌਰਾਨ ਫੋਨ ਮਾਲਕਾਂ ਨੂੰ ਸੌਂਪੇ ਗਏ, ਜਿਸ ਨਾਲ ਲੋਕਾਂ ਵਿੱਚ ਖੁਸ਼ੀ ਦੇ ਮਾਹੌਲ ਦੇਖਣ ਨੂੰ ਮਿਲਿਆ। ਉਨ੍ਹਾਂ ਹੋਰ ਦੱਸਿਆ ਕਿ ਜੇ ਕਿਸੇ ਵਿਅਕਤੀ ਦਾ ਮੋਬਾਈਲ ਫੋਨ ਗੁੰਮ ਹੋ ਜਾਂਦਾ ਹੈ ਤਾਂ ਉਹ ਸਾਂਝ ਕੇਂਦਰ ਵਿੱਚ ਰਿਪੋਰਟ ਦਰਜ ਕਰਵਾ ਸਕਦਾ ਹੈ। ਸੀਈਆਈਆਰ ਪੋਰਟਲ ਅਤੇ ਟੈਕਨੀਕਲ ਸੈਲ ਦੀ ਨਿਗਰਾਨੀ ਪ੍ਰਕਿਰਿਆ ਰਾਹੀਂ ਫੋਨਾਂ ਨੂੰ ਟਰੇਸ ਕਰਕੇ ਬਰਾਮਦ ਕੀਤਾ ਜਾਂਦਾ ਹੈ। ਫੋਨ ਬਰਾਮਦ ਹੋਣ ਉਪਰੰਤ ਮਾਲਕ ਨਾਲ ਸੰਪਰਕ ਕਰਕੇ ਮਲਕੀਅਤ ਦੀ ਪੁਸ਼ਟੀ ਕੀਤੀ ਜਾਂਦੀ ਹੈ ਅਤੇ ਫੋਨ ਵਾਪਸ ਸੌਂਪਿਆ ਜਾਂਦਾ ਹੈ। ਐੱਸਐੱਸਪੀ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਮੋਬਾਈਲ ਗੁੰਮ ਹੋਣ ਦੀ ਸੂਚਨਾ ਤੁਰੰਤ ਪੁਲਿਸ ਨੂੰ ਦੇਣੀ ਬਹੁਤ ਜ਼ਰੂਰੀ ਹੈ। ਕਈ ਵਾਰ ਗੁੰਮ ਫੋਨ ਗਲਤ ਤੱਤਾਂ ਦੇ ਹੱਥ ਲੱਗ ਕੇ ਦੁਰਵਰਤੋਂ ਲਈ ਵਰਤੇ ਜਾ ਸਕਦੇ ਹਨ, ਜਿਸ ਨਾਲ ਅਸਲ ਮਾਲਕ ਨੂੰ ਕਾਨੂੰਨੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਇਸ ਲਈ ਸਮੇਂ ਸਿਰ ਰਿਪੋਰਟ ਦਰਜ ਕਰਵਾਉਣਾ ਹਰ ਨਾਗਰਿਕ ਦੀ ਸੁਰੱਖਿਆ ਲਈ ਲਾਭਕਾਰੀ ਹੈ।