ਵਿਆਹੁਤਾ ਦੀ ਮੌਤ, ਮਾਪਿਆਂ ਨੇ ਜਵਾਈ ਤੇ ਉਸ ਦੇ ਪਰਿਵਾਰ ’ਤੇ ਲਾਏ ਮਾਰਨ ਦੇ ਦੋਸ਼
ਵਿਆਹੁਤਾ ਦੇ ਮਾਪਿਆਂ ਨੇ ਜੁਆਈ ਤੇ ਉਸ ਦੇ ਪਰਿਵਾਰ ਤੇ ਲਾਏ ਮਾਰਨ ਦੇ ਦੋਸ
Publish Date: Sat, 21 Feb 2026 06:39 PM (IST)
Updated Date: Sun, 22 Feb 2026 04:10 AM (IST)

ਜੁਆਈ ਨੇ ਦੋਸਾ ਨੂੰ ਨਕਾਰਿਆ ਸਤਨਾਮ ਲੋਈ, ਪੰਜਾਬੀ ਜਾਗਰਣ, ਮਾਹਿਲਪੁਰ : ਥਾਣਾ ਮਾਹਿਲਪੁਰ ਅਧੀਨ ਪੈਂਦੇ ਪਿੰਡ ਕੁੱਕੜਾ ’ਚ ਰਹਿੰਦੇ ਪ੍ਰਵਾਸੀ ਮਜ਼ਦੂਰਾਂ ਦੀ ਇੱਕ ਵਿਆਹੁਤਾ ਦੀ ਮੌਤ ਹੋਣ ’ਤੇ ਲੜਕੀ ਦੇ ਪਰਿਵਾਰ ਵਾਲਿਆਂ ਨੇ ਆਪਣੇ ਦਾਮਾਦ ਤੇ ਉਸਦੇ ਪਰਿਵਾਰ ਤੇ ਹੱਤਿਆ ਦੇ ਦੋਸ਼• ਲਾਏ ਹਨ। ਲੜਕੀ ਦੇ ਮਮੇਰੇ ਭਰਾ ਵਲੋਂ ਮੌਕੇ ’ਤੇ ਪਹੁੰਚ ਕੇ ਮਨ੍ਹਾ ਕਰਨ ਦੇ ਬਾਵਜੁਦ ਜਲਦਬਾਜ਼ੀ ’ਚ ਸਵੇਰੇ ਕਰੀਬ 8.30 ਵਜੇ ਹੀ ਸੰਸਕਾਰ ਕਰ ਦਿੱਤਾ। ਲੜਕੀ ਦੇ ਪਰਿਵਾਰ ਵਾਲਿਆਂ ਨੇ ਪਿੰਡ ਦੇ ਸਰਪੰਚ ਸਮੇਤ ਮੋਹਤਬਰ ਵਿਅਕਤੀਆਂ ਨਾਲ ਯੂਪੀ ਤੋਂ ਪਹੁੰਚ ਕੇ ਪੁਲਸ ਕੋਲ ਇਨਸਾਫ਼ ਦੀ ਗੁਹਾਰ ਲਾਈ ਹੈ। ਮ੍ਰਿਤਕ ਦੇ ਪਿਤਾ ਦਾਨਵੀਰ ਵਾਸੀ ਪਿੰਡ ਪੱਟੀ ਬਾਲੂ ਸ਼ੰਕਰ ਥਾਣਾ ਘਨਾਰੀ ਜ਼ਿਲ੍ਹਾ ਸੰਭਲ (ਯੂਪੀ), ਮਾਤਾ ਰਾਜਵਤੀ ਭਰਾ ਮੋਰਧਜ, ਜੈ ਕਿਸ਼ਨ ਨੇ ਪਿੰਡ ਦੇ ਸਰਪੰਚ ਰਾਜਿੰਦਰ ਸਿੰਘ, ਹਰਪਾਲ ਸਿੰਘ, ਵਰਿੰਦਰ, ਸੋਮਵਤੀ, ਕੱਲੂ, ਧਵਨ ਸਿੰਘ, ਧਾਨ ਸਿੰਘ, ਰਾਮ ਬਿਲਾਸ ਆਦਿ ਦੀ ਮੌਜੂਦਗੀ ’ਚ ਥਾਣਾ ਮਾਹਿਲਪੁਰ ਵਿਖੇ ਦੱਸਿਆ ਕਿ ਉਨ੍ਹਾਂ ਦੀ ਲੜਕੀ ਰਾਜਕੁਮਾਰੀ ਦੀ ਸ਼ਾਦੀ 16 ਫਰਵਰੀ 2024 ਨੂੰ ਹੋਈ ਸੀ। ਸ਼ਾਦੀ ਤੋਂ ਬਾਦ ਉਨ੍ਹਾਂ ਦਾ ਦਮਾਦ ਰਾਜਕੁਮਾਰੀ ਨੂੰ ਆਪਣੇ ਨਾਲ ਪਿੰਡ ਕੁੱਕੜਾ ਲੈ ਆਇਆ। ਉਨ੍ਹਾਂ ਦੱਸਿਆ ਕਿ ਕਰੀਬ 6 ਮਹੀਨੇ ਪਹਿਲਾਂ ਰਾਜਕੁਮਾਰੀ ਨੇ ਇਕ ਲੜਕੀ ਨੂੰ ਜਨਮ ਦਿੱਤਾ। ਲੜਕੀ ਪੈਦਾ ਹੋਣ ਕਰ ਕੇ ਸਨੀ ਰਾਜਕੁਮਾਰੀ ਦੀ ਕੁੱਟਮਾਰ ਕਰਨ ਲੱਗ ਪਿਆ। ਉਨ੍ਹਾਂ ਦੱਸਿਆ ਕਿ ਉਨ੍ਹਾਂ ਨੇ ਯੂਪੀ ਤੋਂ ਆ ਕੇ ਕਈ ਵਾਰ ਉਸ ਨੂੰ ਸਮਝਾਇਆ ਪਰ ਉਸ ਦੇ ਵਤੀਰੇ ’ਚ ਕੋਈ ਫਰਕ ਨਹੀਂ ਪਿਆ। ਉਨ੍ਹਾਂ ਦੱਸਿਆ ਕਿ 18 ਫਰਵਰੀ ਸ਼ਾਮ 7 ਵਜੇ ਦੇ ਕਰੀਬ ਸਨੀ ਨੇ ਉਨ੍ਹਾਂ ਨੂੰ ਫੋਨ ਤੇ ਦੱਸਿਆ ਕਿ ਰਾਜਕੁਮਾਰੀ ਦੀ ਸਿਹਤ ਖਰਾਬ ਹੈ ਤੇ ਦੂਸਰੇ ਦਿਨ 19 ਫਰਵਰੀ ਨੂੰ ਸਵੇਰ 6.00 ਵਜੇ ਸਨੀ ਨੇ ਫਿਰ ਫੋਨ ਕਰ ਕੇ ਦੱਸਿਆ ਕਿ ਰਾਜਕੁਮਾਰੀ ਦੀ ਮੌਤ ਹੋ ਗਈ ਹੈ। ਉਨ੍ਹਾਂ ਦੱਸਿਆ ਕਿ ਸੂਚਨਾ ਊਨਾ (ਹਿਮਾਚਲ ਪ੍ਰਦੇਸ਼) ਰਹਿੰਦੇ ਰਾਜਕੁਮਾਰੀ ਦੇ ਮਾਮੇ ਦੇ ਲੜਕੇ ਹਰੀਸ਼ ਕੁਮਾਰ ਨੂੰ ਦਿੱਤੀ। ਹਰੀਸ਼ ਕੁਮਾਰ ਨੇ ਕੁੱਕੜਾ ਪਿੰਡ ਪਹੁੰਚ ਕੇ ਦੇਖਿਆ ਕਿ ਰਾਜ ਕੁਮਾਰੀ ਦੀ ਮੌਤ ਹੋ ਚੁੱਕੀ ਸੀ ਤੇ ਉਸਦੀ ਗਰਦਨ ’ਤੇ ਨਿਸ਼ਾਨ ਸਨ। ਉਨ੍ਹਾਂ ਦੱਸਿਆ ਕਿ ਹਰੀਸ਼ ਵਲੋਂ ਗਲੇ ’ਤੇ ਪਏ ਨਿਸ਼ਾਨਾਂ ਬਾਰੇ ਪੁੱਛਣ ’ਤੇ ਸਨੀ ਆਪਣੇ ਪਰਿਵਾਰ ਸਮੇਤ ਸਵੇਰੇ 9 ਵਜੇ ਦੇ ਕਰੀਬ ਰਾਜ ਕੁਮਾਰੀ ਦੀ ਲਾਸ਼ ਨੂੰ ਸ਼ਮਸ਼ਾਨਘਾਟ ਲੈ ਕੇ ਚੱਲ ਪਏ। ਹਰੀਸ਼ ਨੇ ਇਸ ਬਾਰੇ ਡਾਇਲ 112 ’ਤੇ ਸੂਚਨਾ ਦਿੱਤੀ, ਜਿਨ੍ਹਾਂ ਨੇ ਥਾਣਾ ਮਾਹਿਲਪੁਰ ਸ਼ਿਕਾਇਤ ਦਰਜ ਕਰਵਾਉਣ ਲਈ ਕਿਹਾ। ਉਨ੍ਹਾਂ ਦੱਸਿਆ ਕਿ ਹਰੀਸ਼ ਦੇ ਸਸਕਾਰ ਤੋਂ ਮਨ੍ਹਾ ਕਰਨ ਦੇ ਬਾਵਜੂਦ ਵੀ ਰਾਜਕੁਮਾਰੀ ਦੇ ਸਹੁਰੇ ਵਾਲਿਆਂ ਨੇ ਉਸ ਦਾ ਸਸਕਾਰ ਕਰ ਦਿੱਤਾ। ਉਨ੍ਹਾਂ ਦੱਸਿਆ ਕਿ ਉਹ ਆਪਣੇ ਪਿੰਡ ਦੇ ਸਰਪੰਚ ਸਮੇਤ ਮੋਹਤਬਰ ਵਿਅਕਤੀਆਂ ਨੂੰ ਨਾਲ ਲੈ ਕੇ ਥਾਣਾ ਮਾਹਿਲਪੁਰ ਪਹੁੰਚੇ, ਜਿੱਥੇ ਉਨ੍ਹਾਂ ਦੀ ਕੋਈ ਵੀ ਸੁਣਵਾਈ ਨਹੀਂ ਹੋ ਰਹੀ। ਉਨ੍ਹਾਂ ਮੰਗ ਕੀਤੀ ਕਿ ਉਨ੍ਹਾਂ ਨੂੰ ਇਨਸਾਫ਼ ਦਿੱਤਾ ਜਾਵੇ। ਇਸ ਬਾਰੇ ਮ੍ਰਿਤਕ ਰਾਜਕੁਮਾਰੀ ਪਤੀ ਸਨੀ ਨੇ ਆਪਣੇ ’ਤੇ ਲਾਏ ਦੋਸ਼ਾਂ ਨੂੰ ਨਕਾਰਦੇ ਹੋਏ ਥਾਣਾ ਮਾਹਿਲਪੁਰ ’ਚ ਦੱਸਿਆ ਕਿ ਰਾਜਕੁਮਾਰੀ ਕੁਝ ਦਿਨਾਂ ਤੋਂ ਪੀਲੀਏ ਦੀ ਸ਼ਿਕਾਇਤ ਕਾਰਨ ਬਿਮਾਰ ਸੀ, ਜਿਸ ਨੂੰ ਗੜ੍ਹਸ਼ੰਕਰ ਦੇ ਇੱਕ ਨਿੱਜੀ ਹਸਪਤਾਲ ’ਚ ਭਰਤੀ ਵੀ ਕਰਾਇਆ ਸੀ ਤੇ ਉਸ ਦਾ ਇਲਾਜ ਚੱਲ ਰਿਹਾ ਸੀ। 19 ਫਰਵਰੀ ਨੂੰ ਸਵੇਰੇ 6 ਵਜੇ ਉਸ ਦੀ ਮੌਤ ਹੋ ਗਈ। ਉਸ ਨੇ ਦੱਸਿਆ ਕਿ ਮੌਤ ਦੀ ਸੂਚਨਾ ਦੇਣ ’ਤੇ ਉਸ ਦੇ ਸਹੁਰੇ ਦਾਨਵੀਰ ਨੇ ਯੂਪੀ ਤੋਂ ਪੰਜਾਬ ਆਉਣ ਲਈ ਜਵਾਬ ਦੇ ਦਿੱਤਾ ਤਾਂ ਉਨ੍ਹਾਂ ਨੇ ਉਸ ਦਾ ਸਸਕਾਰ ਕਰ ਦਿੱਤਾ, ਜਦੋ ਇਸ ਸਬੰਧੀ ਥਾਣਾ ਮੁਖੀ ਮਦਨ ਸਿੰਘ ਨਾਲ ਗੱਲ ਕੀਤੀ ਤਾ ਉਨ੍ਹਾਂ ਕਿਹਾ ਕਿ ਜਾਂਚ ਚੱਲ ਰਹੀ ਹੈ, ਜੋ ਵੀ ਤੱਥ ਸਾਹਮਣੇ ਆਏ ਉਸ ਮੁਤਾਬਕ ਕਾਰਵਾਈ ਕਰ ਦਿੱਤੀ ਜਾਵੇਗੀ