ਗੰਨੇ ਦੀ ਬਕਾਇਆ ਰਾਸ਼ੀ ਨਹੀਂ ਹੋਈ ਜਾਰੀ : ਚੌਹਾਨ
ਗੰਨੇ ਦੀ ਕਰੋੜਾਂ ਰੁਪਏ ਦੀ ਬਕਾਇਆ ਰਾਸ਼ੀ ਨਹੀਂ ਹੋਈ ਜਾਰੀ " ਜੰਗਵੀਰ ਚੌਹਾਨ "
Publish Date: Thu, 26 Feb 2026 05:19 PM (IST)
Updated Date: Fri, 27 Feb 2026 04:05 AM (IST)

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਟਾਂਡਾ ਉੜਮੁੜ: ਸੂਬਾ ਸਰਕਾਰ ਨੇ ਕਿਸਾਨਾਂ ਨੂੰ ਗੰਨੇ ਦਾ ਪਿਛਲੇ ਦੋ ਸਾਲਾਂ ਦਾ ਕਰੋੜਾਂ ਰੁਪਏ ਦਾ ਬਕਾਇਆ ਅਜੇ ਤੱਕ ਜਾਰੀ ਨਹੀਂ ਕੀਤਾ, ਜੋ ਬਹੁਤ ਹੀ ਮੰਦਭਾਗਾ ਹੈ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਦੋਆਬਾ ਕਿਸਾਨ ਕਮੇਟੀ ਪੰਜਾਬ ਦੇ ਸੂਬਾ ਪ੍ਰਧਾਨ ਜੰਗਵੀਰ ਸਿੰਘ ਚੌਹਾਨ ਨੇ ਪੱਤਰਕਾਰਾਂ ਨੂੰ ਇਕ ਪ੍ਰੈਸਨੋਟ ਜਾਰੀ ਕਰਦੇ ਹੋਏ ਕੀਤਾ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਦੇ ਅਧਿਕਾਰੀਆ ਐੱਸਡੀਐੱਮ ਤੇ ਡੀਐੱਸਪੀ ਮੁਕੇਰੀਆ ਨਾਲ ਕਿਸਾਨਾਂ ਦੀ ਇੱਕ ਮੀਟਿੰਗ 10 ਫਰਵਰੀ ਨੂੰ ਹੋਈ ਸੀ, ਜਿਸ ਦੌਰਾਨ ਦੋਨੋਂ ਅਧਿਕਾਰੀਆ ਨੇ ਭਰੋਸਾ ਦਿੱਤਾ ਸੀ ਕਿ ਜੋ ਪੰਜਾਬ ਸਰਕਾਰ ਵੱਲੋਂ ਕਿਸਾਨਾਂ ਦੀ ਗੰਨੇ ਦੀ ਪਿਛਲੇ ਸਾਲ ਦੀ ਸਬਸਿਡੀ, ਜੋ ਮੁਕੇਰੀਆ ਮਿੱਲ ਦੀ ਕਰੀਬ ਪੰਜ ਕਰੋੜ ਰੁਪਏ ਹੈ, ਉਹ ਦੋ ਹਫਤਿਆਂ ’ਚ ਕਿਸਾਨਾਂ ਦੇ ਖਾਤਿਆਂ ਵਿੱਚ ਆ ਜਾਵੇਗੀ ਪਰ ਅੱਜ 2 ਹਫ਼ਤੇ ਬਾਅਦ ਵੀ ਪੇਮੈਂਟ ਪੰਜਾਬ ਸਰਕਾਰ ਵੱਲੋਂ ਜਾਰੀ ਨਹੀਂ ਹੋਈ। ਪੰਜਾਬ ਸਰਕਾਰ ਵੱਲੋਂ ਸਾਲ 2024 ਤੇ ਸਾਲ 2025 ਵਿੱਚ ਕਿਸਾਨਾਂ ਨੂੰ ਗੰਨੇ ਤੇ 61 ਰੁਪਏ ਸਬਸਿਡੀ ਦੇਣ ਦਾ ਐਲਾਨ ਕੀਤਾ ਸੀ ਪਰ ਸਰਕਾਰ ਕਿਸਾਨਾਂ ਨੂੰ ਉਨ੍ਹਾਂ ਦੇ ਬਕਾਇਆ ਰਾਸ਼ੀ ਦੇਣ ਵਿੱਚ ਨਾਕਾਮਯਾਬ ਰਹੀ ਹੈ। ਸਰਕਾਰ ਦੀਆ ਇਨ੍ਹਾਂ ਮਾੜੀਆਂ ਕਿਸਾਨ ਮਾਰੂ ਨੀਤੀਆਂ ਕਾਰਨ ਹੀ ਕਿਸਾਨਾਂ ਨੇ ਗੰਨੇ ਦੀ ਫ਼ਸਲ ਹੇਠ ਰਕਬਾ ਘਟਾ ਦਿੱਤਾ, ਖੰਡ ਮਿੱਲਾਂ ’ਚ ਇਸ ਵਾਰ ਵੀ ਗੰਨੇ ਦੀ ਕਮੀ ਕਾਰਨ ਖੰਡ ਮਿੱਲਾਂ ’ਚ ਗੰਨਾ ਬਹੁਤ ਘੱਟ ਆ ਰਿਹਾ ਹੈ। ਦਿਨੋ-ਦਿਨ ਕਿਸਾਨ ਗੰਨੇ ਦੀ ਫਸਲ ਤੋ ਮੂੰਹ ਮੋੜ ਰਹੇ ਹਨ। ਸੂਬਾ ਪ੍ਰਧਾਨ ਜੰਗਵੀਰ ਸਿੰਘ ਚੌਹਾਨ ਨੇ ਕਿਹਾ ਕਿ ਪੰਜਾਬ ਸਰਕਾਰ ਦੇ ਅਧਿਕਾਰੀਆ ਨੇ 26 ਫਰਬਰੀ ਤੱਕ ਦਾ ਸਮਾਂ ਮੰਗਿਆ ਸੀ ਪਰ ਸਰਕਾਰ ਦੇ ਅਧਿਕਾਰੀ ਅਸਮਰਥ ਰਹੇ, ਹੁਣ ਜਥੇਬੰਦੀ ਵੱਲੋਂ ਜਲਦ ਹੀ ਰੂਪਰੇਖਾ ਤਿਆਰ ਕਰਕੇ ਨੈਸ਼ਨਲ ਹਾਈਵੇ ਜਾਮ ਕੀਤਾ ਜਾਵੇਗਾ ਜਿਸ ਦੀ ਸਾਰੀ ਜ਼ਿੰਮੇਵਾਰੀ ਪ੍ਰਸਾਸ਼ਨ ਦੀ ਹੋਵੇਗੀ ।