ਪਤਨੀ ਤੇ ਰਿਸ਼ਤੇਦਾਰਾਂ ਤੋਂ ਤੰਗ ਆ ਕੇ ਨੌਜਵਾਨ ਨੇ ਕੀਤੀ ਖੁਦਕੁਸ਼ੀ
ਪਤਨੀ ਅਤੇ ਰਿਸ਼ਤੇਦਾਰਾਂ ਤੋਂ ਤੰਗ ਆ ਕੇ ਨੌਜਵਾਨ ਨੇ ਕੀਤੀ ਖੁਦਕੁਸ਼ੀ, ਪੁਲਿਸ ਵੱਲੋਂ ਪਤਨੀ ਸਮੇਤ 3 ਖਿਲਾਫ ਮਾਮਲਾ ਦਰਜ
Publish Date: Sat, 21 Feb 2026 06:41 PM (IST)
Updated Date: Sun, 22 Feb 2026 04:10 AM (IST)

ਪੁਲਿਸ ਵੱਲੋਂ ਪਤਨੀ ਸਮੇਤ 3 ਖਿਲਾਫ ਮਾਮਲਾ ਦਰਜ ਸਟਾਫ ਰਿਪੋਰਟਰ, ਪੰਜਾਬੀ ਜਾਗਰਣ, ਹੁਸ਼ਿਆਰਪੁਰ : ਥਾਣਾ ਮਾਡਲ ਟਾਊਨ ਪੁਲਿਸ ਨੇ ਇੱਕ ਨੌਜਵਾਨ ਨੂੰ ਕਥਿਤ ਤੌਰ ‘ਤੇ ਖੁਦਕੁਸ਼ੀ ਲਈ ਉਕਸਾਉਣ ਦੇ ਦੋਸ਼ ਹੇਠ ਉਸ ਦੀ ਪਤਨੀ ਅਤੇ ਦੋ ਹੋਰ ਰਿਸ਼ਤੇਦਾਰਾਂ ਖ਼ਿਲਾਫ਼ ਭਾਰਤੀ ਨਿਆਏ ਸੰਹਿਤਾ ਦੀ ਧਾਰਾ 108 (ਖੁਦਕੁਸ਼ੀ ਲਈ ਉਕਸਾਉਣਾ) ਤਹਿਤ ਮਾਮਲਾ ਦਰਜ ਕੀਤਾ ਹੈ। ਪੁਲਿਸ ਅਨੁਸਾਰ ਰਾਕੇਸ਼ ਕੁਮਾਰ (39) ਦਾ ਵਿਆਹ ਸਾਲ 2012 ਵਿੱਚ ਅੰਮ੍ਰਿਤਸਰ ਦੀ ਰਹਿਣ ਵਾਲੀ ਸਪਨਾ ਨਾਲ ਹੋਇਆ ਸੀ। ਰਾਕੇਸ਼ ਹੁਸ਼ਿਆਰਪੁਰ ਦੀ ਇੱਕ ਕਾਰ ਏਜੰਸੀ ਵਿੱਚ ਕੰਮ ਕਰਦਾ ਸੀ ਜਦਕਿ ਉਸ ਦੀ ਪਤਨੀ ਨਿੱਜੀ ਹਸਪਤਾਲ ਵਿੱਚ ਨਰਸ ਵਜੋਂ ਸੇਵਾ ਨਿਭਾ ਰਹੀ ਸੀ। ਦੋਸ਼ ਹੈ ਕਿ ਪਿਛਲੇ ਸੱਤ ਮਹੀਨਿਆਂ ਤੋਂ ਸਪਨਾ ਉਸ ਤੋਂ ਵੱਖ ਰਹਿ ਰਹੀ ਸੀ ਅਤੇ ਤਲਾਕ ਲਈ ਦਬਾਅ ਪਾ ਰਹੀ ਸੀ, ਜਿਸ ਕਾਰਨ ਉਹ ਮਾਨਸਿਕ ਤੌਰ ‘ਤੇ ਪਰੇਸ਼ਾਨ ਰਹਿੰਦਾ ਸੀ। 18 ਫਰਵਰੀ 2026 ਨੂੰ ਰਾਕੇਸ਼ ਘਰੋਂ ਕੰਮ ‘ਤੇ ਗਿਆ ਪਰ ਵਾਪਸ ਨਾ ਆਇਆ। ਦੇਰ ਰਾਤ ਉਸ ਨੂੰ ਦਸਮੇਸ਼ ਨਗਰ ਫੁੱਟਬਾਲ ਮੈਦਾਨ ਨੇੜੇ ਬੇਹੋਸ਼ ਹਾਲਤ ਵਿੱਚ ਮਿਲਿਆ ਅਤੇ ਸਿਵਲ ਹਸਪਤਾਲ ਲਿਜਾਇਆ ਗਿਆ, ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤ ਘੋਸ਼ਿਤ ਕਰ ਦਿੱਤਾ। ਮ੍ਰਿਤਕ ਦੀ ਮਾਤਾ ਊਸ਼ਾ ਰਾਣੀ ਦੇ ਬਿਆਨ ਦੇ ਆਧਾਰ ‘ਤੇ ਪੁਲਿਸ ਨੇ ਸਪਨਾ ਤੋਂ ਇਲਾਵਾ ਪਰਮਜੀਤ ਸਿੰਘ ਵਾਸੀ ਮੁਹੱਲਾ ਕੀਰਤੀ ਨਗਰ ਤੇ ਸੀਮਾ ਰਾਣੀ ਵਾਸੀ ਟੈਗੋਰ ਨਗਰ, ਹੁਸ਼ਿਆਰਪੁਰ ਵਿਰੁੱਧ ਮਾਮਲਾ ਦਰਜ ਕੀਤਾ ਹੈ। ਸ਼ਿਕਾਇਤ ’ਚ ਦੋਸ਼ ਲਾਇਆ ਗਿਆ ਹੈ ਕਿ ਤਲਾਕ ਲਈ ਕਥਿਤ ਤੰਗ-ਪਰੇਸ਼ਾਨ ਕਰਨ ਕਾਰਨ ਉਸ ਨੇ ਜ਼ਹਿਰੀਲੀ ਚੀਜ਼ ਦਾ ਸੇਵਨ ਕਰ ਲਿਆ। ਜਾਂਚ ਅਧਿਕਾਰੀ ਨੇ ਦੱਸਿਆ ਕਿ ਲਾਸ਼ ਦਾ ਪੋਸਟਮਾਰਟਮ ਕਰਵਾਇਆ ਗਿਆ ਹੈ ਤੇ ਰਿਪੋਰਟ ਆਉਣ ਤੋਂ ਬਾਅਦ ਮੌਤ ਦੇ ਅਸਲ ਕਾਰਨ ਦਾ ਪਤਾ ਲੱਗੇਗਾ। ਦੋਸ਼ੀਆਂ ਦੀ ਗ੍ਰਿਫ਼ਤਾਰੀ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ। ਮ੍ਰਿਤਕ ਦੇ ਵਾਰਸਾਂ ਨੇ ਕਥਿਤ ਦੋਸ਼ੀਆਂ ਦੀ ਗ੍ਰਿਫ਼ਤਾਰੀ ਤੱਕ ਅੰਤਿਮ ਸੰਸਕਾਰ ਕਰਨ ਤੋਂ ਇਨਕਾਰ ਕਰ ਦਿੱਤਾ ਹੈ।