ਲੋਕ ਵਿਰੋਧੀ ਨੀਤੀਆਂ ਨੂੰ ਕਾਮਯਾਬ ਨਹੀਂ ਹੋਣ ਦੇਵੇਗੀ ਕਾਂਗਰਸ : ਸਾਬੀ
ਲੋਕ ਵਿਰੋਧੀ ਨੀਤੀਆਂ ਨੂੰ ਕਾਮਯਾਬ ਨਹੀਂ ਹੋਣ ਦੇਵੇਗੀ ਕਾਂਗਰਸ - ਸਰਬਜੋਤ ਸਿੰਘ ਸਾਬੀ
Publish Date: Thu, 26 Feb 2026 05:38 PM (IST)
Updated Date: Fri, 27 Feb 2026 04:07 AM (IST)

ਹਰਮਨਜੀਤ ਸਿੰਘ ਸੈਣੀ, ਪੰਜਾਬੀ ਜਾਗਰਣ, ਮੁਕੇਰੀਆਂ: ਮੁਕੇਰੀਆਂ ਵਿਧਾਨ ਸਭਾ ਹਲਕੇ ਤੋਂ 28 ਫ਼ਰਵਰੀ ਨੂੰ ਰਾਹੁਲ ਗਾਂਧੀ ਦੀ ਅਗਵਾਈ ਹੇਠ ਬਰਨਾਲਾ ਵਿਖੇ ਹੋਣ ਵਾਲੀ ‘ਮਨਰੇਗਾ ਬਚਾਓ ਸੰਘਰਸ਼ ਮਹਾਂ ਰੈਲੀ’ ਵਿੱਚ ਵੱਡੀ ਗਿਣਤੀ ਵਿੱਚ ਕਾਂਗਰਸੀ ਵਰਕਰ ਸ਼ਮੂਲੀਅਤ ਕਰਨਗੇ। ਇਹ ਪ੍ਰਗਟਾਵਾ ਕਰਦਿਆਂ ਸੀਨੀਅਰ ਕਾਂਗਰਸੀ ਆਗੂ ਸਰਬਜੋਤ ਸਿੰਘ ਸਾਬੀ ਨੇ ਕਿਹਾ ਕਿ ਬਰਨਾਲਾ ਵਿਖੇ ਹੋਣ ਵਾਲੀ ‘ਮਨਰੇਗਾ ਬਚਾਓ ਸੰਘਰਸ਼ ਮਹਾਂ ਰੈਲੀ’ ਵਿੱਚ ਮੁਕੇਰੀਆਂ ਹਲਕੇ ਤੋਂ ਰਿਕਾਰਡ ਤੋੜ ਇਕੱਠ ਪੁੱਜੇਗਾ। ਉਨ੍ਹਾਂ ਕਿਹਾ ਕਿ ਕਾਂਗਰਸ ਪਾਰਟੀ ਹਮੇਸ਼ਾ ਗਰੀਬ, ਮਜ਼ਦੂਰ ਅਤੇ ਕਿਸਾਨ ਵਰਗ ਦੀ ਹਮਾਇਤ ਲਈ ਡਟ ਕੇ ਖੜ੍ਹੀ ਰਹੀ ਹੈ ਅਤੇ ਇਸ ਰੈਲੀ ਰਾਹੀਂ ਲੋਕਾਂ ਦੀ ਆਵਾਜ਼ ਨੂੰ ਹੋਰ ਮਜ਼ਬੂਤੀ ਮਿਲੇਗੀ। ਮਨਰੇਗਾ ਵਰਗੀਆਂ ਸਕੀਮਾਂ ਦੇਸ਼ ਦੇ ਲੱਖਾਂ ਪਰਿਵਾਰਾਂ ਲਈ ਜੀਵਨ ਜਿਉਣ ਦਾ ਸਹਾਰਾ ਹਨ ਤੇ ਕਾਂਗਰਸ ਪਾਰਟੀ ਕਦੇ ਵੀ ਲੋਕ ਵਿਰੋਧੀ ਨੀਤੀਆਂ ਨੂੰ ਕਾਮਯਾਬ ਨਹੀਂ ਹੋਣ ਦੇਵੇਗੀ। ਪੰਜਾਬ ਦੀ ਧਰਤੀ ਹਮੇਸ਼ਾ ਸੰਘਰਸ਼ਾਂ ਦੀ ਧਰਤੀ ਰਹੀ ਹੈ ਅਤੇ ਇਥੋਂ ਦੀ ਜਨਤਾ ਆਪਣੇ ਹੱਕਾਂ ਲਈ ਇਕਜੁੱਟ ਹੋ ਕੇ ਲੜਨਾ ਜਾਣਦੀ ਹੈ। ਮੁਕੇਰੀਆਂ ਦੇ ਵਰਕਰਾਂ ਵਿੱਚ ਜੋਸ਼ ਅਤੇ ਇਕਜੁੱਟਤਾ ਦੇਖ ਕੇ ਇਹ ਸਪੱਸ਼ਟ ਹੈ ਕਿ ਆਉਣ ਵਾਲੇ ਸਮੇਂ ਵਿੱਚ ਕਾਂਗਰਸ ਹੋਰ ਮਜ਼ਬੂਤ ਹੋਵੇਗੀ। ਸਾਬੀ ਨੇ ਸੱਤਾਧਾਰੀ ਪਾਰਟੀਆਂ ਉੱਤੇ ਨਿਸ਼ਾਨਾ ਸਾਧਦਿਆਂ ਕਿਹਾ ਕਿ ਚੋਣਾਂ ਨੇੜੇ ਆਉਂਦਿਆਂ ਹੀ ਮੌਜੂਦਾ ਕੇਂਦਰ ਅਤੇ ਰਾਜ ਸਰਕਾਰਾਂ ਵੱਲੋਂ ਰਾਸ਼ਨ ਕਿੱਟਾਂ ਅਤੇ ਹੋਰ ਲਾਲਚੀ ਐਲਾਨ ਕੀਤੇ ਜਾ ਰਹੇ ਹਨ, ਪਰ ਇਹ ਕਦਮ ਸਿਰਫ਼ ਵੋਟਾਂ ਲਈ ਹੁੰਦੇ ਹਨ, ਲੋਕ-ਹਿੱਤ ਲਈ ਨਹੀਂ। ਉਨ੍ਹਾਂ ਕੇਂਦਰ ਦੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਗਵਾਈ ਸਰਕਾਰ ‘ਤੇ ਤਿੱਖਾ ਹਮਲਾ ਕਰਦੇ ਹੋਏ ਕਿਹਾ ਕਿ ਮਨਰੇਗਾ ਸਕੀਮ ਨੂੰ ਕਮਜ਼ੋਰ ਕਰਕੇ ਦੇਸ਼ ਦੇ ਮਜ਼ਦੂਰਾਂ ਨੂੰ ਬੇਰੁਜ਼ਗਾਰੀ ਵੱਲ ਧੱਕਿਆ ਜਾ ਰਿਹਾ ਹੈ।