ਐੱਮਆਰਪੀਡੀ ਸਰਕਾਰੀ ਕਾਲਜ ’ਚ ਮਨਾਇਆ ਅੰਤਰਰਾਸ਼ਟਰੀ ਮਾਂ ਬੋਲੀ ਦਿਵਸ
ਐਮ.ਆਰ.ਪੀ.ਡੀ ਸਰਕਾਰੀ ਕਾਲਜ ਵਿੱਚ ਮਨਾਇਆ ਗਿਆ ਅੰਤਰ-ਰਾਸ਼ਟਰੀ ਮਾਂ ਬੋਲੀ ਦਿਵਸ
Publish Date: Sun, 22 Feb 2026 07:53 PM (IST)
Updated Date: Mon, 23 Feb 2026 04:13 AM (IST)

ਜਗਮੋਹਨ ਸ਼ਰਮਾ, ਪੰਜਾਬੀ ਜਾਗਰਣ, ਤਲਵਾੜਾ: ਮਹੰਤ ਰਾਮ ਪ੍ਰਕਾਸ਼ ਦਾਸ ਸਰਕਾਰੀ ਕਾਲਜ, ਤਲਵਾੜਾ ਵਿੱਚ ਅੰਤਰ-ਰਾਸ਼ਟਰੀ ਮਾਂ ਬੋਲੀ ਦਿਵਸ ਬੜੇ ਹੀ ਉਤਸ਼ਾਹ ਤੇ ਸੱਭਿਆਚਾਰਕ ਰੂਪ ਵਿੱਚ ਮਨਾਇਆ ਗਿਆ। ਕਾਲਜ ਪ੍ਰਿੰਸੀਪਲ ਡਾ. ਰਾਜੀਵ ਖੋਸਲਾ ਦੀ ਸਰਪ੍ਰਸਤੀ ਹੇਠ ਪੰਜਾਬੀ ਵਿਭਾਗ ਵੱਲੋਂ ਭਾਈ ਕਾਨ੍ਹ ਸਿੰਘ ਨਾਭਾ ਪੰਜਾਬੀ ਸਾਹਿਤ ਸਭਾ ਦੇ ਸਹਿਯੋਗ ਨਾਲ ਕਾਨਫਰੰਸ ਹਾਲ ( ਆਈ ਹਾਲ ) ਵਿੱਚ “ਮੇਰੀ ਭਾਸ਼ਾ ਮੇਰਾ ਮਾਣ” ਵਿਸ਼ੇ ਹੇਠ ਵਿਸ਼ੇਸ਼ ਸਮਾਗਮ ਦਾ ਆਯੋਜਨ ਕੀਤਾ ਗਿਆ। ਪ੍ਰੋਗਰਾਮ ਵਿੱਚ ਅਧਿਆਪਕਾਂ ਅਤੇ ਵਿਦਿਆਰਥੀਆਂ ਨੇ ਵੱਡੀ ਗਿਣਤੀ ਵਿੱਚ ਹਾਜ਼ਰੀ ਭਰੀ ਅਤੇ ਮਾਂ-ਬੋਲੀ ਪ੍ਰਤੀ ਆਪਣੇ ਜਜ਼ਬਾਤ ਪ੍ਰਗਟ ਕੀਤੇ। ਕਾਲਜ ਮੀਡੀਆ ਮੈਨੇਜਮੈਂਟ ਕਮੇਟੀ ਦੇ ਕਨਵੀਨਰ ਪ੍ਰੋ. ਅਜੈ ਕੁਮਾਰ ਅਰਸ਼ ਨੇ ਦੱਸਿਆ ਕਿ ਇਸ ਪ੍ਰੋਗਰਾਮ ਦੀ ਸ਼ੁਰੂਆਤ ਮਾਂ ਬੋਲੀ ਪੰਜਾਬੀ ਨੂੰ ਸਮਰਪਿਤ ਸ਼ਬਦਾਂ ਤੇ ਵਿਚਾਰਾਂ ਨਾਲ ਕੀਤੀ ਗਈ। ਇਸ ਮੌਕੇ ਵਿਦਿਆਰਥੀਆਂ ਵਿਚਕਾਰ ਭਾਸ਼ਣ ਪ੍ਰਤੀਯੋਗਤਾ, ਸੁੰਦਰ ਲਿਖਾਈ ਮੁਕਾਬਲਾ, ਪੋਸਟਰ ਤਿਆਰ ਕਰਨ ਦੀ ਪ੍ਰਤੀਯੋਗਤਾ ਅਤੇ ਸ਼ੁੱਧ ਸ਼ਬਦ ਲੇਖਨ ਜਿਹੇ ਰਚਨਾਤਮਕ ਮੁਕਾਬਲੇ ਕਰਵਾਏ ਗਏ। ਵਿਦਿਆਰਥੀਆਂ ਨੇ ਆਪਣੀ ਭਾਸ਼ਾ ਪ੍ਰਤੀ ਪਿਆਰ ਅਤੇ ਮਾਣ ਨੂੰ ਰਚਨਾਤਮਕ ਢੰਗ ਨਾਲ ਬਾਖ਼ੂਬੀ ਪੇਸ਼ ਕੀਤਾ। ਇਨ੍ਹਾਂ ਗਤੀਵਿਧੀਆਂ ਦਾ ਮੁੱਖ ਉਦੇਸ਼ ਵਿਦਿਆਰਥੀਆਂ ਵਿੱਚ ਮਾਤ ਭਾਸ਼ਾ ਪ੍ਰਤੀ ਸਨਮਾਨ ਅਤੇ ਜਾਗਰੂਕਤਾ ਪੈਦਾ ਕਰਨਾ ਹੈ। ਮੰਚ ਸੰਚਾਲਨ ਦੀ ਭੂਮਿਕਾ ਬੀ.ਏ ਸਮੈਸਟਰ ਛੇਵਾਂ ਦੀ ਵਿਦਿਆਰਥਣ ਮਨਦੀਪ ਕੌਰ ਨੇ ਨਿਭਾਈ। ਮੁਕਾਬਲਿਆਂ ਦੌਰਾਨ ਪ੍ਰੋ. ਅਜੈ ਕੁਮਾਰ ਅਰਸ਼ ਅਤੇ ਪ੍ਰੋ. ਦਲਵਿੰਦਰ ਪਾਲ ਸਿੰਘ ਨੇ ਜੱਜ ਵਜੋਂ ਨਿਰਪੱਖ ਅਤੇ ਮਹੱਤਵਪੂਰਨ ਭੂਮਿਕਾ ਨਿਭਾਈ ਅਤੇ ਵਿਦਿਆਰਥੀਆਂ ਨੂੰ ਉਤਸ਼ਾਹਿਤ ਕੀਤਾ। ਪੋਸਟਰ ਮੁਕਾਬਲੇ ਵਿੱਚ ਕ੍ਰਮਵਾਰ ਪਹਿਲੇ, ਦੂਸਰੇ ਅਤੇ ਤੀਸਰੇ ਸਥਾਨ ਤੇ ਮੁਸਕਾਨ, ਸੁਨੈਨਾ ਤੇ ਕੋਮਲ ਰਹੇ। ਸ਼ੁੱਧ ਸ਼ਬਦ ਲੇਖਣ ਮੁਕਾਬਲੇ ਵਿੱਚ ਪਹਿਲਾ ਸਥਾਨ ਨੈਨਸੀ, ਦੂਸਰਾ ਸਥਾਨ ਪ੍ਰਿਆ ਤੇ ਕਾਜਲ ਚੌਧਰੀ ਅਤੇ ਤੀਸਰਾ ਸਥਾਨ ਰਿਤੂ ਚੌਧਰੀ ਨੇ ਪ੍ਰਾਪਤ ਕੀਤਾ। ਸੁੰਦਰ ਲਿਖਾਈ ਮੁਕਾਬਲੇ ਵਿੱਚ ਪਹਿਲਾ ਸਥਾਨ ਸੁਰਜੀਤ ਕੌਰ, ਦੂਸਰਾ ਸਥਾਨ ਸਾਨੀਆ ਤੇ ਤੀਸਰਾ ਸਥਾਨ ਪ੍ਰਵੀਨ ਕੁਮਾਰੀ ਨੇ ਪ੍ਰਾਪਤ ਕੀਤਾ। ਭਾਸ਼ਣ ਪ੍ਰਤੀਯੋਗਤਾ ਮੁਕਾਬਲੇ ਵਿੱਚ ਆਂਚਲ ਪਹਿਲੇ, ਸੁਹਾਨੀ ਦੂਸਰੇ ਤੇ ਮਨਦੀਪ ਕੌਰ ਤੇ ਸੁਮਨਦੀਪ ਕੌਰ ਤੀਸਰੇ ਸਥਾਨ ਤੇ ਰਹੇ। ਇਸ ਅਵਸਰ ‘ਤੇ ਸੰਬੋਧਨ ਕਰਦਿਆਂ ਪ੍ਰਿੰਸੀਪਲ ਡਾ. ਰਾਜੀਵ ਖੋਸਲਾ ਨੇ ਕਿਹਾ ਕਿ ਮਾਤ ਭਾਸ਼ਾ ਕਿਸੇ ਵੀ ਕੌਮ ਦੀ ਆਤਮਾ ਹੁੰਦੀ ਹੈ। ਭਾਸ਼ਾ ਸਿਰਫ ਸੰਚਾਰ ਦਾ ਸਾਧਨ ਨਹੀਂ, ਸਗੋਂ ਸਾਡੀ ਵਿਰਾਸਤ, ਸੱਭਿਆਚਾਰ ਅਤੇ ਸੰਸਕਾਰਾਂ ਦੀ ਪਹਿਚਾਣ ਹੈ।