ਡਿਜੀਟਲ ਅਰਥਵਿਵਸਥਾ ਵਿਸ਼ੇ ’ਤੇ ਕੇਸ ਸਟੱਡੀ ਮੁਕਾਬਲਾ ਕਰਵਾਇਆ
ਸਨਾਤਨ ਧਰਮ ਕਾਲਜ ਹੁਸ਼ਿਆਰਪੁਰ ਵਿਖੇ 'ਡਿਜੀਟਲ ਅਰਥਵਿਵਸਥਾ' ਵਿਸ਼ੇ 'ਤੇ ਕੇਸ ਸਟੱਡੀ ਮੁਕਾਬਲਾ ਕਰਵਾਇਆ ਗਿਆ
Publish Date: Sat, 21 Feb 2026 06:12 PM (IST)
Updated Date: Sun, 22 Feb 2026 04:10 AM (IST)

ਸੰਜੀਵ ਸੂਦ, ਪੰਜਾਬੀ ਜਾਗਰਣ, ਹੁਸ਼ਿਆਰਪੁਰ : ਸਨਾਤਨ ਧਰਮ ਕਾਲਜ, ਹੁਸ਼ਿਆਰਪੁਰ ਵਿਖੇ ਅਰਥਸ਼ਾਸਤਰ ਵਿਭਾਗ ਵੱਲੋਂ “ਡਿਜੀਟਲ ਅਰਥਵਿਵਸਥਾ ਅਤੇ ਕੈਸ਼ਲੈੱਸ ਇੰਡੀਆ” ਵਿਸ਼ੇ ‘ਤੇ ਇੱਕ ਵਿਸ਼ੇਸ਼ ਕੇਸ ਸਟੱਡੀ ਮੁਕਾਬਲੇ ਦਾ ਆਯੋਜਨ ਕੀਤਾ ਗਿਆ। ਇਹ ਪ੍ਰੋਗਰਾਮ ਪ੍ਰਬੰਧਕੀ ਕਮੇਟੀ ਦੇ ਪ੍ਰਧਾਨ ਡਾ. ਹੇਮਾ ਸ਼ਰਮਾ, ਸਕੱਤਰ ਸ਼੍ਰੀਗੋਪਾਲ ਸ਼ਰਮਾ ਅਤੇ ਕਾਰਜਕਾਰੀ ਪ੍ਰਿੰਸੀਪਲ ਪ੍ਰੋ. ਪ੍ਰਸ਼ਾਂਤ ਸੇਠੀ ਦੇ ਯੋਗ ਮਾਰਗਦਰਸ਼ਨ ਹੇਠ ਅਰਥਸ਼ਾਸਤਰ ਵਿਭਾਗ ਦੇ ਮੁਖੀ ਡਾ. ਮੋਨਿਕਾ ਦੀ ਦੇਖ-ਰੇਖ ਵਿੱਚ ਸਫਲਤਾਪੂਰਵਕ ਨੇਪਰੇ ਚੜ੍ਹਿਆ। ਮੁਕਾਬਲੇ ਦਾ ਮੁੱਖ ਉਦੇਸ਼ ਵਿਦਿਆਰਥੀਆਂ ਵਿੱਚ ਆਧੁਨਿਕ ਆਰਥਿਕ ਪ੍ਰਣਾਲੀ ਬਾਰੇ ਸਮਝ ਵਿਕਸਿਤ ਕਰਨਾ ਅਤੇ ਵਿਚਾਰਸ਼ੀਲ ਸੋਚ ਨੂੰ ਉਤਸ਼ਾਹਿਤ ਕਰਨਾ ਸੀ। ਵੱਖ-ਵੱਖ ਕਲਾਸਾਂ ਦੇ ਵਿਦਿਆਰਥੀਆਂ ਨੇ ਉਤਸ਼ਾਹ ਨਾਲ ਭਾਗ ਲੈਂਦੇ ਹੋਏ ਇਲੈਕਟ੍ਰਾਨਿਕ ਭੁਗਤਾਨ ਪ੍ਰਣਾਲੀ, ਬੈਂਕਿੰਗ ਸਹੂਲਤਾਂ ਅਤੇ ਬਿਨਾ ਨਗਦ ਲੈਣ-ਦੇਣ ਦੇ ਲਾਭਾਂ ਬਾਰੇ ਆਪਣੇ ਵਿਚਾਰ ਪੇਸ਼ ਕੀਤੇ। ਮੁਕਾਬਲੇ ਦੌਰਾਨ ਰਾਜਨੀਤੀ ਸ਼ਾਸਤਰ ਵਿਭਾਗ ਦੀ ਮੁਖੀ ਡਾ. ਦੀਪਿਕਾ ਥਾਲੀਆ ਅਤੇ ਸੂਚਨਾ ਤਕਨਾਲੋਜੀ ਵਿਭਾਗ ਤੋਂ ਪ੍ਰੋ. ਪੂਜਾ ਨੇ ਨਿਰਣਾਇਕ ਦੀ ਭੂਮਿਕਾ ਨਿਭਾਈ। ਨਤੀਜਿਆਂ ਅਨੁਸਾਰ ਬੀ.ਕਾਮ ਭਾਗ ਤੀਜਾ ਦੀ ਵਿਦਿਆਰਥਣ ਤੇਜਸਵਨੀ ਨੇ ਪਹਿਲਾ, ਆਸਥਾ ਸ਼ਰਮਾ ਨੇ ਦੂਜਾ ਅਤੇ ਮਹਿਕ ਮਰਵਾਹਾ ਨੇ ਤੀਜਾ ਸਥਾਨ ਪ੍ਰਾਪਤ ਕੀਤਾ। ਕਸ਼ਿਸ਼ ਗੁਪਤਾ ਨੂੰ ਪ੍ਰਸ਼ੰਸਾ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ। ਇਸ ਮੌਕੇ ਡਾ. ਮੇਘਾ ਦੂਆ ਅਤੇ ਵਿਦਿਆਰਥੀ ਨਿਖਲ ਸ਼ਰਮਾ ਨੇ ਮੰਚ ਸੰਚਾਲਨ ਕੀਤਾ। ਸਮਾਗਮ ਵਿੱਚ ਡਾ. ਪਲਵਿੰਦਰ ਕੌਰ, ਡਾ. ਰਵਲੀਨ ਕੌਰ, ਪ੍ਰੋ. ਕੇਸ਼ਵ, ਪ੍ਰੋ. ਕ੍ਰਿਸ਼ਮਾ ਅਤੇ ਪ੍ਰੋ. ਖੁਸ਼ਦੀਪ ਵੀ ਮੌਜੂਦ ਰਹੇ।