ਸਕੂਲਾਂ, ਕਾਲਜਾਂ ਤੇ ਜਨਤਕ ਥਾਵਾਂ ’ਤੇ ਚੱਲੇਗਾ ਟ੍ਰੈਫਿਕ ਜਾਗਰੂਕਤਾ ਅਭਿਆਨ : ਅਰੋੜਾ
ਜਲਦ ਹੀ ਸਕੂਲਾਂ, ਕਾਲਜਾਂ ਅਤੇ ਜਨਤਕ ਥਾਵਾਂ ‘ਤੇ ਚਲਾਇਆ ਜਾਵੇਗਾ ਟ੍ਰੈਫਿਕ ਜਾਗਰੂਕਤਾ ਅਭਿਆਨ : ਵਿਜੇ ਅਰੋੜਾ
Publish Date: Tue, 24 Feb 2026 05:44 PM (IST)
Updated Date: Wed, 25 Feb 2026 04:07 AM (IST)

ਸਟਾਫ ਰਿਪੋਰਟਰ, ਪੰਜਾਬੀ ਜਾਗਰਣ, ਹੁਸ਼ਿਆਰਪੁਰ: ਲਾਇਨਜ਼ ਕਲੱਬ ਹੁਸ਼ਿਆਰਪੁਰ ਪ੍ਰਲ ਵੱਲੋਂ ਪ੍ਰਧਾਨ ਅਤੇ ਮੈਂਬਰ ਟ੍ਰੈਫਿਕ ਰੋਡ ਸੇਫਟੀ ਐਡਵਾਇਜ਼ਰੀ ਕਮੇਟੀ ਪੰਜਾਬ ਲਾਇਨ ਵਿਜੇ ਅਰੋੜਾ ਦੀ ਅਗਵਾਈ ਹੇਠ ਇਕ ਮਹੱਤਵਪੂਰਨ ਮੀਟਿੰਗ ਦਾ ਆਯੋਜਨ ਕੀਤਾ ਗਿਆ। ਇਸ ਮੌਕੇ ਟ੍ਰੈਫਿਕ ਇੰਚਾਰਜ ਐਸ.ਆਈ. ਸੁਰਿੰਦਰ ਕੁਮਾਰ ਆਪਣੇ ਸਾਥੀਆਂ ਅਸ਼ੋਕ ਕੁਮਾਰ ਅਤੇ ਦੇਵ ਦੱਤ (ਦੋਵੇਂ ਏ.ਐਸ.ਆਈ.) ਸਮੇਤ ਵਿਸ਼ੇਸ਼ ਤੌਰ ‘ਤੇ ਸ਼ਾਮਲ ਹੋਏ। ਮੀਟਿੰਗ ਦੌਰਾਨ ਚੇਅਰਮੈਨ (ਨੇਤਰਦਾਨ) ਅਤੇ ਪ੍ਰਮੁੱਖ ਸਮਾਜਸੇਵੀ ਸੰਜੀਵ ਅਰੋੜਾ ਨੇ ਮਹਿਮਾਨਾਂ ਦਾ ਸਵਾਗਤ ਕਰਦੇ ਹੋਏ ਕਲੱਬ ਵੱਲੋਂ ਚਲਾਏ ਜਾ ਰਹੇ ਸਮਾਜਿਕ ਪ੍ਰੋਜੈਕਟਾਂ ਬਾਰੇ ਵਿਸਥਾਰਪੂਰਵਕ ਜਾਣਕਾਰੀ ਦਿੱਤੀ ਅਤੇ ਆਉਣ ਵਾਲੀਆਂ ਗਤੀਵਿਧੀਆਂ ਬਾਰੇ ਵੀ ਜਾਣੂ ਕਰਵਾਇਆ। ਇਸ ਮੌਕੇ ਟ੍ਰੈਫਿਕ ਇੰਚਾਰਜ ਸੁਰਿੰਦਰ ਕੁਮਾਰ ਨੇ ਟ੍ਰੈਫਿਕ ਨਿਯਮਾਂ ਅਤੇ ਸੜਕ ਸੁਰੱਖਿਆ ਦੀ ਮਹੱਤਤਾ ‘ਤੇ ਚਰਚਾ ਕਰਦਿਆਂ ਕਿਹਾ ਕਿ ਵੱਧ ਰਹੀ ਵਾਹਨਾਂ ਦੀ ਗਿਣਤੀ ਦੇ ਮੱਦੇਨਜ਼ਰ ਨਿਯਮਾਂ ਦੀ ਪਾਲਣਾ ਕਰਨਾ ਹਰ ਨਾਗਰਿਕ ਦੀ ਜ਼ਿੰਮੇਵਾਰੀ ਹੈ। ਉਨ੍ਹਾਂ ਨੇ ਸੀਟ ਬੈਲਟ ਅਤੇ ਹੈਲਮੈਟ ਦੀ ਲਾਜ਼ਮੀ ਵਰਤੋਂ ਕਰਨ, ਨਸ਼ੇ ਦੀ ਹਾਲਤ ਵਿੱਚ ਵਾਹਨ ਨਾ ਚਲਾਉਣ, ਤੇਜ਼ ਰਫ਼ਤਾਰ ਤੋਂ ਬਚਣ ਅਤੇ ਵਾਹਨ ਚਲਾਉਂਦੇ ਸਮੇਂ ਮੋਬਾਈਲ ਫ਼ੋਨ ਦੀ ਵਰਤੋਂ ਨਾ ਕਰਨ ਦੀ ਅਪੀਲ ਕੀਤੀ। ਉਨ੍ਹਾਂ ਕਿਹਾ ਕਿ ਛੋਟੀ ਜਿਹੀ ਲਾਪਰਵਾਹੀ ਵੀ ਵੱਡੇ ਹਾਦਸਿਆਂ ਦਾ ਕਾਰਣ ਬਣ ਸਕਦੀ ਹੈ, ਇਸ ਲਈ ਖੁਦ ਜਾਗਰੂਕ ਹੋਣ ਦੇ ਨਾਲ ਹੋਰਾਂ ਨੂੰ ਵੀ ਪ੍ਰੇਰਿਤ ਕਰਨਾ ਜ਼ਰੂਰੀ ਹੈ। ਉਨ੍ਹਾਂ ਨੇ ਨਾਬਾਲਗ ਬੱਚਿਆਂ ਨੂੰ ਵਾਹਨ ਨਾ ਦੇਣ ‘ਤੇ ਵੀ ਜ਼ੋਰ ਦਿੱਤਾ। ਪ੍ਰਧਾਨ ਵਿਜੇ ਅਰੋੜਾ ਨੇ ਕਿਹਾ ਕਿ ਸੜਕ ਸੁਰੱਖਿਆ ਸਿਰਫ਼ ਪ੍ਰਸ਼ਾਸਨ ਦੀ ਨਹੀਂ ਸਗੋਂ ਹਰ ਵਿਅਕਤੀ ਦੀ ਸਾਂਝੀ ਜ਼ਿੰਮੇਵਾਰੀ ਹੈ। ਉਨ੍ਹਾਂ ਕਿਹਾ ਕਿ ਜੇਕਰ ਅਸੀਂ ਖੁਦ ਨਿਯਮਾਂ ਦੀ ਪਾਲਣਾ ਕਰਾਂਗੇ ਤਾਂ ਸਾਡੇ ਪਰਿਵਾਰ ਅਤੇ ਸਮਾਜ ਨੂੰ ਵੀ ਸੁਰੱਖਿਅਤ ਰੱਖ ਸਕਦੇ ਹਾਂ। ਸੰਜੀਵ ਅਰੋੜਾ ਨੇ ਦੱਸਿਆ ਕਿ ਕਲੱਬ ਵੱਲੋਂ ਜਲਦ ਹੀ ਸਕੂਲਾਂ, ਕਾਲਜਾਂ ਅਤੇ ਜਨਤਕ ਥਾਵਾਂ ‘ਤੇ ਟ੍ਰੈਫਿਕ ਜਾਗਰੂਕਤਾ ਅਭਿਆਨ ਸ਼ੁਰੂ ਕੀਤਾ ਜਾਵੇਗਾ, ਤਾਂ ਜੋ ਸ਼ਹਿਰ ਵਿੱਚ ਸੁਰੱਖਿਅਤ ਤੇ ਅਨੁਸ਼ਾਸਿਤ ਯਾਤਾਯਾਤ ਪ੍ਰਣਾਲੀ ਨੂੰ ਮਜ਼ਬੂਤ ਕੀਤਾ ਜਾ ਸਕੇ। ਉਨ੍ਹਾਂ ਨੇ ਟ੍ਰੈਫਿਕ ਵਿਭਾਗ ਦਾ ਧੰਨਵਾਦ ਕਰਦਿਆਂ ਕਿਹਾ ਕਿ ਪ੍ਰਸ਼ਾਸਨ ਅਤੇ ਸਮਾਜਿਕ ਸੰਸਥਾਵਾਂ ਦੇ ਸਾਂਝੇ ਯਤਨਾਂ ਨਾਲ ਹੀ ਸੜਕ ਹਾਦਸਿਆਂ ਵਿੱਚ ਕਮੀ ਲਿਆਈ ਜਾ ਸਕਦੀ ਹੈ। ਅੰਤ ਵਿੱਚ ਟ੍ਰੈਫਿਕ ਇੰਚਾਰਜ ਸੁਰਿੰਦਰ ਕੁਮਾਰ ਨੂੰ ਉਨ੍ਹਾਂ ਦੀ ਉੱਤਮ ਸੇਵਾ ਲਈ ਸਨਮਾਨਿਤ ਕੀਤਾ ਗਿਆ। ਇਸ ਮੌਕੇ ਰੀਜਨ ਚੇਅਰਮੈਨ ਹਰਜੀਤ ਸਿੰਘ ਭਾਟੀਆ, ਸਕੱਤਰ ਉਮੇਸ਼ ਰਾਣਾ, ਅਸ਼ਵਨੀ ਕੁਮਾਰ ਦੱਤਾ, ਵਿਜੇ ਗੁਪਤਾ, ਗੌਰਵ ਖੱਟੜ, ਹਰੀਸ਼ ਚੂਗ, ਕੁਮਾਰ ਗੌਰਵ, ਐਚ.ਕੇ. ਨਕੜਾ, ਪੰਕਜ, ਰਾਜੇਸ਼ ਨੰਦਾ, ਸੰਤੋਸ਼ ਕੁਮਾਰ ਅਤੇ ਹੋਰ ਮੈਂਬਰ ਹਾਜ਼ਰ ਸਨ।