ਅੰਤਰਰਾਸ਼ਟਰੀ ਮਾਂ-ਬੋਲੀ ਦਿਹਾੜੇ ਨੂੰ ਸਮਰਪਿਤ ਵਿਸ਼ੇਸ਼ ਲੈਕਚਰ
ਹਰਿਆਣਾ ਕਾਲਜ ਵਿਖੇ ਅੰਤਰਰਾਸ਼ਟਰੀ ਮਾਂ-ਬੋਲੀ ਦਿਹਾੜੇ ਨੂੰ ਸਮਰਪਿਤ ਵਿਸ਼ੇਸ਼ ਲੈਕਚਰ ਆਯੋਜਿਤ
Publish Date: Sun, 22 Feb 2026 05:08 PM (IST)
Updated Date: Mon, 23 Feb 2026 04:07 AM (IST)

ਕਮਲ, ਪੰਜਾਬੀ ਜਾਗਰਣ, ਹਰਿਆਣਾ: ਜੀਜੀਡੀਐੱਸਡੀ ਕਾਲਜ ਹਰਿਆਣਾ ਵਿਖੇ ਕਾਲਜ ਦੀ ਮੈਨੇਜਿੰਗ ਕਮੇਟੀ ਦੇ ਪ੍ਰਧਾਨ ਡਾ. ਦੇਸ਼ ਬੰਧੂ, ਸਕੱਤਰ ਡਾ. ਗੁਰਦੀਪ ਕੁਮਾਰ ਸ਼ਰਮਾ ਅਤੇ ਪ੍ਰਿੰਸੀਪਲ ਡਾ. ਰਾਜੀਵ ਕੁਮਾਰ ਦੀ ਯੋਗ ਅਗਵਾਈ ਹੇਠ ਤੇ ਡਾ. ਹਰਵਿੰਦਰ ਕੌਰ ਦੀ ਨਿਗਰਾਨੀ ਵਿੱਚ ਪੋਸਟ ਗ੍ਰੈਜੂਏਟ ਪੰਜਾਬੀ ਵਿਭਾਗ ਦੀ ਧਨੀ ਰਾਮ ਚਾਤ੍ਰਿਕ ਪੰਜਾਬੀ ਸਾਹਿਤ ਸਭਾ ਵੱਲੋਂ ਅੰਤਰਰਾਸ਼ਟਰੀ ਮਾਂ-ਬੋਲੀ ਦਿਹਾੜੇ ਨੂੰ ਸਮਰਪਿਤ ਮਾਂ ਬੋਲੀ ਦੀ ਲੋੜ ਤੇ ਮਹੱਤਵ: ਪਿੰਡ ਤੋਂ ਵਿਸ਼ਵੀ ਪਿੰਡ ਤੱਕ” ਵਿਸ਼ੇ ਉੱਤੇ ਇਕ ਵਿਸ਼ੇਸ਼ ਲੈਕਚਰ ਆਯੋਜਿਤ ਕੀਤਾ ਗਿਆ। ਇਸ ਮੌਕੇ ਡਾ. ਅਰਬਿੰਦ ਸਿੰਘ ਧੂਤ (ਸਕੱਤਰ ਅਕਾਦਮਿਕ, ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਜ਼ੋਨ ਹੁਸ਼ਿਆਰਪੁਰ) ਨੇ ਮੁੱਖ ਵਕਤਾ ਵਜੋਂ ਆਪਣੇ ਵਿਚਾਰ ਪ੍ਰਗਟ ਕੀਤੇ। ਉਨ੍ਹਾਂ ਕਿਹਾ ਕਿ ਮਾਂ-ਬੋਲੀ ਮਨੁੱਖ ਦੀ ਪਹਿਚਾਣ ਅਤੇ ਉਸ ਦੀ ਸੱਭਿਆਚਾਰਕ ਜੜ੍ਹਾਂ ਨਾਲ ਜੁੜੀ ਹੋਈ ਹੁੰਦੀ ਹੈ। ਮਾਂ-ਬੋਲੀ ਨਾ ਸਿਰਫ਼ ਵਿਅਕਤੀ ਦੇ ਭਾਵਨਾਤਮਕ ਵਿਕਾਸ ਦਾ ਆਧਾਰ ਹੈ, ਸਗੋਂ ਇਹ ਸਮਾਜ ਦੀ ਸਾਂਝੀ ਚੇਤਨਾ ਨੂੰ ਵੀ ਮਜ਼ਬੂਤ ਕਰਦੀ ਹੈ। ਗਲੋਬਲਾਈਜ਼ੇਸ਼ਨ ਦੇ ਯੁੱਗ ਵਿੱਚ ਵੀ ਆਪਣੀ ਮਾਂ-ਬੋਲੀ ਨੂੰ ਸੰਭਾਲਣਾ ਅਤੇ ਪ੍ਰਚਾਰਿਤ ਕਰਨਾ ਸਮੇਂ ਦੀ ਲੋੜ ਹੈ। “ਪਿੰਡ ਤੋਂ ਵਿਸ਼ਵੀ ਪਿੰਡ ਤੱਕ” ਦਾ ਮਤਲਬ ਇਹ ਹੈ ਕਿ ਅਸੀਂ ਆਪਣੀ ਅਸਲ ਪਹਿਚਾਣ ਅਤੇ ਮਾਂ-ਬੋਲੀ ਨੂੰ ਸੰਭਾਲ ਕੇ ਰੱਖੀਏ ਅਤੇ ਨਾਲ ਹੀ ਦੁਨੀਆ ਭਰ ਵਿੱਚ ਆਪਣੀ ਭਾਸ਼ਾ ਤੇ ਸੱਭਿਆਚਾਰ ਦੀ ਪਛਾਣ ਬਣਾਈਏ। ਇਸ ਸਮੇਂ ਪ੍ਰਿੰਸੀਪਲ ਨੇ ਆਪਣੇ ਸੰਬੋਧਨ ਵਿੱਚ ਕਿਹਾ ਕਿ ਮਾਂ-ਬੋਲੀ ਸਾਡੀ ਪਹਿਚਾਣ ਦੀ ਮਜ਼ਬੂਤ ਨੀਂਹ ਹੈ। ਵਿਦਿਆਰਥੀਆਂ ਦੇ ਬੌਧਿਕ ਅਤੇ ਨੈਤਿਕ ਵਿਕਾਸ ਲਈ ਮਾਂ-ਬੋਲੀ ਦਾ ਗਿਆਨ ਬਹੁਤ ਜ਼ਰੂਰੀ ਹੈ। ਇਸ ਸਮੇਂ ਡਾ. ਹਰਵਿੰਦਰ ਕੌਰ ਨੇ ਕਿਹਾ ਕਿ ਮਾਂ-ਬੋਲੀ ਸਾਡੀ ਪਛਾਣ ਦਾ ਆਧਾਰ ਹੈ। ਜੇ ਅਸੀਂ ਆਪਣੀ ਭਾਸ਼ਾ ਨੂੰ ਮਜ਼ਬੂਤ ਰੱਖਾਂਗੇ ਤਾਂ ਅਸੀਂ ਦੁਨੀਆ ਵਿੱਚ ਵੀ ਆਪਣੀ ਵੱਖਰੀ ਥਾਂ ਬਣਾਵਾਂਗੇ। ਡਾ. ਦੇਸ਼ ਬੰਧੂ ਅਤੇ ਡਾ. ਗੁਰਦੀਪ ਕੁਮਾਰ ਸ਼ਰਮਾ ਨੇ ਪੰਜਾਬੀ ਵਿਭਾਗ ਵੱਲੋਂ ਆਯੋਜਿਤ ਕਰਵਾਏ ਗਏ ਇਸ ਵਿਸ਼ੇਸ਼ ਲੈਕਚਰ ਦੀ ਸੁਲਾਹੁਣਾ ਕੀਤੀ ਤੇ ਕਿਹਾ ਕਿ ਇਹੋ ਜਿਹੇ ਲੈਕਚਰ ਆਯੋਜਨ ਕਰਵਾਉਣਾ ਅਜੋਕੇ ਸਮੇਂ ਦੀ ਲੋੜ ਹੈ ਜੋ ਕਿ ਇੱਕ ਬਹੁਤ ਵਧੀਆ ਉਪਰਾਲਾ ਹੈ। ਵਿਦਿਆਰਥੀਆਂ ਨੇ ਵੀ ਉਤਸ਼ਾਹ ਨਾਲ ਲੈਕਚਰ ਵਿੱਚ ਭਾਗ ਲਿਆ ਅਤੇ ਵਿਚਾਰ-ਵਟਾਂਦਰੇ ਰਾਹੀਂ ਮਾਂ-ਬੋਲੀ ਦੀ ਮਹੱਤਤਾ ਨੂੰ ਸਮਝਿਆ। ਇਸ ਸਮੇਂ ਪ੍ਰਿੰਸੀਪਲ ਵੱਲੋਂ ਇਸ ਲੈਕਚਰ ਦੇ ਮੁੱਖ ਵਕਤਾ ਡਾ. ਅਰਬਿੰਦ ਸਿੰਘ ਧੂਤ ਨੂੰ ਸਨਮਾਨ ਚਿੰਨ੍ਹ ਭੇਟ ਕਰਕੇ ਸਨਮਾਨਿਤ ਕੀਤਾ ਗਿਆ। ਇਸ ਲੈਕਚਰ ਨੂੰ ਨੇਪਰੇ ਚਾੜ੍ਹਨ ਵਿੱਚ ਪੰਜਾਬੀ ਵਿਭਾਗ ਦੀ ਧਨੀ ਰਾਮ ਚਾਤ੍ਰਿਕ ਪੰਜਾਬੀ ਸਾਹਿਤ ਸਭਾ ਦੇ ਵਿਦਿਆਰਥੀ ਮੈਂਬਰਾਂ ਵੱਲੋਂ ਆਪਣਾ ਵਿਸ਼ੇਸ਼ ਯੋਗਦਾਨ ਪਾਇਆ ਗਿਆ।