ਮਾਤਾ-ਪਿਤਾ ਦੀ ਸੇਵਾ ਹੀ ਸਭ ਤੋਂ ਵੱਡੀ ਪੂਜਾ : ਧੀਰਜ ਕ੍ਰਿਸ਼ਨ
ਮਾਤਾ-ਪਿਤਾ ਦੀ ਸੇਵਾ ਹੀ ਸਭ ਤੋਂ ਵੱਡੀ ਪੂਜਾ, ਇਨ੍ਹਾਂ ਦੀ ਪ੍ਰਸੰਨਤਾ ਨਾਲ ਦੇਵੀ-ਦੇਵਤੇ ਵੀ ਹੁੰਦੇ ਹਨ ਸਹਾਈ: ਧੀਰਜ ਕ੍ਰਿਸ਼ਨ
Publish Date: Tue, 24 Feb 2026 07:34 PM (IST)
Updated Date: Wed, 25 Feb 2026 04:11 AM (IST)

ਕਿਹਾ- ਇਨ੍ਹਾਂ ਦੀ ਪ੍ਰਸੰਨਤਾ ਨਾਲ ਦੇਵੀ-ਦੇਵਤੇ ਵੀ ਹੁੰਦੇ ਹਨ ਸਹਾਈ ਸਟਾਫ ਰਿਪੋਟਰ, ਪੰਜਾਬੀ ਜਾਗਰਣ, ਹੁਸ਼ਿਆਰਪੁਰ : ਸ਼੍ਰੀ ਨੰਦ ਅੰਨਪੂਰਣਾ ਚੈਰੀਟੇਬਲ ਸੋਸਾਇਟੀ ਵੱਲੋਂ ਬ੍ਰਹਮਰਿਸ਼ੀ ਨੰਦ ਕਿਸ਼ੋਰ ਸ਼ਾਸਤਰੀ ਮਹਾਰਾਜ ਦੇ ਆਸ਼ੀਰਵਾਦ ਨਾਲ ਕਰਵਾਏ ਜਾ ਰਹੇ ਸ਼੍ਰੀ ਰੁਦ੍ਰ ਚੰਡੀ ਮਹਾਯੱਗ ਦੇ ਪੰਜਵੇਂ ਦਿਨ ਵਿਸ਼ੇਸ਼ ਧਾਰਮਿਕ ਕਰਮਕਾਂਡ ਅਤੇ ਸ਼੍ਰੀਮਦ ਭਾਗਵਤ ਕਥਾ ਦਾ ਆਯੋਜਨ ਕੀਤਾ ਗਿਆ। ਇਸ ਮੌਕੇ ਸਤੀਸ਼ ਅਗਰਵਾਲ, ਰਨਜੀਵ ਅਗਰਵਾਲ, ਮੋਹਨ ਲਾਲ ਪਹਿਲਵਾਨ, ਪੰ. ਓਂਕਾਰ ਨਾਥ ਸ਼ਰਮਾ, ਕ੍ਰਿਸ਼ਨ ਗੋਪਾਲ, ਮਨੋਜ ਦੱਤਾ, ਰਾਜਿੰਦਰ ਮੋਦਗਿਲ, ਸ਼ਿਵਦੇਵ, ਮਧੁ ਸ਼ਰਮਾ, ਰੰਪੀ, ਰਜਨੀ, ਸੁਮਨ ਕਾਂਤਾ, ਕਵਿਤਾ ਅਗਰਵਾਲ, ਸੁਧਾ ਅਗਰਵਾਲ ਅਤੇ ਅਨਿਲ ਅਗਰਵਾਲ ਯਜਮਾਨ ਵਜੋਂ ਸ਼ਾਮਲ ਹੋਏ ਅਤੇ ਹਵਨ ਵਿੱਚ ਆਹੁਤੀਆਂ ਪਾਈਆਂ। ਇਸ ਦੌਰਾਨ ਕੋਟਲਾ ਕਲਾਂ (ਊਨਾ, ਹਿਮਾਚਲ ਪ੍ਰਦੇਸ਼) ਤੋਂ ਰਾਸ਼ਟਰੀ ਸੰਤ ਬਾਬਾ ਬਾਲ ਜੀ ਮਹਾਰਾਜ ਅਤੇ ਮਹੰਤ ਪਵਨ ਦਾਸ ਜੀ ਪੱਟੀ ਵਾਲਿਆਂ ਨੇ ਵਿਸ਼ੇਸ਼ ਤੌਰ ‘ਤੇ ਪਹੁੰਚ ਕੇ ਹਵਨ ਅਤੇ ਕਥਾ ਵਿੱਚ ਭਾਗ ਲਿਆ ਅਤੇ ਸੰਗਤ ਨੂੰ ਆਸ਼ੀਰਵਾਦ ਦਿੱਤਾ। ਆਚਾਰਯ ਰਾਜਿੰਦਰ ਪ੍ਰਸਾਦ ਨੇ ਯੱਗ ਦੇ ਮਹੱਤਵ ਬਾਰੇ ਵਿਸਥਾਰ ਨਾਲ ਜਾਣਕਾਰੀ ਦਿੰਦਿਆਂ ਕਿਹਾ ਕਿ ਹਰ ਵਿਅਕਤੀ ਨੂੰ ਧਾਰਮਿਕ ਅਨੁਸ਼ਠਾਨਾਂ ਦਾ ਹਿੱਸਾ ਬਣਨਾ ਚਾਹੀਦਾ ਹੈ। ਸ਼੍ਰੀਮਦ ਭਾਗਵਤ ਕਥਾ ਦੇ ਚੌਥੇ ਦਿਨ ਧੀਰਜ ਕ੍ਰਿਸ਼ਨ ਸ਼ਾਸਤਰੀ ਨੇ ਕਥਾ ਕਰਦਿਆਂ ਕਿਹਾ ਕਿ ਮਾਤਾ-ਪਿਤਾ ਸਭ ਤੋਂ ਉੱਚਾ ਦਰਜਾ ਰੱਖਦੇ ਹਨ। ਉਨ੍ਹਾਂ ਕਿਹਾ ਕਿ ਭਾਵੇਂ ਕੋਈ ਮਨੁੱਖ ਮੰਦਰ ਜਾਵੇ ਜਾਂ ਨਾ ਜਾਵੇ, ਦਾਨ-ਪੁੰਨ ਕਰੇ ਜਾਂ ਨਾ ਕਰੇ, ਪਰ ਮਾਤਾ-ਪਿਤਾ ਦੀ ਸੇਵਾ ਜ਼ਰੂਰ ਕਰਨੀ ਚਾਹੀਦੀ ਹੈ ਕਿਉਂਕਿ ਉਨ੍ਹਾਂ ਦੀ ਸੇਵਾ ਸਭ ਤੋਂ ਵੱਡੀ ਪੂਜਾ ਹੈ। ਉਨ੍ਹਾਂ ਕਿਹਾ ਕਿ ਜੇ ਘਰ ਵਿੱਚ ਮਾਤਾ-ਪਿਤਾ ਪ੍ਰਸੰਨ ਹਨ ਤਾਂ ਨਵਗ੍ਰਹਾਂ ਦੀ ਵਿਰੁੱਧ ਦਸ਼ਾ ਵੀ ਨੁਕਸਾਨ ਨਹੀਂ ਕਰ ਸਕਦੀ ਅਤੇ ਸਭ ਦੇਵੀ-ਦੇਵਤਾ ਕ੍ਰਿਪਾਲੂ ਰਹਿੰਦੇ ਹਨ। ਉਨ੍ਹਾਂ ਮਨੁੱਖ ਜੀਵਨ ਦੇ ਤਿੰਨ ਰਿਣਾਂ- ਦੇਵ ਰਿਣ, ਰਿਸ਼ਿ ਰਿਣ ਤੇ ਪਿਤ੍ਰ ਰਿਣ- ਬਾਰੇ ਵੀ ਵਿਸਥਾਰ ਨਾਲ ਸਮਝਾਉਂਦਿਆਂ ਕਿਹਾ ਕਿ ਅਰਪਣ, ਤਰਪਣ ਅਤੇ ਸਮਰਪਣ ਰਾਹੀਂ ਹੀ ਇਨ੍ਹਾਂ ਤੋਂ ਮੁਕਤੀ ਮਿਲ ਸਕਦੀ ਹੈ। ਉਨ੍ਹਾਂ ਸ਼ਰਧਾਲੂਆਂ ਨੂੰ ਪਿਤ੍ਰ ਤਰਪਣ ਅਤੇ ਸ਼ਰਾਧ ਕਰਨ ਦੀ ਅਪੀਲ ਕੀਤੀ। ਕਥਾ ਦੌਰਾਨ ਸ਼੍ਰੀ ਕ੍ਰਿਸ਼ਨ ਅਵਤਾਰ ਅਤੇ ਨੰਦੋਤਸਵ ਮਨਾਇਆ ਗਿਆ, ਜਿਸ ਦੌਰਾਨ ਸੰਗਤ ਭਜਨਾਂ ‘ਤੇ ਝੂਮ ਉੱਠੀ ਅਤੇ ਪੂਰਾ ਪਰਿਸਰ “ਨੰਦ ਕੇ ਆਨੰਦ ਭਯੋ” ਦੇ ਜੈਕਾਰਿਆਂ ਨਾਲ ਗੂੰਜ ਉਠਿਆ। ਪ੍ਰਧਾਨ ਰਮੇਸ਼ ਅਗਰਵਾਲ ਅਤੇ ਮਹਾਮੰਤਰੀ ਤਰਸੇਮ ਮੋਦਗਿਲ ਨੇ ਸੰਤ ਜਨਾਂ, ਯਜਮਾਨਾਂ ਅਤੇ ਸ਼ਰਧਾਲੂਆਂ ਦਾ ਧੰਨਵਾਦ ਕੀਤਾ। ਇਸ ਮੌਕੇ ਰਾਜੇਸ਼ ਕੁਮਾਰ, ਸੌਖ ਅਗਰਵਾਲ, ਪੂਜਾ ਅਗਰਵਾਲ, ਰੀਤੂ ਸਿੰਗਲਾ, ਰਾਘਵ, ਰਜਨੀ, ਰਮਨ ਸੈਨੀ, ਅਨਿਲ, ਕੋਮਲ, ਮੁਸਕਾਨ ਸਮੇਤ ਵੱਡੀ ਗਿਣਤੀ ਵਿੱਚ ਸ਼ਰਧਾਲੂ ਹਾਜ਼ਰ ਸਨ।