ਨਸ਼ਿਆਂ ਵਿਰੁੱਧ ਲੜਾਈ ’ਚ ਰਾਜਪਾਲ ਦਾ ਕਰਾਂਗੇ ਸਮਰਥਨ: ਤਲਵਾੜ
ਸ਼੍ਰੋਮਣੀ ਅਕਾਲੀ ਦਲ ਨਸ਼ਿਆਂ ਵਿਰੁੱਧ ਲੜਾਈ ਵਿੱਚ ਰਾਜਪਾਲ ਦਾ ਕਰੇਗਾ ਪੂਰਨ ਸਮਰਥਨ: ਸੰਜੀਵ ਤਲਵਾਰ
Publish Date: Tue, 24 Feb 2026 07:14 PM (IST)
Updated Date: Wed, 25 Feb 2026 04:11 AM (IST)

ਸਟਾਫ ਰਿਪੋਰਟਰ, ਪੰਜਾਬੀ ਜਾਗਰਣ, ਹੁਸ਼ਿਆਰਪੁਰ: ਸ਼੍ਰੋਮਣੀ ਅਕਾਲੀ ਦਲ ਨੇ ਪੰਜਾਬ ਵਿੱਚ ਵਧ ਰਹੇ ਨਸ਼ਿਆਂ ਦੇ ਮਸਲੇ ਨੂੰ ਗੰਭੀਰ ਚਿੰਤਾ ਦਾ ਵਿਸ਼ਾ ਕਰਾਰ ਦਿੰਦਿਆਂ ਕਿਹਾ ਹੈ ਕਿ ਪਾਰਟੀ ਇਸ ਬੁਰਾਈ ਖ਼ਿਲਾਫ਼ ਪੰਜਾਬ ਦੇ ਰਾਜਪਾਲ ਗੁਲਾਬ ਚੰਦ ਕਟਾਰੀਆ ਵੱਲੋਂ ਚਲਾਈ ਗਈ ਨਸ਼ਿਆਂ ਵਿਰੁੱਧ ਮੁਹਿੰਮ ਦਾ ਪੂਰਾ ਸਮਰਥਨ ਕਰੇਗੀ। ਇਹ ਗੱਲ ਸ਼੍ਰੋਮਣੀ ਅਕਾਲੀ ਦਲ ਦੇ ਰਾਸ਼ਟਰੀ ਉਪ ਪ੍ਰਧਾਨ ਸੰਜੀਵ ਤਲਵਾੜ ਨੇ ਅੱਜ ਰਾਜਪਾਲ ਦਾ ਸਨਮਾਨ ਕਰਨ ਮੌਕੇ ਕਹੀ। ਤਲਵਾੜ ਨੇ ਕਿਹਾ ਕਿ ਪੰਜਾਬ ਸਰਕਾਰ ਨਸ਼ਿਆਂ ਕਾਰਨ ਸੂਬੇ ਵਿੱਚ ਵਿਗੜ ਰਹੀ ਸਥਿਤੀ ਨੂੰ ਕਾਬੂ ਕਰਨ ਵਿੱਚ ਅਸਫਲ ਰਹੀ ਹੈ। ਅਜਿਹੇ ਸਮੇਂ ਵਿੱਚ ਮਾਣਯੋਗ ਰਾਜਪਾਲ ਵੱਲੋਂ ਨਸ਼ਿਆਂ ਵਿਰੁੱਧ ਖੋਲ੍ਹਿਆ ਗਿਆ ਮੋਰਚਾ ਸ਼ਲਾਘਾਯੋਗ ਕਦਮ ਹੈ। ਉਨ੍ਹਾਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੇ ਨਿਰਦੇਸ਼ਾਂ ਅਨੁਸਾਰ ਪਾਰਟੀ ਨਸ਼ਿਆਂ ਦੀ ਦਲਦਲ ਤੋਂ ਪੰਜਾਬ ਨੂੰ ਬਚਾਉਣ ਲਈ ਮੋਢੇ ਨਾਲ ਮੋਢਾ ਜੋੜ ਕੇ ਕੰਮ ਕਰਨ ਲਈ ਵਚਨਬੱਧ ਹੈ। ਉਨ੍ਹਾਂ ਦੱਸਿਆ ਕਿ ਸੰਤਾਂ ਦੀ ਨਗਰੀ ਹੁਸ਼ਿਆਰਪੁਰ ਵਿੱਚ ਵੀ ਪਾਰਟੀ ਵੱਲੋਂ ਨਸ਼ਾ ਵਿਰੋਧੀ ਜਾਗਰੂਕਤਾ ਮੁਹਿੰਮ ਚਲਾਈ ਜਾ ਰਹੀ ਹੈ ਤਾਂ ਜੋ ਨੌਜਵਾਨਾਂ ਨੂੰ ਇਸ ਬੁਰਾਈ ਤੋਂ ਦੂਰ ਰੱਖਿਆ ਜਾ ਸਕੇ। ਇਸ ਮੌਕੇ ਜ਼ਿਲ੍ਹਾ ਜਨਰਲ ਸਕੱਤਰ ਪ੍ਰਵੀਨ ਸੈਣੀ, ਸਰਕਲ ਪ੍ਰਧਾਨ ਜਗਤਾਰ ਸਿੰਘ, ਭੁਪਿੰਦਰ ਸਿੰਘ, ਮਹਿੰਦੀਪੁਰ ਜ਼ਿਲ੍ਹਾ ਕਾਰਜਕਾਰਨੀ ਮੈਂਬਰ ਬਲਵੀਰ ਸਿੰਘ, ਹਰਜੀਤ ਸਿੰਘ, ਦਿਲਬਾਗ ਸਿੰਘ ਅਤੇ ਸੂਰਜ ਕੁਮਾਰ ਸਮੇਤ ਹੋਰ ਆਗੂ ਮੌਜੂਦ ਸਨ।