ਚੋਰੀ ਦੇ ਮੋਟਰਸਾਈਕਲ ਸਮੇਤ ਇੱਕ ਕਾਬੂ, 2 ਸਾਥੀ ਫ਼ਰਾਰ
ਬੁੱਲੋਵਾਲ ਪੁਲਿਸ ਵੱਲੋਂ ਚੋਰੀ ਦੇ ਮੋਟਰਸਾਈਕਲ ਸਮੇਤ ਇੱਕ ਕਾਬੂ, ਦੋ ਸਾਥੀ ਫਰਾਰ
Publish Date: Sat, 21 Feb 2026 07:24 PM (IST)
Updated Date: Sun, 22 Feb 2026 04:13 AM (IST)

ਸਟਾਫ ਰਿਪੋਟਰ, ਪੰਜਾਬੀ ਜਾਗਰਣ, ਹੁਸ਼ਿਆਰਪੁਰ : ਥਾਣਾ ਬੁੱਲੋਵਾਲ ਦੀ ਪੁਲਿਸ ਨੇ ਗਸ਼ਤ ਦੌਰਾਨ ਚੋਰੀ ਦੇ ਇੱਕ ਮੋਟਰਸਾਈਕਲ ਸਮੇਤ ਇੱਕ ਨੌਜਵਾਨ ਨੂੰ ਕਾਬੂ ਕਰਨ ਵਿੱਚ ਸਫਲਤਾ ਹਾਸਲ ਕੀਤੀ ਹੈ, ਜਦਕਿ ਉਸਦੇ ਦੋ ਸਾਥੀ ਮੌਕੇ ਤੋਂ ਫਰਾਰ ਹੋ ਗਏ। ਪੁਲਿਸ ਮੁਤਾਬਕ ਏਐੱਸਆਈ ਰਾਜੇਸ਼ ਕੁਮਾਰ ਦੀ ਅਗਵਾਈ ਹੇਠ ਪੁਲਿਸ ਪਾਰਟੀ ਅੱਡਾ ਨਸਰਾਲਾ ਵਿਖੇ ਗਸ਼ਤ ਅਤੇ ਚੈਕਿੰਗ ਕਰ ਰਹੀ ਸੀ। ਇਸ ਦੌਰਾਨ ਮੁਖ਼ਬਰ ਖਾਸ ਨੇ ਸੂਚਨਾ ਦਿੱਤੀ ਕਿ ਤਿੰਨ ਨੌਜਵਾਨ ਇੱਕ ਬਿਨਾਂ ਨੰਬਰੀ ਮੋਟਰਸਾਈਕਲ ’ਤੇ ਗਗਨੌਲੀ ਸਾਈਡ ਤੋਂ ਨਸਰਾਲਾ ਵੱਲ ਆ ਰਹੇ ਹਨ ਅਤੇ ਵਾਹਨ ਚੋਰੀ ਦਾ ਹੋ ਸਕਦਾ ਹੈ। ਸੂਚਨਾ ਨੂੰ ਭਰੋਸੇਯੋਗ ਮੰਨਦੇ ਹੋਏ ਪੁਲਿਸ ਪਾਰਟੀ ਤੁਰੰਤ ਗਗਨੌਲੀ ਵੱਲ ਰਵਾਨਾ ਹੋਈ। ਥੋੜ੍ਹੀ ਦੇਰ ਬਾਅਦ ਤਿੰਨ ਨੌਜਵਾਨ ਬਿਨਾਂ ਨੰਬਰੀ ਹੀਰੋ ਮੋਟਰਸਾਈਕਲ ‘ਤੇ ਆਉਂਦੇ ਦਿਖਾਈ ਦਿੱਤੇ। ਪੁਲਿਸ ਵੱਲੋਂ ਰੁਕਣ ਦਾ ਇਸ਼ਾਰਾ ਕਰਨ ‘ਤੇ ਮੋਟਰਸਾਈਕਲ ਚਾਲਕ ਨੇ ਵਾਹਨ ਪਿੱਛੇ ਮੋੜ ਕੇ ਭੱਜਣ ਦੀ ਕੋਸ਼ਿਸ਼ ਕੀਤੀ ਪਰ ਸੰਤੁਲਨ ਵਿਗੜਨ ਕਾਰਨ ਮੋਟਰਸਾਈਕਲ ਸੜਕ ਕਿਨਾਰੇ ਸਲਿੱਪ ਹੋ ਗਿਆ। ਪੁਲਿਸ ਨੇ ਮੌਕੇ ’ਤੇ ਮੋਟਰਸਾਈਕਲ ਚਾਲਕ ਨੂੰ ਕਾਬੂ ਕਰ ਲਿਆ, ਜਦਕਿ ਪਿੱਛੇ ਬੈਠੇ ਦੋ ਨੌਜਵਾਨ ਫਰਾਰ ਹੋ ਗਏ। ਕਾਬੂ ਕੀਤੇ ਗਏ ਨੌਜਵਾਨ ਦੀ ਪਛਾਣ ਪ੍ਰਭਜੋਤ ਉਰਫ ਪ੍ਰਭ ਪੁੱਤਰ ਬ੍ਰਹਮਪਾਲ ਵਾਸੀ ਦੇਅੰਤਪੁਰ, ਜ਼ਿਲ੍ਹਾ ਜਲੰਧਰ ਵਜੋਂ ਹੋਈ ਹੈ। ਪੁਲਿਸ ਅਨੁਸਾਰ ਪ੍ਰਭਜੋਤ ਮੋਟਰਸਾਈਕਲ ਦੇ ਕੋਈ ਕਾਗਜ਼ਾਤ ਪੇਸ਼ ਨਹੀਂ ਕਰ ਸਕਿਆ। ਵਾਹਨ ਦੇ ਚੈਸੀ ਅਤੇ ਇੰਜਣ ਨੰਬਰ ਦੀ ਜਾਂਚ ਦੌਰਾਨ ਸ਼ੱਕ ਹੋਣ ‘ਤੇ ਉਸ ਨਾਲ ਪੁੱਛਗਿੱਛ ਕੀਤੀ ਗਈ। ਮੁੱਢਲੀ ਪੁੱਛਗਿੱਛ ਦੌਰਾਨ ਉਸ ਨੇ ਕਥਿਤ ਤੌਰ ‘ਤੇ ਦੱਸਿਆ ਕਿ ਉਸਨੇ ਆਪਣੇ ਦੋ ਸਾਥੀਆਂ ਹਰਪ੍ਰੀਤ ਸਿੰਘ ਉਰਫ ਸੰਨੀ ਪੁੱਤਰ ਸੁਖਦੇਵ ਸਿੰਘ ਵਾਸੀ ਕਠਾਰ ਅਤੇ ਲਾਡਾ ਵਾਸੀ ਮਸਾਣੀਆ, ਜ਼ਿਲ੍ਹਾ ਜਲੰਧਰ ਨਾਲ ਮਿਲ ਕੇ ਮੋਟਰਸਾਈਕਲ ਜਲੰਧਰ ਇਲਾਕੇ ਤੋਂ ਚੋਰੀ ਕੀਤਾ ਸੀ। ਪੁਲਿਸ ਨੇ ਦੱਸਿਆ ਕਿ ਮਾਮਲੇ ਸੰਬੰਧੀ ਭਾਰਤੀ ਨਿਆਏ ਸੰਹਿਤਾ ਦੀਆਂ ਸੰਬੰਧਿਤ ਧਾਰਾਵਾਂ ਹੇਠ ਕੇਸ ਦਰਜ ਕਰ ਲਿਆ ਗਿਆ ਹੈ। ਫਰਾਰ ਨੌਜਵਾਨਾਂ ਦੀ ਗ੍ਰਿਫਤਾਰੀ ਲਈ ਛਾਪੇਮਾਰੀ ਜਾਰੀ ਹੈ ਅਤੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।