ਖਾਲਸਾ ਕਾਲਜ ਮਾਹਿਲਪੁਰ ’ਚ 3 ਰੋਜ਼ਾ ਪੁਸਤਕ ਤੇ ਕਲਾ ਉਤਸਵ
ਖਾਲਸਾ ਕਾਲਜ ਮਾਹਿਲਪੁਰ ਵਿੱਚ ਤਿੰਨ ਰੋਜ਼ਾ ਪੁਸਤਕ ਅਤੇ ਕਲਾ ਉਤਸਵ
Publish Date: Thu, 26 Feb 2026 04:59 PM (IST)
Updated Date: Fri, 27 Feb 2026 04:05 AM (IST)

ਐੱਮਪੀ ਮਲਵਿੰਦਰ ਸਿੰਘ ਕੰਗ ਨੇ ਕੀਤਾ ਉਦਘਾਟਨ ਸਤਨਾਮ ਲੋਈ, ਪੰਜਾਬੀ ਜਾਗਰਣ, ਮਾਹਿਲਪੁਰ: ਸਿੱਖ ਐਜੂਕੇਸ਼ਨਲ ਕੌਂਸਲ ਦੀ ਅਗਵਾਈ ਹੇਠ ਚੱਲ ਰਹੇ ਇੱਥੋਂ ਦੇ ਸ੍ਰੀ ਗੁਰੂ ਗੋਬਿੰਦ ਸਿੰਘ ਖਾਲਸਾ ਕਾਲਜ ਮਾਹਿਲਪੁਰ ਦੇ ਪੋਸਟ ਗਰੈਜੂਏਟ ਪੰਜਾਬੀ ਵਿਭਾਗ ਵਲੋਂ ਕਰਵਾਏ ਜਾ ਰਹੇ ਤਿੰਨ ਰੋਜ਼ਾ ਪੁਸਤਕ ਮੇਲਾ ਅਤੇ ਕਲਾ ਉਤਸਵ ਉਤਸ਼ਾਹ ਨਾਲ ਆਰੰਭ ਹੋ ਗਿਆ। ਇਸ ਮੌਕੇ ਉਦਘਾਟਨੀ ਸੈਸ਼ਨ ਵਿੱਚ ਮੈਂਬਰ ਪਾਰਲੀਮੈਂਟ ਮਲਵਿੰਦਰ ਸਿੰਘ ਕੰਗ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ ਜਦਕਿ ਪ੍ਰਧਾਨਗੀ ਮੰਡਲ ਵਿੱਚ ਕੌਂਸਲ ਦੇ ਪ੍ਰਧਾਨ ਸੰਤ ਸਾਧੂ ਸਿੰਘ ਕਹਾਰਪੁਰ, ਮੈਨੇਜਰ ਇੰਦਰਜੀਤ ਸਿੰਘ ਭਾਰਟਾ, ਸਕੱਤਰ ਪ੍ਰੋ ਅਪਿੰਦਰ ਸਿੰਘ ਅਤੇ ਸੀਨੀਅਰ ਮੀਤ ਪ੍ਰਧਾਨ ਗੁਰਪ੍ਰੀਤ ਸਿੰਘ ਬੈਂਸ ਹਾਜ਼ਰ ਹੋਏ। ਕਾਲਜ ਦੇ ਪਿ੍ਰੰਸੀਪਲ ਡਾ ਪਰਵਿੰਦਰ ਸਿੰਘ ਨੇ ਸਵਾਗਤੀ ਸ਼ਬਦ ਸਾਂਝੇ ਕੀਤੇ ਅਤੇ ਕਾਲਜ ਦੀਆਂ ਪ੍ਰਾਪਤੀਆਂ ਬਾਰੇ ਦੱਸਦਿਆਂ ਵਿਦਿਆਰਥੀਆਂ ਨੂੰ ਪੁਸਤਕਾਂ ਤੇ ਕਲਾ ਪ੍ਰਦਰਸ਼ਨੀਆਂ ਨਾਲ ਜੁੜਨ ਦਾ ਸੱਦਾ ਦਿੱਤਾ। ਐੱਮਪੀ ਮਲਵਿੰਦਰ ਸਿੰਘ ਕੰਗ ਨੇ ਪ੍ਰਬੰਧਕਾਂ ਨੂੰ ਇਸ ਪੁਸਤਕ ਮੇਲੇ ਦੇ ਆਯੋਜਨ ਲਈ ਸ਼ਲਾਘਾ ਕੀਤੀ। ਉਨ੍ਹਾਂ ਵਿਦਿਆਰਥੀਆਂ ਨੂੰ ਪੁਸਤਕ ਸਭਿਆਚਾਰ ਨਾਲ ਜੁੜਨ ਅਤੇ ਸਮਾਜ ਸੇਵਾ ਵਿੱਚ ਵੱਧ ਚੜ੍ਹ ਕੇ ਹਿੱਸਾ ਪਾਉਣ ਦੀ ਪ੍ਰੇਰਨਾ ਦਿੱਤੀ। ਉਨ੍ਹਾਂ ਆਪਣੇ ਅਖਤਿਆਰੀ ਫੰਡ ਵਿੱਚੋਂ ਪੰਜ ਲੱਖ ਰੁਪਏ ਦੀ ਰਾਸ਼ੀ ਕਾਲਜ ਪ੍ਰਬੰਧਕਾਂ ਨੂੰ ਦੇਣ ਦਾ ਐਲਾਨ ਕੀਤਾ। ਸਮਾਰੋਹ ਦੇ ਮੁੱਖ ਵਕਤਾ ਵਜੋਂ ਹਾਜ਼ਰ ਪ੍ਰਸਿੱਧ ਕਹਾਣੀਕਾਰ ਵਰਿਆਮ ਸੰਧੂ ਨੇ ਪੰਜਾਬ ਦਾ ਇਨਕਲਾਬੀ ਇਤਿਹਾਸ ਅਤੇ ਯੁਵਾ ਵਰਗ ਵਿਸ਼ੇ ‘ਤੇ ਮੁੱਖ ਭਾਸ਼ਣ ਦਿੱਤਾ। ਉਨ੍ਹਾਂ ਸਾਹਿਤ, ਰਾਜਨੀਤੀ ਅਤੇ ਧਰਮ ਵਿੱਚੋਂ ਮਿਸਾਲਾਂ ਦੇ ਕੇ ਵਿਦਿਆਰਥੀਆਂ ਨੂੰ ਪੰਜਾਬ ਦੇ ਇਨਕਲਾਬੀ ਇਤਿਹਾਸ ਤੋਂ ਵੱਧ ਤੋਂ ਵੱਧ ਸਿੱਖਣ ਦੀ ਪ੍ਰੇਰਨਾ ਦਿੱਤੀ। ਉਨ੍ਹਾਂ ਬਬਰ ਅਕਾਲੀ ਲਹਿਰ ਵਿੱਚ ਮਾਹਿਲਪੁਰ ਖਿੱਤੇ ਦੇ ਯੋਗਦਾਨ ਦੀ ਉਚੇਚੇ ਤੌਰ ਤੇ ਗੱਲ ਕੀਤੀ। ਇਸ ਮੌਕੇ ਪ੍ਰਬੰਧਕਾਂ ਵਲੋਂ ਵਰਿਆਮ ਸੰਧੂ, ਡਾ ਗੋਪਾਲ ਸਿੰਘ ਬੁੱਟਰ ਅਤੇ ਗੁਰਮੀਤ ਸਿੰਘ ਨੂੰ ਵਿਸ਼ੇਸ਼ ਤੌਰ ‘ਤੇ ਸਨਮਾਨਿਤ ਕੀਤਾ ਗਿਆ। ਦਿਨ ਦੇ ਦੂਜੇ ਸੈਸ਼ਨ ਵਿੱਚ ਪ੍ਰੋ ਅਪਿੰਦਰ ਸਿੰਘ ਦੀ ਪੁਸਤਕ ‘ ਧਰਮ ਅਤੇ ਵਿਗਿਆਨ ਅੰਤਰ ਸਬੰਧਤਾ’ ਸਬੰਧੀ ਸੰਵਾਦ ਸਮਾਰੋਹ ਰਚਾਇਆ ਗਿਆ। ਇਸ ਮੌਕੇ ਸੰਤ ਅਮੀਰ ਸਿੰਘ ਜਵੱਦੀ ਮੁੱਖੀ, ਜਵੱਦੀ ਕਲਾ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ ਜਦਕਿ ਸਮਾਰੋਹ ਦੀ ਪ੍ਰਧਾਨਗੀ ਬਾਬਾ ਬਲਵੀਰ ਸਿੰਘ ਜਥੇਦਾਰ ਬੁੱਢਾ ਦਲ ਨੇ ਕੀਤੀ। ਇਸ ਮੌਕੇ ਪੁਸਤਕ ਬਾਰੇ ਲੇਖਕ ਬਲਜਿੰਦਰ ਮਾਨ, ਪ੍ਰੋ ਅਜੀਤ ਲੰਗੇਰੀ, ਡਾ ਹਰੀ ਸਿੰਘ ਜਾਚਕ ਅਤੇ ਇੰਦਰਪਾਲ ਸਿੰਘ ਨੇ ਆਪਣੇ ਵਿਚਾਰ ਪੇਸ਼ ਕੀਤੇ ਅਤੇ ਲੇਖਕ ਨੂੰ ਕਿਤਾਬ ਦੀ ਸਿਰਜਣਾ ‘ਤੇ ਵਧਾਈ ਦਿੱਤੀ। ਸਕੱਤਰ ਪ੍ਰੋ ਅਪਿੰਦਰ ਸਿੰਘ ਨੇ ਧੰਨਵਾਦੀ ਸ਼ਬਦ ਸਾਂਝੇ ਕੀਤੇ। ਤੀਜੇ ਸੈਸ਼ਨ ਵਿੱਚ ਨਾਟ ਕਰਮੀ ਰਾਜਵਿੰਦਰ ਸਮਰਾਲਾ ਨੇ ‘ਰਾਹਾਂ ਵਿੱਚ ਅੰਗਿਆਰ ਬੜੇ ਸੀ’ ਨਾਟਕ ਪੇਸ਼ ਕਰਕੇ ਦਰਸ਼ਕਾਂ ਦਾ ਮਨ ਮੋਹ ਲਿਆ। ਇਸ ਮੌਕੇ ਮੁੱਖ ਮਹਿਮਾਨ ਵਜੋਂ ਸਾਬਕਾ ਐੱਮਪੀ ਅਵਿਨਾਸ਼ ਰਾਏ ਖੰਨਾ, ਸਾਬਕਾ ਮੰਤਰੀ ਸੋਹਣ ਸਿੰਘ ਠੰਡਲ ਅਤੇ ਡਾ ਧਰਮਜੀਤ ਸਿੰਘ ਨੇ ਸ਼ਿਰਕਤ ਕੀਤੀ । ਪ੍ਰਬੰਧਕਾਂ ਵਲੋਂ ਪਤਵੰਤੇ ਸੱਜਣਾਂ ਨੂੰ ਸਨਮਾਨਿਤ ਕੀਤਾ ਗਿਆ। ਇਸ ਮੌਕੇ ਖੇਡ ਪ੍ਰਮੋਟਰ ਕੁਲਵੰਤ ਸਿੰਘ ਸੰਘਾ, ਦਲਜੀਤ ਸਿੰਘ ਸਹੋਤਾ, ਵਰਿਇੰਦਰ ਸ਼ਰਮਾ, ਦਲਜੀਤ ਸਿੰਘ ਬੈਂਸ, ਅਰਵਿੰਦਰ ਸਿੰਘ ਹਵੇਲੀ, ਹਰਭਜਨ ਸਿੰਘ ਚੇੜਾ, ਡਾ ਰੋਹਤਾਂਸ਼, ਵਿਜੇ ਬੰਬੇਲੀ, ਪ੍ਰੋ ਜਗ ਸਿੰਘ, ਪ੍ਰੋ ਸਰਵਣ ਸਿੰਘ, ਸਤਪ੍ਰਕਾਸ਼ ਸੰਘਾ, ਕਪਿਲ ਕੁਮਾਰ ਸ਼ਰਮਾ, ਤਲਵਿੰਦਰ ਹੀਰ, ਜੀਵਨ ਚੰਦੇਲੀ ਆਦਿ ਹਾਜ਼ਰ ਸਨ। ਸੈਸ਼ਨਾਂ ਦੀ ਕਾਰਵਾਈ ਡਾ ਜੇਬੀ ਸੇਖੋਂ, ਪ੍ਰੋ. ਜਸਵਿੰਦਰ ਸਿੰਘ ਅਤੇ ਪ੍ਰੋ ਵਿਕਰਮ ਚੰਦੇਲ ਨੇ ਚਲਾਈ। ਇਸ ਮੌਕੇ ਵੱਖ-ਵੱਖ ਪੁਸਤਕਾਂ ਦੇ ਵਿਕਰੇਤਾਵਾਂ ਵੱਲੋਂ ਕਿਤਾਬਾਂ ਦੀ ਵਿਕਰੀ ਪ੍ਰਦਰਸ਼ਨੀ ਤੇ ਕਲਾ ਦੀਆਂ ਵੱਖ ਵੱਖ ਪ੍ਰਦਰਸ਼ਨੀਆਂ ਲਾਈਆਂ ਗਈਆਂ। ਪੁਸਤਕਾਂ ਦੀ ਖਰੀਦ ਪ੍ਰਤੀ ਵਿਦਿਆਰਥੀਆਂ ’ਚ ਭਾਰੀ ਉਤਸ਼ਾਹ ਰਿਹਾ।