ਮੋਗਾ ਦੀ ‘ਬਦਲਾਅ ਰੈਲੀ’ ’ਚ ਅਮਿਤ ਸ਼ਾਹ ਭਰਨਗੇ ਜੋਸ਼ : ਬਾਜਵਾ
ਮੋਗਾ ਦੀ ‘ਬਦਲਾਅ ਰੈਲੀ’ ’ਚ ਅਮਿਤ ਸ਼ਾਹ ਭਰਨਗੇ ਜੋਸ਼ - ਫਤਹਿ ਜੰਗ ਸਿੰਘ ਬਾਜਵਾ
Publish Date: Thu, 26 Feb 2026 04:51 PM (IST)
Updated Date: Fri, 27 Feb 2026 04:04 AM (IST)

ਮੁਕੇਰੀਆਂ ’ਚ ਭਾਜਪਾ ਨੇ ਮੋਗਾ ਰੈਲੀ ਲਈ ਕੀਤੀ ਲਾਮਬੰਦੀ ਭਾਜਪਾ ਦੀਆਂ ਨੀਤੀਆਂ ਦੇਸ਼ ਨੂੰ ਮਜ਼ਬੂਤੀ ਵੱਲ ਲੈ ਜਾ ਰਹੀਆਂ : ਜੰਗੀ ਲਾਲ ਮਹਾਜਨ ਹਰਮਨਜੀਤ ਸਿੰਘ ਸੈਣੀ, ਪੰਜਾਬੀ ਜਾਗਰਣ, ਮੁਕੇਰੀਆਂ: ਭਾਜਪਾ ਵੱਲੋਂ 14 ਮਾਰਚ ਨੂੰ ਮੋਗਾ ਵਿਖੇ ਵੱਡੀ ਪੱਧਰ ਦੀ ‘ਬਦਲਾਅ ਰੈਲੀ’ ਕਰਵਾਈ ਜਾ ਰਹੀ ਹੈ, ਜਿਸ ਨੂੰ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਵਿਸ਼ੇਸ਼ ਤੌਰ ’ਤੇ ਸੰਬੋਧਨ ਕਰਨਗੇ। ਭਾਜਪਾ ਪੰਜਾਬ ਦੇ ਮੀਤ ਪ੍ਰਧਾਨ ਅਤੇ ਸਾਬਕਾ ਵਿਧਾਇਕ ਫਤਹਿ ਜੰਗ ਸਿੰਘ ਬਾਜਵਾ ਨੇ ਦੱਸਿਆ ਕਿ ਇਸ ਰੈਲੀ ਦੌਰਾਨ ਭਾਜਪਾ ਵੱਲੋਂ ਪੰਜਾਬ ਦੀਆਂ ਅਗਾਮੀ ਵਿਧਾਨ ਸਭਾ ਚੋਣਾਂ 2027 ਦਾ ਬਿਗਲ ਵਜਾਇਆ ਜਾ ਰਿਹਾ ਹੈ ਤੇ ਰੈਲੀ ਦੀ ਤਿਆਰੀਆਂ ਨੂੰ ਲੈ ਕੇ ਭਾਜਪਾ ਵੱਲੋਂ ਪੂਰੀ ਤਾਕਤ ਨਾਲ ਜ਼ਮੀਨੀ ਪੱਧਰ ’ਤੇ ਕੰਮ ਸ਼ੁਰੂ ਕਰ ਦਿੱਤਾ ਗਿਆ ਹੈ। ਮੁਕੇਰੀਆਂ ਤੋਂ ਵਿਧਾਇਕ ਜੰਗੀ ਲਾਲ ਮਹਾਜਨ ਦੇ ਦਫ਼ਤਰ ਵਿੱਚ ਭਾਜਪਾ ਆਗੂਆਂ ਅਤੇ ਕਾਰਕੁੰਨਾਂ ਨਾਲ ਅਹਿਮ ਬੈਠਕ ਕਰਨ ਉਪਰੰਤ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਫਤਹਿ ਜੰਗ ਸਿੰਘ ਬਾਜਵਾ ਨੇ ਦੱਸਿਆ ਕਿ ਇਹ ਰੈਲੀ ਪੰਜਾਬ ਦੀ ਸਿਆਸਤ ਵਿੱਚ ਇੱਕ ਇਤਿਹਾਸਕ ਮੀਲ ਪੱਥਰ ਸਾਬਤ ਹੋਵੇਗੀ। ਉਨ੍ਹਾਂ ਕਿਹਾ ਕਿ ‘ਬਦਲਾਅ ਰੈਲੀ’ ਰਾਹੀਂ ਭਾਜਪਾ ਪੰਜਾਬ ਦੇ ਲੋਕਾਂ ਨੂੰ ਇੱਕ ਨਵਾਂ ਅਤੇ ਮਜ਼ਬੂਤ ਸਿਆਸੀ ਬਦਲ ਦੇਣ ਲਈ ਤਿਆਰ ਹੈ। ਫਤਹਿ ਜੰਗ ਸਿੰਘ ਬਾਜਵਾ ਨੇ ਅੱਗੇ ਕਿਹਾ ਕਿ ਰੈਲੀ ਦੌਰਾਨ ਕੇਂਦਰ ਸਰਕਾਰ ਵੱਲੋਂ ਆਮ ਲੋਕਾਂ ਲਈ ਚਲਾਈਆਂ ਜਾ ਰਹੀਆਂ ਵੱਖ-ਵੱਖ ਲੋਕ-ਹਿਤੈਸ਼ੀ ਯੋਜਨਾਵਾਂ ਬਾਰੇ ਵਿਸਥਾਰ ਨਾਲ ਜਾਣਕਾਰੀ ਦਿੱਤੀ ਜਾਵੇਗੀ। ਉਨ੍ਹਾਂ ਦਾਅਵਾ ਕੀਤਾ ਕਿ ਇਹ ਰੈਲੀ ਸਿਰਫ਼ ਰਾਜਨੀਤਿਕ ਇਕੱਠ ਨਹੀਂ, ਸਗੋਂ ਭਾਜਪਾ ਦੀ ਤਾਕਤ, ਏਕਤਾ ਅਤੇ ਸੰਗਠਨਾਤਮਿਕ ਸਮਰੱਥਾ ਦਾ ਵੱਡਾ ਪ੍ਰਦਰਸ਼ਨ ਹੋਵੇਗੀ। ਅਕਾਲੀ-ਭਾਜਪਾ ਗਠਜੋੜ ਦੀਆਂ ਸੰਭਾਵਨਾਵਾਂ ਦੀਆਂ ਕਿਆਸਆਰੀਆਂ ਨੂੰ ਵਿਰਾਮ ਦਿੰਦੇ ਹੋਏ ਉਨ੍ਹਾਂ ਸਪੱਸ਼ਟ ਕੀਤਾ ਕਿ ਪੰਜਾਬ ਵਿੱਚ ਭਾਜਪਾ ਆਪਣੇ ਦਮ ਉੱਤੇ ਸਾਰੀਆਂ ਸੀਟਾਂ ਤੇ ਚੋਣ ਲੜੇਗੀ। ਇਸ ਸਮੇਂ ਵਿਧਾਇਕ ਜੰਗੀ ਲਾਲ ਮਹਾਜਨ ਨੇ ਕਿਹਾ ਕਿ ਮੁਕੇਰੀਆਂ ਤੋਂ ਭਾਜਪਾ ਆਗੂਆਂ ਅਤੇ ਕਾਰਕੁੰਨਾਂ ਦਾ ਵੱਡਾ ਜੱਥਾ ਮੋਗਾ ਪਹੁੰਚ ਕੇ ਰੈਲੀ ਵਿੱਚ ਭਰਪੂਰ ਸ਼ਮੂਲੀਅਤ ਕਰੇਗਾ। ਉਨ੍ਹਾਂ ਕੇਂਦਰ ਵਿੱਚ ਭਾਰਤੀ ਜਨਤਾ ਪਾਰਟੀ ਸਰਕਾਰ ਦੀਆਂ ਨੀਤੀਆਂ ਅਤੇ ਵਿਕਾਸਮੁੱਖੀ ਫ਼ੈਸਲਿਆਂ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਇਹ ਨੀਤੀਆਂ ਦੇਸ਼ ਨੂੰ ਮਜ਼ਬੂਤੀ ਵੱਲ ਲੈ ਕੇ ਜਾ ਰਹੀਆਂ ਹਨ ਤੇ ਪੰਜਾਬ ਦੇ ਭਲੇ ਲਈ ਤੇ ਸਰਬਪੱਖੀ ਵਿਕਾਸ ਲਈ ਇੱਥੇ ਵੀ ਭਾਜਪਾ ਦੀ ਸਰਕਾਰ ਹੀ ਲੋੜੀਂਦੀ ਹੈ। ਬੈਠਕ ਦੌਰਾਨ ਜ਼ਿਲ੍ਹਾ ਪ੍ਰਧਾਨ ਅਜੈ ਕੌਸ਼ਲ ਸੇਠੂ, ਰਘੂਨਾਥ ਸਿੰਘ ਰਾਣਾ, ਰਾਜਿੰਦਰ ਛੋਟੂ, ਵਿਕਾਸ ਮਨਕੋਟੀਆ, ਦਵਿੰਦਰ ਮਹਾਜਨ ਰਾਮ, ਨੀਰਜ਼ ਬੰਟੀ ਸਾਹਨੀ, ਅਨਿਲ ਵਸ਼ਿਸ਼ਟ, ਸ਼ੰਮੀ ਵਸ਼ਿਸ਼ਟ, ਸੁਨੀਲ ਕੁਮਾਰ ਡਿੰਪੀ, ਰਾਜਿੰਦਰ ਮਹਾਜਨ, ਵਿੱਰਕੀ ਅਰੋੜਾ, ਕੁਲਤਾਰ ਸਿੰਘ ਹੈਪੀ, ਮਨੋਜ ਕੁਮਾਰ, ਸੰਤੋਸ਼ ਰਾਵਤ, ਠਾਕੁਰ ਤਲਬ ਸਿੰਘ, ਰਾਜੇਸ਼ਵਰ ਸਿੰਘ, ਗੁਰਨਾਮ ਸਿੰਘ, ਹਰੀਸ਼ ਕੁਮਾਰ ਕਾਲਾ ਮਹਾਜਨ ਸਮੇਤ ਵੱਡੀ ਗਿਣਤੀ ਵਿੱਚ ਭਾਜਪਾ ਆਗੂ ਤੇ ਕਾਰਕੁੰਨ ਹਾਜ਼ਰ ਸਨ।