ਕੌਮੀ ਵਿਗਿਆਨ ਦਿਵਸ ਉਤਸ਼ਾਹ ਨਾਲ ਮਨਾਇਆ
ਐੱਸਪੀਐੱਨ ਕਾਲਜ਼ ਵਿਖੇ ਕੌਮੀ ਵਿਗਿਆਨ ਦਿਵਸ ਉਤਸ਼ਾਹ ਨਾਲ ਮਨਾਇਆ
Publish Date: Thu, 26 Feb 2026 05:03 PM (IST)
Updated Date: Fri, 27 Feb 2026 04:05 AM (IST)

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਮੁਕੇਰੀਆਂ : ਸਵਾਮੀ ਪ੍ਰੇਮਾਨੰਦ ਮਹਾਂਵਿਦਿਆਲਿਆ (ਐੱਸਪੀਐੱਨ ਕਾਲਜ਼) ਮੁਕੇਰੀਆਂ ਦੇ ਵਿਗਿਆਨ ਵਿਭਾਗ ਵੱਲੋਂ ਕੌਮੀ ਵਿਗਿਆਨ ਦਿਵਸ 2026 ਉਤਸ਼ਾਹ ਨਾਲ ਮਨਾਇਆ ਗਿਆ। ਇਸ ਸਮੇਂ ਕਰਵਾਏ ਮੁਕਾਬਲਿਆਂ ਅਧੀਨ ਪੋਸਟਰ ਬਣਾਉਣਾ, ਮਾਡਲ ਬਣਾਉਣਾ, ਕੁਇਜ਼, ਭਾਸ਼ਣ ਅਤੇ ਪਾਵਰ ਪੁਆਇੰਟ ਪ੍ਰਸਤੁਤੀ ਮੁਕਾਬਲੇ ਕਰਵਾਏ ਗਏ। ਇਨ੍ਹਾਂ ਮੁਕਾਬਲਿਆਂ ਵਿੱਚ ਹੁਸ਼ਿਆਰਪੁਰ ਜ਼ਿਲ੍ਹੇ ਦੇ ਵੱਖ-ਵੱਖ ਕਾਲਜਾਂ ਤੋ ਆਏ ਵਿਦਿਆਰਥੀਆਂ ਨੇ ਭਾਗ ਲਿਆ ਅਤੇ ਆਪਣੀ ਗਿਆਨਮਈ ਕੁਸ਼ਲਤਾ ਦਾ ਪ੍ਰਭਾਵਸ਼ਾਲੀ ਪ੍ਰਦਰਸ਼ਨ ਕੀਤਾ। ਕਾਲਜ ਦੇ ਵਿਹੜੇ ਵਿੱਚ ਉਸਾਰੂ ਵਿਚਾਰਾਂ ਦਾ ਅਤੇ ਸਿਹਤਮੰਦ ਸਿੱਖਿਅਕ ਮੁਕਾਬਲਿਆਂ ਦਾ ਮਾਹੌਲ ਦੇਖਣ ਨੂੰ ਮਿਲਿਆ। ਇਸ ਸਮੇਂ ਪ੍ਰਿੰਸੀਪਲ ਡਾ. ਸਮੀਰ ਸ਼ਰਮਾ ਨੇ ਪ੍ਰੋਗਰਾਮ ਵਿੱਚ ਪੁੱਜੇ ਮੁੱਖ ਮਹਿਮਾਨ ਪ੍ਰਬੰਧਕੀ ਕਮੇਟੀ ਦੇ ਸਕੱਤਰ ਸੰਜੀਵ ਆਨੰਦ ਅਤੇ ਵਿਸ਼ੇਸ਼ ਮਹਿਮਾਨ ਆਡੀਟਰ ਡਾ. ਰਾਜੇਸ਼ ਲਖਨਪਾਲ ਦਾ ਨਿੱਘਾ ਸਵਾਗਤ ਕੀਤਾ। ਆਪਣੇ ਸੰਬੋਧਨ ਵਿੱਚ ਉਨ੍ਹਾਂ ਨੇ ਕੌਮੀ ਵਿਗਿਆਨ ਦਿਵਸ ‘ਤੇ ਅੰਤਰ-ਕਾਲਜ਼ ਮੁਕਾਬਲਿਆਂ ਦੇ ਆਯੋਜਨ ਦੀ ਮਹੱਤਤਾ ਉਜਾਗਰ ਕਰਦਿਆਂ ਕਿਹਾ ਕਿ ਅਜਿਹੇ ਮੰਚ ਵਿਦਿਆਰਥੀਆਂ ’ਚ ਵਿਗਿਆਨਕ ਜਿਗਿਆਸਾ, ਆਲੋਚਨਾਤਮਕ ਸੋਚ ਅਤੇ ਸਹਿਯੋਗਾਤਮਕ ਅਧਿਐਨ ਨੂੰ ਵਿਕਸਤ ਕਰਦੇ ਹਨ। ਡਾ. ਰਾਜੇਸ਼ ਲਖਨਪਾਲ ਨੇ ਕੌਮੀ ਵਿਗਿਆਨ ਦਿਵਸ ਦੇ ਮਹੱਤਵ ’ਤੇ ਵਿਸਥਾਰ ਨਾਲ ਚਰਚਾ ਕਰਦੇ ਹੋਏ ਰਾਸ਼ਟਰੀ ਵਿਕਾਸ ਅਤੇ ਸਮਾਜਿਕ ਤਰੱਕੀ ਵਿੱਚ ਵਿਗਿਆਨ ਦੀ ਭੂਮਿਕਾ ਉਜਾਗਰ ਕੀਤੀ। ਉਨ੍ਹਾਂ ਨੇ ਵਿਦਿਆਰਥੀਆਂ ਨੂੰ ਸਮਕਾਲੀ ਚੁਣੌਤੀਆਂ ਦਾ ਹੱਲ ਵਿਗਿਆਨਕ ਸੋਚ ਨਾਲ ਕਰਨ ਲਈ ਪ੍ਰੇਰਿਤ ਕੀਤਾ। ਮੁੱਖ ਮਹਿਮਾਨ ਸੰਜੀਵ ਆਨੰਦ ਨੇ ਆਯੋਜਕ ਕਮੇਟੀ ਦੇ ਯਤਨਾਂ ਅਤੇ ਭਾਗੀਦਾਰਾਂ ਦੀ ਨਵੀਨ ਸੋਚ ਦੀ ਪ੍ਰਸ਼ੰਸਾ ਕੀਤੀ। ਉਨ੍ਹਾਂ ਨੇ ਕਿਹਾ ਕਿ ਦੇਸ਼ ਦਾ ਭਵਿੱਖ ਵਿਗਿਆਨਕ ਸੋਚ ਨੂੰ ਸਮਰਪਿਤ ਨੌਜਵਾਨਾਂ ਦੇ ਹੱਥਾਂ ਵਿੱਚ ਹੈ ਅਤੇ ਉਨ੍ਹਾਂ ਨੇ ਨਵੀਨ ਵਿਚਾਰਾਂ ਨਾਲ ਵਿਦਿਆਰਥੀਆਂ ਨੂੰ ਹਮੇਸ਼ਾ ਆਪਣੇ ਖੇਤਰ ਵਿੱਚ ਉੱਤਮਤਾ ਹਾਸਲ ਕਰਨ ਲਈ ਪ੍ਰੇਰਿਤ ਕੀਤਾ। ਇਸ ਪ੍ਰੋਗਰਾਮ ਦਾ ਆਯੋਜਨ ਉਪ-ਪ੍ਰਿੰਸੀਪਲ ਅਤੇ ਭੌਤਿਕ ਵਿਭਾਗ ਦੇ ਮੁੱਖੀ ਡਾ. ਅਰੁਣ ਕੁਮਾਰ ਅਤੇ ਪ੍ਰੋ. ਨਾਰਾਇਣ ਸਿੰਘ ਵੱਲੋਂ ਸਾਂਝੇ ਯਤਨਾਂ ਨਾਲ ਕੀਤਾ ਗਿਆ। ਮੰਚ ਸੰਚਾਲਨ ਦਾ ਕਾਰਜ ਡਾ. ਗੁਰਪ੍ਰੀਤ ਕੌਰ ਨੇ ਸਫ਼ਲਤਾਪੂਰਵਕ ਨਿਭਾਇਆ।