ਇੱਕ ਕਿੱਲੋ ਅਫੀਮ ਸਣੇ ਆਰਐੱਮਪੀ ਡਾਕਟਰ ਕਾਬੂ
ਇੱਕ ਕਿੱਲੋ ਅਫੀਮ ਸਮੇਤ ਇੱਕ ਆਰ ਐਮਪੀ ਡਾਕਟਰ ਕਾਬੂ
Publish Date: Sat, 21 Feb 2026 07:10 PM (IST)
Updated Date: Sun, 22 Feb 2026 04:12 AM (IST)

ਪੂਰੇ ਹੁਸ਼ਿਆਰਪੁਰ ਜ਼ਿਲ੍ਹੇ ’ਚ ਕਰਦਾ ਸੀ ਅਫੀਮ ਦੀ ਸਪਲਾਈ ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਟਾਂਡਾ ਉੜਮੁੜ: ਥਾਣਾ ਟਾਂਡਾ ਪੁਲਿਸ ਨੇ ਅਫੀਮ ਦੀ ਸਪਲਾਈ ਕਰਨ ਵਾਲੇ ਇੱਕ ਆਰ ਐਮਪੀ ਡਾਕਟਰ ਨੂੰ ਇੱਕ ਕਿੱਲੋ ਅਫੀਮ ਸਮੇਤ ਕਾਬੂ ਕਰਕੇ ਮਾਮਲਾ ਦਰਜ ਕੀਤਾ ਹੈ। ਮੁਲਜ਼ਮ ਦੀ ਪਛਾਣ ਬੂਟਾ ਸਿੰਘ ਉਰਫ ਮੱਲੀ ਪੁੱਤਰ ਮਹਿੰਦਰ ਸਿੰਘ ਵਾਸੀ ਮੱਲੀਆ ਥਾਣਾ ਜੰਡਿਆਲਾ ਗੁਰੂ ਜਿਲ੍ਹਾ ਅੰਮ੍ਰਿਤਸਰ ਵਜੋਂ ਹੋਈ। ਇਸ ਸਬੰਧੀ ਹੋਰ ਜਾਣਕਾਰੀ ਦਿੰਦੇ ਹੋਏ ਐਸਐਚੳ ਟਾਂਡਾ ਗੁਰਿੰਦਰਜੀਤ ਸਿੰਘ ਨਾਗਰਾ ਨੇ ਦੱਸਿਆ ਕਿ ਜ਼ਿਲ੍ਹਾ ਪੁਲਿਸ ਮੁਖੀ ਹੁਸ਼ਿਆਰਪੁਰ ਸੰਦੀਪ ਕੁਮਾਰ ਮਲਿਕ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਡੀਐਸਪੀ ਟਾਂਡਾ ਦਵਿੰਦਰ ਸਿੰਘ ਬਾਜਵਾ ਦੀ ਸਰਪ੍ਰਸਤੀ ਹੇਠ ਨਸ਼ਾ ਤਸਕਰਾਂ ’ਤੇ ਕਾਬੂ ਪਾਉਣ ਲਈ ਚਲਾਈ ਜਾ ਰਹੀ ਵਿਸ਼ੇਸ਼ ਮੁਹਿੰਮ ਤਹਿਤ ਟਾਂਡਾ ਪੁਲਿਸ ਦੇ ਹੈਡ ਕਾਂਸਟੇਬਲ ਵਿਕਾਸ ਮਹਿਤਾ ਨੂੰ ਸਮੇਤ ਪੁਲਿਸ ਪਾਰਟੀ ਉਸ ਸਮੇ ਵੱਡੀ ਸਫਲਤਾ ਹਾਸਲ ਹੋਈ ਜਦੋਂ ਪੁਲਿਸ ਪਾਰਟੀ ਨੇ ਗਸ਼ਤ ਦੌਰਾਨ ਹਰਸੀ ਪਿੰਡ ਮੋੜ ਨੇੜੇ ਨਾਕਾ ਲਗਾਇਆ ਹੋਇਆ ਸੀ ਤਾਂ ਨੈਸ਼ਨਲ ਹਾਈਵੇ ਤੇ ਦਸੂਹਾ ਸਾਇਡ ਤੋ ਇੱਕ ਵਿਅਕਤੀ ਪੈਦਲ ਆਉਦਾ ਦਿਖਾਈ ਦਿੱਤਾ ਜੋ ਪੁਲਿਸ ਪਾਰਟੀ ਨੂੰ ਦੇਖ ਕੇ ਪਿਛੇ ਨੂੰ ਮੁੜਨ ਲੱਗਾ ਤਾਂ ਟਾਂਡਾ ਪੁਲਿਸ ਨੇ ਮੌਕੇ ਤੇ ਉਕਤ ਵਿਅਕਤੀ ਨੂੰ ਰੋਕ ਤਲਾਸ਼ੀ ਲਈ ਤਾਂ ਉਸ ਕੋਲੋਂ ਇੱਕ ਕਿੱਲੋ ਅਫੀਮ ਬਰਾਮਦ ਹੋਈ। ਐੱਸਐੱਚਓ ਨੇ ਦੱਸਿਆ ਕਿ ਟਾਂਡਾ ਪੁਲਿਸ ਨੇ ਮੌਕੇ ’ਤੇ ਉਕਤ ਵਿਅਕਤੀ ਨੂੰ ਅਫੀਮ ਸਮੇਤ ਕਾਬੂ ਕਰਕੇ ਥਾਣਾ ਟਾਂਡਾ ਲਿਆਂਦਾ ਤਾਂ ਮਾਮਲਾ ਦਰਜ ਕਰਨ ਤੋਂ ਬਾਅਦ ਕੀਤੀ ਮੁਢਲੀ ਪੁੱਛਗਿੱਛ ਦੌਰਾਨ ਇਹ ਸਾਹਮਣੇ ਆਇਆ ਕਿ ਉਕਤ ਬੂਟਾ ਸਿੰਘ ਮੱਲੀ ਜੰਡਿਆਲਾ ਇਲਾਕੇ ’ਚ ਆਯੁਰਵੈਦਿਕ ਦਵਾਈਆਂ ਤੇ ਆਰਐੱਮਪੀ ਡਾਕਟਰ ਵਜੋਂ ਦੁਕਾਨ ਚਲਾਉਂਦਾ ਹੈ। ਉਨ੍ਹਾਂ ਦੱਸਿਆ ਕਿ ਮੁਲਜ਼ਮ ਬੂਟਾ ਸਿੰਘ ਪੂਰੇ ਜ਼ਿਲ੍ਹਾ ਹੁਸ਼ਿਆਰਪੁਰ ਤੇ ਟਾਂਡਾ ਇਲਾਕੇ ਦੇ ਆਲੇ-ਦੁਆਲੇ ਦੇ ਪਿੰਡਾਂ ਵਿੱਚ ਅਫੀਮ ਸਪਲਾਈ ਕਰਨ ਦਾ ਧੰਦਾ ਕਰਦਾ ਹੈ। ਐਸਐਚਓ ਨੇ ਦੱਸਿਆ ਕਿ ਉਕਤ ਮੁਲਜ਼ਮ ਨੂੰ ਅਦਾਲਤ ਦਸੂਹਾ ਵਿੱਚ ਪੇਸ਼ ਕਰਕੇ ਉਸਦਾ ਰਿਮਾਂਡ ਲੈਣ ਤੋਂ ਬਾਅਦ ਹੋਰ ਗੰਭੀਰਤਾ ਨਾਲ ਪੁੱਛਗਿੱਛ ਕੀਤੀ ਜਾਵੇਗੀ। ਉਨ੍ਹਾਂ ਦੱਸਿਆ ਕਿ ਪੁਛਗਿੱਛ ਦੌਰਾਨ ਹੋਰ ਅਹਿਮ ਖੁਲਾਸੇ ਹੋਣ ਦੀ ਸੰਭਾਵਨਾ ਹੈ।