ਕਾਂਗਰਸੀ ਆਗੂਆਂ ਦੀ ਗ੍ਰਿਫ਼ਤਾਰੀ ਦੇ ਵਿਰੋਧ ’ਚ ਧਰਨਾ
ਇੰਡੀਆ ਯੂਥ ਕਾਂਗਰਸ ਦੇ ਆਗੂਆਂ ਦੀ ਗ੍ਰਿਫ਼ਤਾਰੀ ਦੇ ਵਿਰੋਧ ਵਿੱਚ ਦਿੱਲੀ ਦਫ਼ਤਰ ਅੱਗੇ ਜੋਰਦਾਰ ਧਰਨਾ -ਸਾਹੀ
Publish Date: Thu, 26 Feb 2026 06:23 PM (IST)
Updated Date: Fri, 27 Feb 2026 04:08 AM (IST)

ਜਗਮੋਹਨ ਸ਼ਰਮਾ, ਪੰਜਾਬੀ ਜਾਗਰਣ, ਤਲਵਾੜਾ: ਬੁੱਧਵਾਰ ਨੂੰ ਦਿੱਲੀ ਵਿਖੇ ਇੰਡੀਆ ਯੂਥ ਕਾਂਗਰਸ ਦੇ ਦਫ਼ਤਰ ਅੱਗੇ ਉਸ ਸਮੇਂ ਮਾਹੌਲ ਗਰਮ ਹੋ ਗਿਆ ਜਦੋਂ ਆਲ ਇੰਡੀਆ ਯੂਥ ਕਾਂਗਰਸ ਦੇ ਪ੍ਰਧਾਨ ਉਦੈ ਬਾਨੂ ਚਿਬ ਅਤੇ ਹੋਰ ਕਈ ਯੂਥ ਆਗੂਆਂ ਨੂੰ ਗ੍ਰਿਫ਼ਤਾਰ ਕਰਨ ਦੇ ਵਿਰੋਧ ਵਿੱਚ ਵੱਡੀ ਗਿਣਤੀ ’ਚ ਕਾਰਕੁਨਾਂ ਨੇ ਇਕੱਠ ਕਰਕੇ ਧਰਨਾ ਪ੍ਰਦਰਸ਼ਨ ਕੀਤਾ। ਪ੍ਰਦਰਸ਼ਨਕਾਰੀਆਂ ਨੇ ਗ੍ਰਿਫ਼ਤਾਰੀਆਂ ਨੂੰ ਲੋਕਤੰਤਰਿਕ ਅਧਿਕਾਰਾਂ ’ਤੇ ਹਮਲਾ ਕਰਾਰ ਦਿੰਦਿਆਂ ਕੇਂਦਰ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕੀਤੀ ਅਤੇ ਤੁਰੰਤ ਰਿਹਾਈ ਦੀ ਮੰਗ ਉਠਾਈ। ਇਨ੍ਹਾਂ ਗੱਲਾਂ ਦਾ ਪ੍ਰਗਟਾਵਾ ਵਿਧਾਨ ਸਭਾ ਹਲਕਾ ਦਸੂਹਾ ਤੋਂ ਯੂਥ ਕਾਂਗਰਸ ਦੇ ਉਮੀਦਵਾਰ ਸਿਮਰਨਜੀਤ ਸਿੰਘ ਸਾਹੀ ਨੇ ਤਲਵਾੜਾ ਵਿੱਚ ਕੀਤਾ। ਉਨ੍ਹਾਂ ਕਿਹਾ ਕਿ ਧਰਨੇ ਦੌਰਾਨ ਵੱਖ-ਵੱਖ ਰਾਜਾਂ ਤੋਂ ਆਏ ਯੂਥ ਕਾਂਗਰਸ ਦੇ ਆਗੂਆਂ ਅਤੇ ਵਰਕਰਾਂ ਨੇ ਆਪਣਾ ਗੁੱਸਾ ਜਾਹਿਰ ਕਰਦਿਆਂ ਕਿਹਾ ਕਿ ਸ਼ਾਂਤੀਪੂਰਵਕ ਢੰਗ ਨਾਲ ਆਪਣੀ ਗੱਲ ਰੱਖਣਾ ਹਰ ਨਾਗਰਿਕ ਦਾ ਸੰਵਿਧਾਨਕ ਅਧਿਕਾਰ ਹੈ। ਉਨ੍ਹਾਂ ਕਿਹਾ ਕਿ ਆਵਾਜ਼ ਨੂੰ ਦਬਾਉਣ ਦੀ ਕੋਸ਼ਿਸ਼ ਕਦੇ ਵੀ ਕਾਮਯਾਬ ਨਹੀਂ ਹੋ ਸਕਦੀ ਅਤੇ ਯੂਥ ਕਾਂਗਰਸ ਹਮੇਸ਼ਾਂ ਲੋਕਤੰਤਰ ਦੀ ਰੱਖਿਆ ਲਈ ਅੱਗੇ ਰਹੇਗੀ। ਸਿਮਰਨਜੀਤ ਸਿੰਘ ਸਾਹੀ ਨੇ ਕਿਹਾ ਕਿ ਉਨ੍ਹਾਂ ਦੀ ਅਗਵਾਈ ਹੇਠ ਹਲਕਾ ਦਸੂਹਾ ਦਾ ਇਕ ਵਫ਼ਦ ਖ਼ਾਸ ਤੌਰ ’ਤੇ ਧਰਨੇ ਵਿੱਚ ਸ਼ਾਮਲ ਹੋਣ ਲਈ ਦਿੱਲੀ ਪਹੁੰਚਿਆ। ਇਸ ਵਫ਼ਦ ਵਿੱਚ ਯੂਥ ਬਲਾਕ ਪ੍ਰਧਾਨ ਕਾਂਗਰਸ ਦਸੂਹਾ ਦੇ ਉਮੀਦਵਾਰ ਜਗਪਾਲ ਸਿੰਘ ਬਾਜਵਾ, ਕਾਂਗਰਸ ਦੇ ਸੀਨੀਅਰ ਨੇਤਾ ਤਰਲੋਕ ਸਿੰਘ ਸਾਹੀ (ਵਿਧਾਨ ਸਭਾ ਹਲਕਾ ਦਸੂਹਾ), ਸ਼ਮਸ਼ੇਰ ਅਤੇ ਗੁਰਬਾਜ਼ ਸਿੰਘ ਸਮੇਤ ਹੋਰ ਕਈ ਵਰਕਰ ਵੀ ਮੌਜੂਦ ਸਨ।ਦਸੂਹਾ ਤੋਂ ਗਏ ਆਗੂਆਂ ਨੇ ਕਿਹਾ ਕਿ ਪਾਰਟੀ ਦੇ ਕੌਮੀ ਪ੍ਰਧਾਨ ਅਤੇ ਹੋਰ ਯੂਥ ਆਗੂਆਂ ਦੀ ਗ੍ਰਿਫ਼ਤਾਰੀ ਅਨੁਚਿਤ ਹੈ ਅਤੇ ਇਹ ਲੋਕਤੰਤਰਕ ਮੂਲਿਆਂ ਦੇ ਖ਼ਿਲਾਫ਼ ਹੈ। ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਜੇਕਰ ਗ੍ਰਿਫ਼ਤਾਰ ਆਗੂਆਂ ਨੂੰ ਜਲਦ ਰਿਹਾਅ ਨਾ ਕੀਤਾ ਗਿਆ ਤਾਂ ਸੰਘਰਸ਼ ਹੋਰ ਤੇਜ਼ ਕੀਤਾ ਜਾਵੇਗਾ। ਧਰਨੇ ਦੌਰਾਨ ਸੁਰੱਖਿਆ ਦੇ ਸਖ਼ਤ ਪ੍ਰਬੰਧ ਕੀਤੇ ਗਏ ਸਨ ਤੇ ਪੁਲਿਸ ਬਲ ਵੀ ਵੱਡੀ ਗਿਣਤੀ ’ਚ ਤਾਇਨਾਤ ਕੀਤਾ ਗਿਆ ਸੀ। ਇਸ ਦੇ ਬਾਵਜੂਦ ਪ੍ਰਦਰਸ਼ਨ ਸ਼ਾਂਤੀਪੂਰਵਕ ਢੰਗ ਨਾਲ ਸੰਪੰਨ ਹੋਇਆ। ਯੂਥ ਕਾਂਗਰਸ ਆਗੂਆਂ ਨੇ ਅਖੀਰ ਵਿੱਚ ਕਿਹਾ ਕਿ ਉਹ ਸੰਵਿਧਾਨਕ ਤੇ ਕਾਨੂੰਨੀ ਹੱਦਾਂ ਅੰਦਰ ਰਹਿੰਦੇ ਹੋਏ ਆਪਣੀ ਲੜਾਈ ਜਾਰੀ ਰੱਖਣਗੇ ਤੇ ਨੌਜਵਾਨਾਂ ਦੀ ਆਵਾਜ਼ ਨੂੰ ਦੱਬਣ ਨਹੀਂ ਦੇਣਗੇ।