ਬੀਣੇਵਾਲ ਤੋਂ ਗੜ੍ਹਸ਼ੰਕਰ ਸੜਕ ਬਣੀ ਖੂਨੀ
ਬੀਣੇਵਾਲ ਤੋਂ ਗੜ੍ਹਸ਼ੰਕਰ ਸੜਕ ਖੂਨੀ ਸੜਕ ਬਣੀ
Publish Date: Thu, 26 Feb 2026 06:19 PM (IST)
Updated Date: Fri, 27 Feb 2026 04:08 AM (IST)

20 ਦੇ ਕਰੀਬ ਲੋਕਾਂ ਦੀਆਂ ਜਾਨਾਂ ਗਈਆਂ ਅਸ਼ਵਨੀ ਸ਼ਰਮਾ, ਪੰਜਾਬੀ ਜਾਗਰਣ, ਬੀਣੇਵਾਲ ਬੀਤ: ਅੱਜਕਲ ਬੀਣੇਵਾਲ ਬੀਤ ਤੋਂ ਗੜ੍ਹਸ਼ੰਕਰ ਨੂੰ ਜਾਣ ਵਾਲੀ ਸੜਕ ਚਰਚਾਂ ਵਿੱਚ ਚਲ ਰਹੀ ਹੈ, ਕਿਉਂਕਿ ਇਸ ਸੜਕ ਤੇ ਚੱਲਣਾ ਕਿਸੇ ਖ਼ਤਰੇ ਤੋਂ ਖਾਲੀ ਨਹੀਂ ਹੈ। ਨਿਤ ਦਿਨ ਇਸ ਸੜਕ ਤੇ ਉਵਰਲੋਡ ਟਿੱਪਰਾਂ ਨਾਲ ਲੋਕਾਂ ਦੀਆਂ ਜਾਨਾਂ ਜਾ ਰਹੀਆਂ ਹਨ ਪਰ ਨਾ ਹੀ ਸਰਕਾਰ ਅਤੇ ਨਾ ਹੀ ਪੁਲਿਸ ਪ੍ਰਸ਼ਾਸਨ ਇਸ ਵੱਲ ਧਿਆਨ ਦੇ ਰਿਹਾ ਹੈ। ਰਾਜਨੀਤਿਕ ਪਾਰਟੀਆਂ ਅਤੇ ਸਮਾਜਸੇਵੀ ਸੰਸਥਾਵਾਂ ਦੇ ਆਗੂਆਂ ਵੱਲੋਂ ਓਵਰਲੋਡ ਟਿੱਪਰਾਂ ਨੂੰ ਨੱਥ ਪਾਉਣ ਦੀ ਅਪੀਲ ਕੀਤੀ ਜਾ ਰਹੀ ਹੈ। ਬਾਕਸ-- ਜਲਦੀ ਕਾਰਵਾਈ ਦੀ ਕੀਤੀ ਜਾਵੇ : ਲਾਲੀ ਗੜ੍ਹਸ਼ੰਕਰ ਤੋਂ ਕਾਂਗਰਸ ਪਾਰਟੀ ਦੇ ਇੰਚਾਰਜ ਅਮਰਪ੍ਰੀਤ ਸਿੰਘ ਲਾਲੀ ਨੇ ਕਿਹਾ ਕਿ ਨਿਤ ਦਿਨ ਇਹ ਉਵਰਲੋਡ ਟਿੱਪਰ ਲੋਕਾਂ ਦੀਆਂ ਜਾਨਾਂ ਲੈ ਰਹੇ ਹਨ, ਖਾਸ ਕਰਕੇ ਗੜਸ਼ੰਕਰ ਤੋਂ ਨੰਗਲ ਰੋੜ ਨੂੰ ਇਹਨਾਂ ਨੇ ਖੂਨੀ ਸੜਕ ਬਣਾ ਦਿੱਤਾ ਹੈ, ਜਿੱਥੇ 20 ਦੇ ਕਰੀਬ ਲੋਕਾਂ ਨੂੰ ਇਨ੍ਹਾਂ ਮੌਤ ਦੇ ਘਾਟ ਉਤਾਰ ਦਿੱਤਾ ਹੈ ਪਰ ਫਿਰ ਵੀ ਸਰਕਾਰ ਅਤੇ ਪ੍ਰਸ਼ਾਸਨ ਇਹਨਾਂ ਨੂੰ ਨੱਥ ਪਾਉਣ ’ਚ ਫੇਲ ਸਾਬਤ ਹੋ ਰਿਹਾ ਹੈ। ਉਨ੍ਹਾਂ ਕਿਹਾ ਦੇਰ ਸ਼ਾਮ ਓਵਰਲੋਡ ਟਿੱਪਰ ਨੇ ਸਾਡੇ ਸਾਥੀ ਸਾਬਕਾ ਸਰਪੰਚ ਚੂਹੜ ਸਿੰਘ ਨੂੰ ਟਾਇਰ ਹੇਠਾਂ ਦੇ ਕੇ ਮਾਰ ਦਿੱਤਾ। ਉਨ੍ਹਾਂ ਸਰਕਾਰ ਅਤੇ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਇਹਨਾਂ ਉਵਰਲੋਡ ਟਿੱਪਰਾਂ ਨੂੰ ਨੱਥ ਪਾਈ ਜਾਵੇ। ਅਗਰ ਇਸ ਵੱਲ ਧਿਆਨ ਨਾ ਦਿੱਤਾ ਗਿਆ ਤਾਂ ਅਸੀਂ ਇਹਨਾਂ ਟਿੱਪਰਾਂ ਖਿਲਾਫ ਸੰਘਰਸ਼ ਕਰਨ ਲਈ ਮਜਬੂਰ ਹੋਵਾਂਗੇ। ਬਾਕਸ-- ਹੁਣ ਅਸੀਂ ਆਪ ਹੀ ਸੜਕਾਂ ’ਤੇ ਉਤਰਨ ਲਈ ਮਜਬੂਰ ਹੋਵਾਂਗੇ : ਮੱਟੂ ਓਵਰਲੋਡ ਟਿੱਪਰਾਂ ਖਿਲਾਫ਼ ਬੋਲਦਿਆਂ ਕਾਮਰੇਡ ਦਰਸ਼ਨ ਸਿੰਘ ਮੱਟੂ ਨੇ ਕਿਹਾ ਕਿ ਇਨ੍ਹਾਂ ਦੀ ਮਨਮਰਜ਼ੀ ਅਸੀਂ ਹੁਣ ਨਹੀਂ ਚੱਲਣ ਦੇਣੀ। ਸਾਨੂੰ ਆਪ ਇਲਾਕੇ ਦੇ ਲੋਕਾਂ ਨੂੰ ਨਾਲ ਲੈ ਕੇ ਸੜਕਾਂ ’ਤੇ ਉਤਰਨ ਲਈ ਮਜ਼ਬੂਰ ਹੋਣਾ ਪੈਣਾ। ਪ੍ਰਸ਼ਾਸਨ ਵਲੋਂ ਇਹਨਾਂ ਟਿੱਪਰਾਂ ਦਾ ਸਮਾਂ ਤਹਿ ਕੀਤੇ ਹੋਣ ਦੇ ਬਾਵਜੂਦ ਵੀ ਇਹ ਟਿੱਪਰ ਸਮੇਂ ਤੋਂ ਪਹਿਲਾਂ ਹੀ ਸੜਕਾਂ ਤੇ ਘੁੰਮਦੇ ਰਹਿੰਦੇ ਹਨ ਜੋਂ ਕਿ ਮੌਤ ਬਣਕੇ ਰਾਹਗੀਰਾਂ ਨੂੰ ਦਰੜ ਰਹੇ ਹਨ। ਇਸ ਦੀ ਤਾਜ਼ਾ ਉਦਾਹਰਣ ਸ਼ਾਹਪੁਰ ਘਾਟੇ ਦੀ ਹੈ ਜਿਥੇ ਆਪਣੇ ਘਰ ਨੂੰ ਜਾ ਰਹੇ ਸਰਪੰਚ ਚੂਹੜ ਸਿੰਘ ਨੂੰ ਬਿਨਾਂ ਗੱਲ ਤੋਂ ਟਿੱਪਰ ਵਾਲੇ ਨੇ ਮੌਤ ਦੇ ਘਾਟ ਉਤਾਰ ਦਿੱਤਾ। ਉਨਵਾਂ ਸਰਕਾਰ ਤੇ ਗੜ੍ਹਸ਼ੰਕਰ ਪ੍ਰਸ਼ਾਸਨ ਨੂੰ ਚੇਤਾਵਨੀ ਦਿੰਦਿਆਂ ਕਿਹਾ ਕਿ ਅਗਰ ਜਲਦੀ ਇਨ੍ਹਾਂ ਓਵਰਲੋਡ ਟਿੱਪਰਾਂ ਨੂੰ ਦਿੱਤੇ ਸਮੇਂ ਤੋਂ ਪਹਿਲਾਂ ਗੜ੍ਹਸ਼ੰਕਰ ਦੀਆਂ ਸੜਕਾਂ ’ਤੇ ਚੱਲਣਾ ਬੰਦ ਨਾ ਕੀਤਾ ਤਾਂ ਅਸੀਂ ਆਪ ਹੀ ਇਨ੍ਹਾਂ ਦਾ ਸੜਕਾਂ ’ਤੇ ਚੱਲਣਾ ਬੰਦ ਕਰਾਂਗੇ। ਬਾਕਸ-- ਚੂਹੜ ਸਿੰਘ ਨਾਲ ਹਾਦਸਾ ਨਹੀਂ, ਕਤਲ ਹੋਇਐ : ਪੁਰਖੋਵਾਲ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਾਂਗਰਸ ਪਾਰਟੀ ਆਗੂ ਜਸਵੀਰ ਸਿੰਘ ਪੁਰਖੋਵਾਲ ਨੇ ਕਿਹਾ ਕਿ ਗੜ੍ਹਸ਼ੰਕਰ ’ਚ ਇਨਾਂ ਓਵਰਲੋਡ ਟਿੱਪਰਾਂ ਦਾ ਰਾਜ ਚੱਲਦਾ ਹੈ ਕਿਉਂਕਿ ਇਨ੍ਹਾਂ ਟਿੱਪਰਾਂ ਦੀ ਗੜ੍ਹਸ਼ੰਕਰ ਦੀਆਂ ਸੜਕਾਂ ’ਤੇ ਐਂਟਰੀ ਰਾਤ 7 ਤੋਂ ਸਵੇਰੇ 6 ਵਜੇ ਤੱਕ ਹੈ ਪਰ ਇਨ੍ਹਾਂ ਟਿੱਪਰਾਂ ਨੂੰ ਤੁਸੀਂ ਦਿਨ ਵੇਲੇ ਵੀ ਸੜਕਾਂ ’ਤੇ ਘੁੰਮਦੇ ਦੇਖ ਸਕਦੇ ਹੋ, ਜੋਂ ਕਿ ਦਰਸਾਉਂਦਾ ਹੈ ਕਿ ਇਹ ਸਭ ਮਿਲੀਭੁਗਤ ਨਾਲ ਹੋ ਰਿਹਾ ਹੈ। ਜਸਵੀਰ ਸਿੰਘ ਪੁਰਖੋਵਾਲ ਨੇ ਕਿਹਾ ਕਿ ਸਰਪੰਚ ਚੂਹੜ ਸਿੰਘ ਨਾਲ ਹਾਦਸਾ ਨਹੀਂ ਹੋਇਆ ਉਸ ਦਾ ਜਾਣਬੁੱਝ ਕੇ ਕਤਲ ਕੀਤਾ ਗਿਆ ਹੈ। ਬਾਕਸ-- ਗੜ੍ਹਸ਼ੰਕਰ ਦਾ ਨਾਂ ਬਦਲ ਕੇ ਟਿੱਪਰਗੜ੍ਹ ਰੱਖ ਦੇਣਾ ਚਾਹੀਦੈ : ਨਿਮਿਸ਼ਾ ਮਹਿਤਾ ਗੜ੍ਹਸ਼ੰਕਰ ਤੋਂ ਬੀਜੇਪੀ ਇੰਚਾਰਜ ਨਿਮਿਸ਼ਾ ਮਹਿਤਾ ਨੇ ਕਿਹਾ ਕਿ ਟਿੱਪਰਾਂ ਦੀ ਮਨਮਰਜ਼ੀ ਲਗਾਤਾਰ ਜਾਰੀ ਹੈ, ਕਿਉਂਕਿ ਇਹ ਸਭ ਮਿਲੀਭੁਗਤ ਨਾਲ ਹੋ ਰਿਹਾ ਹੈ। ਗੜ੍ਹਸ਼ੰਕਰ ’ਚ ਸਮੇਂ ਤੋਂ ਪਹਿਲਾਂ ਚੱਲਣ ਵਾਲੇ ਟਿੱਪਰਾਂ ਨੂੰ ਉਨ੍ਹਾਂ ਕਈ ਵਾਰ ਰੋਕ ਕੇ ਚੇਤਾਵਨੀ ਦਿੱਤੀ ਪਰ ਇਨ੍ਹਾਂ ਨੂੰ ਕੋਈ ਫ਼ਰਕ ਨਹੀਂ, ਕਿਉਂਕਿ ਇਨ੍ਹਾਂ ਦੇ ਪਿੱਛੇ ਕਿਸੇ ਰਾਜਨੀਤਕ ਆਕਾ ਦਾ ਹੱਥ ਹੈ। ਗੜ੍ਹਸ਼ੰਕਰ ਦਾ ਨਾਂ ਬਦਲ ਕੇ ਟਿੱਪਰਗੜ੍ਹ ਰੱਖ ਦੇਣਾ ਚਾਹੀਦਾ ਹੈ। ਬੀਤ ਇਲਾਕੇ ਦੇ ਇੱਕ ਜ਼ਿੰਮੇਵਾਰ ਨਾਗਰਿਕ ਸਰਪੰਚ ਚੂਹੜ ਸਿੰਘ ਨੂੰ ਮੌਤ ਦੇ ਘਾਟ ਉਤਾਰਨ ਵਾਲਿਆਂ ਖ਼ਿਲਾਫ਼ ਸਖ਼ਤ ਤੋਂ ਸਖ਼ਤ ਕਾਰਵਾਈ ਕੀਤੀ ਜਾਵੇ।