ਭਾਸ਼ਾ ਵਿਭਾਗ ਵੱਲੋਂ ਤਰੰਨੁਮ ਕਵੀ ਦਰਬਾਰ ਆਯੋਜਿਤ
ਕੌਮਾਂਤਰੀ ਮਾਂ ਬੋਲੀ ਦਿਹਾੜੇ ਮੌਕੇ ਭਾਸ਼ਾ ਵਿਭਾਗ ਵੱਲੋਂ ਤਰੰਨੁਮ ਕਵੀ ਦਰਬਾਰ ਆਯੋਜਿਤ
Publish Date: Tue, 24 Feb 2026 05:33 PM (IST)
Updated Date: Wed, 25 Feb 2026 04:05 AM (IST)

ਸੰਜੀਵ ਸੂਦ, ਪੰਜਾਬੀ ਜਾਗਰਣ, ਹੁਸ਼ਿਆਰਪੁਰ: ਭਾਸ਼ਾ ਵਿਭਾਗ, ਪੰਜਾਬ ਦੀ ਰਹਿਨੁਮਾਈ ਹੇਠ ਜ਼ਿਲ੍ਹਾ ਭਾਸ਼ਾ ਦਫ਼ਤਰ ਹੁਸ਼ਿਆਰਪੁਰ ਅਤੇ ਕਪੂਰਥਲਾ ਦੇ ਸਾਂਝੇ ਉਪਰਾਲੇ ਨਾਲ ਕੌਮਾਂਤਰੀ ਮਾਂ ਬੋਲੀ ਦਿਹਾੜੇ ਨੂੰ ਸਮਰਪਿਤ ਸਮਾਗਮ ਸਰਕਾਰੀ ਕਾਲਜ ਹੁਸ਼ਿਆਰਪੁਰ ਵਿਖੇ ਕਰਵਾਇਆ ਗਿਆ। ਇਸ ਮੌਕੇ ਮੁੱਖ ਮਹਿਮਾਨ ਵਜੋਂ ਡਾ. ਲਖਵਿੰਦਰ ਜੌਹਲ ਅਤੇ ਵਿਸ਼ੇਸ਼ ਮਹਿਮਾਨ ਵਜੋਂ ਡਾ. ਕੁਲਦੀਪ ਦੀਪ ਸ਼ਾਮਲ ਹੋਏ। ਸਮਾਗਮ ਦੀ ਸ਼ੁਰੂਆਤ ਵਿਭਾਗੀ ਧੁਨ ਨਾਲ ਕੀਤੀ ਗਈ ਜਦਕਿ ਜ਼ਿਲ੍ਹਾ ਭਾਸ਼ਾ ਅਫ਼ਸਰ ਜਸਪ੍ਰੀਤ ਕੌਰ ਨੇ ਆਏ ਹੋਏ ਮਹਿਮਾਨਾਂ ਦਾ ਸਵਾਗਤ ਕੀਤਾ। ਤਰੰਨੁਮ ਕਵੀ ਦਰਬਾਰ ਦੌਰਾਨ ਹਰਦਿਆਲ ਹੁਸ਼ਿਆਰਪੁਰੀ, ਸੁਰਿੰਦਰ ਕੰਗਵੀ, ਪ੍ਰੋ. ਮਲਕੀਤ ਜੌੜਾ, ਅੰਜੂ ਵੀ. ਰੱਤੀ ਅਤੇ ਸ਼ਹਿਬਾਜ਼ ਖ਼ਾਨ ਨੇ ਆਪਣੀਆਂ ਰਚਨਾਵਾਂ ਨੂੰ ਸੁਰਬੱਧ ਕਰਕੇ ਪੇਸ਼ ਕੀਤਾ, ਜਿਸ ਨਾਲ ਦਰਸ਼ਕ ਮੰਤਰਮੁਗਧ ਹੋ ਗਏ। ਇਸ ਤੋਂ ਬਾਅਦ ਪ੍ਰਸਿੱਧ ਗਾਇਕ ਅਤੇ ਸ਼ਾਇਰ ਦੇਬੀ ਮਖਸੂਸਪੁਰੀ ਨਾਲ ਰੂ-ਬ-ਰੂ ਗੱਲਬਾਤ ਡਾ. ਕੁਲਦੀਪ ਚੌਹਾਨ ਵੱਲੋਂ ਕਰਵਾਈ ਗਈ। ਦੇਬੀ ਮਖਸੂਸਪੁਰੀ, ਜੋ ਇਸ ਕਾਲਜ ਦੇ ਪੁਰਾਤਨ ਵਿਦਿਆਰਥੀ ਰਹੇ ਹਨ, ਨੇ ਆਪਣੇ ਵਿਦਿਆਰਥੀ ਦਿਨਾਂ ਦੀਆਂ ਯਾਦਾਂ, ਸਾਹਿਤਕ ਯਾਤਰਾ ਅਤੇ ਸਿਰਜਣਾਤਮਕ ਅਨੁਭਵ ਸਾਂਝੇ ਕਰਦੇ ਹੋਏ ਆਪਣੇ ਗੀਤਾਂ ਦੇ ਮੁਖੜੇ ਵੀ ਸੁਣਾਏ। ਉਨ੍ਹਾਂ ਕਿਹਾ ਕਿ ਮਾਂ ਬੋਲੀ ਨਾਲ ਪਿਆਰ ਅਤੇ ਲਗਾਤਾਰ ਮਿਹਨਤ ਹੀ ਮਨੁੱਖ ਨੂੰ ਉੱਚੇ ਮਕਾਮ ਤੱਕ ਪਹੁੰਚਾਉਂਦੀ ਹੈ। ਡਾ. ਲਖਵਿੰਦਰ ਜੌਹਲ ਅਤੇ ਡਾ. ਕੁਲਦੀਪ ਦੀਪ ਨੇ ਆਪਣੇ ਸੰਬੋਧਨ ਵਿੱਚ ਮਾਂ ਬੋਲੀ ਦੀ ਇਤਿਹਾਸਕ ਵਿਰਾਸਤ, ਇਸਦੀ ਮਹੱਤਤਾ ਅਤੇ ਆਜ ਦੇ ਸਮੇਂ ਵਿੱਚ ਦਰਪੇਸ਼ ਚੁਣੌਤੀਆਂ ਬਾਰੇ ਵਿਚਾਰ ਰੱਖੇ। ਉਨ੍ਹਾਂ ਕਿਹਾ ਕਿ ਭਾਸ਼ਾ ਕਿਸੇ ਵੀ ਕੌਮ ਦੀ ਪਹਿਚਾਣ ਅਤੇ ਸਭਿਆਚਾਰ ਦੀ ਜੜ੍ਹ ਹੁੰਦੀ ਹੈ, ਇਸ ਲਈ ਇਸ ਦੀ ਸੰਭਾਲ ਅਤੇ ਪ੍ਰਚਾਰ ਹਰ ਵਿਅਕਤੀ ਦੀ ਜ਼ਿੰਮੇਵਾਰੀ ਹੈ। ਸਮਾਗਮ ਦੌਰਾਨ ਦੇਬੀ ਮਖਸੂਸਪੁਰੀ, ਕਵੀਆਂ, ਡਾ. ਜੌਹਲ, ਡਾ. ਕੁਲਦੀਪ ਦੀਪ, ਪ੍ਰਿੰਸੀਪਲ ਡਾ. ਗਗਨਦੀਪ ਚੀਮਾ ਅਤੇ ਵਿਦਿਆਰਥੀਆਂ ਨੂੰ ਵਿਭਾਗ ਵੱਲੋਂ ਪ੍ਰਕਾਸ਼ਿਤ ਪੁਸਤਕਾਂ ਦੇ ਸੈੱਟ ਅਤੇ ਲੋਈਆਂ ਭੇਂਟ ਕਰਕੇ ਸਨਮਾਨਿਤ ਕੀਤਾ ਗਿਆ। ਧੰਨਵਾਦੀ ਸ਼ਬਦ ਪ੍ਰਿੰਸੀਪਲ ਡਾ. ਗਗਨਦੀਪ ਚੀਮਾ ਵੱਲੋਂ ਆਖੇ ਗਏ। ਮੰਚ ਸੰਚਾਲਨ ਦੀ ਜ਼ਿੰਮੇਵਾਰੀ ਡਾ. ਜਸਵੰਤ ਰਾਏ ਖੋਜ ਅਫ਼ਸਰ ਨੇ ਨਿਭਾਈ। ਇਸ ਮੌਕੇ ਭਾਸ਼ਾ ਵਿਭਾਗ ਵੱਲੋਂ ਪ੍ਰਕਾਸ਼ਿਤ ਸਾਹਿਤ ਦੀ ਵਿਸ਼ੇਸ਼ ਪ੍ਰਦਰਸ਼ਨੀ ਵੀ ਲਗਾਈ ਗਈ। ਸਮਾਗਮ ਵਿੱਚ ਗਗਨਦੀਪ ਸਿੰਘ, ਮੁਨੀਸ਼ ਕੁਮਾਰ, ਡਾ. ਵਿਜੇ ਕੁਮਾਰ, ਪ੍ਰੋ. ਰਣਜੀਤ ਸਿੰਘ, ਡਾ. ਸਾਂਵਲ ਧਾਮੀ, ਪ੍ਰੋ. ਹਰਜਿੰਦਰ ਅਮਨ, ਡਾ. ਰੰਜਨਾ, ਡਾ. ਸੁਖਦੀਪ ਕੌਰ ਅਤੇ ਵੱਡੀ ਗਿਣਤੀ ਵਿੱਚ ਵਿਦਿਆਰਥੀ ਹਾਜ਼ਰ ਸਨ।