‘ਆਪ’ ਸਰਕਾਰ ਨੇ ਸੂਬੇ ਨੂੰ ਬਰਬਾਦੀ ਦੇ ਕੰਢੇ ਲਿਆਂਦਾ : ਐੱਨਕੇ ਸ਼ਰਮਾ
ਪੰਜਾਬ ਕਿਸੇ ਵੀ ਵੇਲੇ ਹੋ ਸਕਦਾ ਹੈ ਦਿਵਾਲੀਆ, ‘ਆਪ’ ਸਰਕਾਰ ਨੇ ਸੂਬੇ ਨੂੰ ਬਰਬਾਦੀ ਦੇ ਕੰਢੇ ਲਿਆਂਦਾ: ਐਨ ਕੇ ਸ਼ਰਮਾ
Publish Date: Thu, 26 Feb 2026 05:22 PM (IST)
Updated Date: Fri, 27 Feb 2026 04:05 AM (IST)

ਕਿਹਾ- ਪੰਜਾਬ ਕਿਸੇ ਵੀ ਵੇਲੇ ਹੋ ਸਕਦਾ ਹੈ ਦਿਵਾਲੀਆ ਸੰਜੀਵ ਸੂਦ, ਪੰਜਾਬੀ ਜਾਗਰਣ, ਹੁਸ਼ਿਆਰਪੁਰ : ਸ਼੍ਰੋਮਣੀ ਅਕਾਲੀ ਦਲ (ਬਾਦਲ) ਦੇ ਉਦਯੋਗ ਅਤੇ ਵਪਾਰ ਵਿੰਗ ਦੀ ਪੰਜਾਬ ਪੱਧਰੀ ਕੋਰ ਕਮੇਟੀ ਦੀ ਵਿਸ਼ੇਸ਼ ਮੀਟਿੰਗ ਅੱਜ ਇੱਥੇ ਆਯੋਜਿਤ ਕੀਤੀ ਗਈ। ਮੀਟਿੰਗ ਵਿੱਚ ਵਿੰਗ ਦੇ ਸੂਬਾ ਪ੍ਰਧਾਨ ਐਨ ਕੇ ਸ਼ਰਮਾ ਅਤੇ ਪਾਰਟੀ ਦੇ ਕੌਮੀ ਮੀਤ ਪ੍ਰਧਾਨ ਸੰਜੀਵ ਤਲਵਾੜ ਸਮੇਤ ਸੂਬੇ ਭਰ ਤੋਂ ਅਹੁਦੇਦਾਰਾਂ ਅਤੇ ਵਰਕਰਾਂ ਨੇ ਭਾਗ ਲਿਆ। ਇਸ ਦੌਰਾਨ ਮੌਜੂਦਾ ਹਾਲਾਤਾਂ, ਪਾਰਟੀ ਦੀਆਂ ਨੀਤੀਆਂ, ਵਿਜ਼ਨ ਦਸਤਾਵੇਜ਼ ਅਤੇ ਆਉਣ ਵਾਲੀ ਜਥੇਬੰਦੀ ਸੰਰਚਨਾ ਬਾਰੇ ਵਿਚਾਰ-ਵਟਾਂਦਰਾ ਕੀਤਾ ਗਿਆ। ਮੀਟਿੰਗ ਤੋਂ ਪਹਿਲਾਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਐਨ ਕੇ ਸ਼ਰਮਾ ਨੇ ਕਿਹਾ ਕਿ ਪੰਜਾਬ ਦੇ ਵਿੱਤੀ, ਸਮਾਜਿਕ ਅਤੇ ਕਾਨੂੰਨ-ਵਿਵਸਥਾ ਦੇ ਹਾਲਾਤ ਚਿੰਤਾਜਨਕ ਹਨ। ਉਨ੍ਹਾਂ ਦੋਸ਼ ਲਾਇਆ ਕਿ ਮੌਜੂਦਾ ਸਰਕਾਰ ਦੇ ਦੌਰਾਨ ਵਪਾਰੀ, ਉਦਯੋਗਪਤੀ, ਕਿਸਾਨ, ਮਜ਼ਦੂਰ ਅਤੇ ਕਰਮਚਾਰੀ ਸਭ ਹੀ ਤਣਾਅ ਹੇਠ ਹਨ। ਉਨ੍ਹਾਂ ਕਿਹਾ ਕਿ ਕਾਨੂੰਨ-ਵਿਵਸਥਾ ਦੀ ਸਥਿਤੀ ਕਥਿਤ ਤੌਰ ਤੇ ਬੇਹੱਦ ਖ਼ਰਾਬ ਹੋ ਚੁੱਕੀ ਹੈ ਅਤੇ ਵਪਾਰੀਆਂ ਨੂੰ ਧਮਕੀਆਂ ਮਿਲ ਰਹੀਆਂ ਹਨ, ਜਿਸ ਕਾਰਨ ਉਦਯੋਗ ਪੰਜਾਬ ਛੱਡ ਕੇ ਹੋਰ ਰਾਜਾਂ ਵੱਲ ਰੁਖ ਕਰ ਰਹੇ ਹਨ। ਸ਼ਰਮਾ ਨੇ ਦਾਅਵਾ ਕੀਤਾ ਕਿ ਅਕਾਲੀ ਦਲ ਦੀ ਸਰਕਾਰ ਦੌਰਾਨ ਪੰਜਾਬ ਵਿੱਚ ਉਦਯੋਗ-ਹਿਤੈਸ਼ੀ ਮਾਹੌਲ ਬਣਾਇਆ ਗਿਆ ਸੀ। ਉਸ ਸਮੇਂ ਬੁਨਿਆਦੀ ਢਾਂਚੇ, ਸੜਕਾਂ ਅਤੇ ਬਿਜਲੀ ਪ੍ਰਬੰਧ ਵਿੱਚ ਸੁਧਾਰ ਹੋਇਆ ਅਤੇ ਕਾਰੋਬਾਰ ਲਈ ਅਨੁਮਤੀਆਂ ਨਿਰਧਾਰਤ ਸਮੇਂ ਅੰਦਰ ਜਾਰੀ ਕੀਤੀਆਂ ਜਾਂਦੀਆਂ ਸਨ। ਉਨ੍ਹਾਂ ਕਿਹਾ ਕਿ ਉਸ ਦੌਰ ਵਿੱਚ ਪੰਜਾਬ ਕਾਰੋਬਾਰ ਸਹੂਲਤ ਦੇ ਮਾਮਲੇ ਵਿੱਚ ਦੇਸ਼ ਦੇ ਮੋਹਰੀ ਰਾਜਾਂ ਵਿੱਚ ਸ਼ਾਮਲ ਸੀ। ਉਨ੍ਹਾਂ ਆਰੋਪ ਲਗਾਇਆ ਕਿ ਮੌਜੂਦਾ ਸਰਕਾਰ ਦੇ ਸਮੇਂ ਪੰਜਾਬ ਉੱਤੇ ਕਰਜ਼ਾ ਕਾਫੀ ਵੱਧ ਗਿਆ ਹੈ ਅਤੇ ਕਰਜ਼ਾ-ਜੀਡੀਪੀ ਅਨੁਪਾਤ 50 ਫੀਸਦੀ ਤੋਂ ਉੱਪਰ ਪਹੁੰਚ ਚੁੱਕਾ ਹੈ, ਜਿਸ ਨਾਲ ਸੂਬੇ ਨੂੰ ਕਿਸੇ ਵੀ ਵੇਲੇ ਦਿਵਾਲੀਆ ਘੋਸ਼ਿਤ ਕਰਨ ਦੀ ਨੌਬਤ ਆ ਸਕਦੀ ਹੈ। ਉਨ੍ਹਾਂ ਕਿਹਾ ਕਿ ਅਕਾਲੀ ਦਲ ਦੇ ਸ਼ਾਸਨ ਦੌਰਾਨ ਇਹ ਅਨੁਪਾਤ 29 ਤੋਂ 31 ਫੀਸਦੀ ਦਰਮਿਆਨ ਸੀ। ਕਿਸਾਨਾਂ ਦੇ ਮੁੱਦਿਆਂ ਤੇ ਬੋਲਦਿਆਂ ਉਨ੍ਹਾਂ ਕਿਹਾ ਕਿ ਅਕਾਲੀ ਦਲ ਦੀ ਸਰਕਾਰ ਨੇ ਹੀ ਕਿਸਾਨਾਂ ਨੂੰ ਬਿਜਲੀ ਬਿੱਲਾਂ ਵਿੱਚ ਰਾਹਤ ਦਿੱਤੀ ਅਤੇ ਖੇਤੀਬਾੜੀ ਲਈ ਸਹੂਲਤਾਂ ਪ੍ਰਦਾਨ ਕੀਤੀਆਂ। ਉਨ੍ਹਾਂ ਦਾਅਵਾ ਕੀਤਾ ਕਿ ਮੌਜੂਦਾ ਸਮੇਂ ਕਿਸਾਨਾਂ ਨੂੰ ਖਾਦ ਅਤੇ ਹੋਰ ਜ਼ਰੂਰੀ ਸਾਮੱਗਰੀ ਸਮੇਂ ਸਿਰ ਨਹੀਂ ਮਿਲ ਰਹੀ। ਮੁੱਖ ਮੰਤਰੀ ਭਗਵੰਤ ਮਾਨ ਤੇ ਨਿਸ਼ਾਨਾ ਸਾਧਦਿਆਂ ਸ਼ਰਮਾ ਨੇ ਕਿਹਾ ਕਿ ਪੰਜਾਬ ਸਰਕਾਰ ਦਾ ਪ੍ਰਸ਼ਾਸਨ ਤੇ ਕੋਈ ਕੰਟਰੋਲ ਨਹੀਂ ਰਿਹਾ। ਉਨ੍ਹਾਂ ਕਿਹਾ ਕਿ ਦਿੱਲੀ ਤੋਂ ਅਰਵਿੰਦ ਕੇਜਰੀਵਾਲ ਅਤੇ ਆਪ ਦੇ ਹੋਰ ਆਗੂ ਪੰਜਾਬ ਦੀ ਸੱਤਾ ਕਥਿਤ ਤੌਰ ਤੇ ਚਲਾ ਰਹੇ ਹਨ। ਉਨ੍ਹਾਂ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੀ ਅਗਵਾਈ ਵਿੱਚ ਵਿੱਚ 40 ਰੈਲੀਆਂ ਰਾਹੀਂ ਸਰਕਾਰ ਦੀਆਂ ਨਾਕਾਮੀਆਂ ਨੂੰ ਜਨਤਾ ਵਿੱਚ ਨੰਗਾ ਕਰਨ ਦਾ ਐਲਾਨ ਵੀ ਕੀਤਾ। ਉਨ੍ਹਾਂ ਸਪੱਸ਼ਟ ਕੀਤਾ ਕਿ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਵਲੋਂ ਲਗਾਤਾਰ ਪੰਜਾਬ ਵਿਚ ਖ਼ੁੱਸੇ ਵੋਟ ਬੈਂਕ ਨੂੰ ਮੁੜ ਆਪਣੇ ਨਾਲ ਜੋੜਨ ਲਈ ਮਿਹਨਤ ਕੀਤੀ ਜਾ ਰਹੀ ਹੈ ਜਿਸ ਦੇ ਸਿੱਟੇ ਵੀ ਨਿੱਕਲਣੇ ਸ਼ੁਰੂ ਹੋ ਗਏ ਹਨ। ਪਾਰਟੀ ਨੂੰ ਛੱਡ ਕੇ ਜਾਣ ਵਾਲੇ ਨਾ ਸਿਰਫ਼ ਆਗੂ ਬਲਕਿ ਵੋਟਰ ਵੀ ਮੁੜ ਅਕਾਲੀ ਦਲ ਵਿਚ ਆਏ ਹਨ ਜਿਸ ਦੇ ਨਤੀਜੇ ਅਗਲੀਆਂ ਵਿਧਾਨ ਸਭਾ ਚੋਣਾਂ ਵਿਚ ਨਿਕਲਣੇ ਯਕੀਨੀ ਹੋ ਗਏ ਹਨ। ਇਸ ਮੌਕੇ ਜਤਿੰਦਰ ਸਿੰਘ ਲਾਲੀ ਬਾਜਵਾ, ਲਖਵਿੰਦਰ ਸਿੰਘ ਲੱਖੀ, ਸੋਹਨ ਸਿੰਘ ਠੰਡਲ, ਇਕਬਾਲ ਸਿੰਘ ਗੋਪੀ, ਸੰਤੋਖ ਔਜਲਾ, ਭੁਪਿੰਦਰ ਸਿੰਘ ਮਹਿੰਦੀਪੁਰ, ਗੋਪਾਲ ਸ਼ਰਮਾ ਜਨਰਲ ਸਕੱਤਰ, ਅਸ਼ੋਕ ਮੱਕੜ, ਹਰਜੀਤ ਸਿੰਘ, ਜਸਪਾਲ ਸਿੰਘ ਬਿੱਟੂ ਚੱਠਾ, ਚਰਨਦੀਪ ਸਿੰਘ ਚੰਨੀ, ਕੁਲਜੀਤ ਸਿੰਘ ਲੱਕੀ, ਦਿਲਾਵਰ ਸਿੰਘ ਬਲਾਚੌਰ, ਕਰਨ ਕੌਰਾ, ਗੁਰਕਿਰਪਾਲ ਸੰਧੂ, ਇਕਬਾਲ ਸਿੰਘ, ਅਮ੍ਰਿਤਪਾਲ ਸਿੰਘ, ਅਸ਼ੋਕ ਮਲਹੋਤਰਾ, ਅਜੇ ਕੁਮਾਰ, ਹਰਜੀਤ ਸਿੰਘ ਪੰਨੂੰ, ਸੁਮੇਰ ਸੀਤਾ ਅਤੇ ਪਰਦੀਪ ਸਿੰਘ ਸਮੇਤ ਵੱਡੀ ਗਿਣਤੀ ਵਿੱਚ ਵਪਾਰ ਅਤੇ ਟਰੇਡ ਵਿੰਗ ਨਾਲ ਸੰਬੰਧਿਤ ਆਗੂ ਮੌਜੂਦ ਸਨ।