ਵਧਦਾ ਤਾਪਮਾਨ ਕਣਕ ਦੀ ਫਸਲ ਲਈ ਬਣਿਆ ਚੁਣੌਤੀ
ਵਧਦਾ ਤਾਪਮਾਨ ਕਣਕ ਦੀ ਫਸਲ ਲਈ ਬਣਿਆ ਚੁਣੌਤੀ; ਖੇਤੀਬਾੜੀ ਮਾਹਿਰਾਂ ਨੇ ਕਿਸਾਨਾਂ ਲਈ ਜਾਰੀ ਕੀਤੀਆਂ ਜ਼ਰੂਰੀ ਹਦਾਇਤਾਂ
Publish Date: Fri, 20 Feb 2026 08:02 PM (IST)
Updated Date: Sat, 21 Feb 2026 04:13 AM (IST)

ਖੇਤੀਬਾੜੀ ਮਾਹਿਰਾਂ ਨੇ ਕਿਸਾਨਾਂ ਲਈ ਜਾਰੀ ਕੀਤੀਆਂ ਜ਼ਰੂਰੀ ਹਦਾਇਤਾਂ ਸੰਜੀਵ ਸੂਦ,ਪੰਜਾਬੀ ਜਾਗਰਣ, ਹੁਸ਼ਿਆਰਪੁਰ : ਪੰਜਾਬ ਵਿੱਚ ਫਰਵਰੀ ਮਹੀਨੇ ਦੌਰਾਨ ਤਾਪਮਾਨ ਵਿੱਚ ਹੋ ਰਹੇ ਲਗਾਤਾਰ ਵਾਧੇ ਨੇ ਕਣਕ ਦੀ ਫਸਲ ਦੇ ਝਾੜ ਅਤੇ ਗੁਣਵੱਤਾ ਨੂੰ ਲੈ ਕੇ ਚਿੰਤਾਵਾਂ ਵਧਾ ਦਿੱਤੀਆਂ ਹਨ। ਫਰਵਰੀ 2026 ਦੇ ਦੂਜੇ ਹਫਤੇ ਦੌਰਾਨ ਤਾਪਮਾਨ ਪਿਛਲੇ ਸਾਲ ਨਾਲੋਂ ਲਗਭਗ 2 ਤੋਂ 4 ਡਿਗਰੀ ਸੈਲਸੀਅਸ ਵੱਧ ਦਰਜ ਕੀਤਾ ਗਿਆ ਹੈ, ਜੋ ਕਿ ਦਾਣੇ ਪੈਣ ਦੇ ਸਮੇਂ ਫਸਲ ਲਈ ਨੁਕਸਾਨਦੇਹ ਸਾਬਤ ਹੋ ਸਕਦਾ ਹੈ। ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਮਾਹਿਰਾਂ ਅਨੁਸਾਰ ਪੰਜਾਬ ਵਿੱਚ ਮੌਜੂਦਾ ਰਬੀ ਸੀਜ਼ਨ ਦੌਰਾਨ ਲੱਗਭਗ 95 ਫੀਸਦੀ ਰਕਬੇ ‘ਤੇ ਕਣਕ ਦੀ ਬਿਜਾਈ 25 ਅਕਤੂਬਰ ਤੋਂ 15 ਨਵੰਬਰ ਦਰਮਿਆਨ ਕੀਤੀ ਗਈ ਹੈ, ਜੋ ਕਿ ਬਿਜਾਈ ਲਈ ਉਚਿਤ ਸਮਾਂ ਮੰਨਿਆ ਜਾਂਦਾ ਹੈ ਪਰ ਦਾਣੇ ਪੈਣ ਦੇ ਅਹਿਮ ਮਰਹਲੇ ਦੌਰਾਨ ਉੱਚ ਤਾਪਮਾਨ ਕਣਕ ਦੀ ਫਸਲ ਲਈ ਗੰਭੀਰ ਚੁਣੌਤੀ ਬਣ ਸਕਦਾ ਹੈ। ਮਾਹਿਰਾਂ ਅਨੁਸਾਰ ਇਸ ਅਵਸਥਾ ਵਿੱਚ ਵਧਦਾ ਤਾਪਮਾਨ ਦਾਣਿਆਂ ਦੇ ਭਾਰ ‘ਤੇ ਮਾੜਾ ਪ੍ਰਭਾਵ ਪਾਂਦਾ ਹੈ, ਜਿਸ ਨਾਲ ਝਾੜ੍ਹ ਅਤੇ ਗੁਣਵੱਤਾ ਵਿੱਚ ਘਟਾਓ ਆ ਸਕਦਾ ਹੈ। ਹਲਕੀ ਤੋਂ ਦਰਮਿਆਨੀ ਜ਼ਮੀਨ ਵਿੱਚ ਬੀਜੀ ਅਗੇਤੀ ਕਣਕ ਜ਼ਿਆਦਾ ਤਾਪਮਾਨ ਕਾਰਨ ਜਲਦੀ ਸਿੱਟੇ ਕੱਢ ਕੇ ਪੱਕ ਸਕਦੀ ਹੈ, ਜਿਸ ਨਾਲ ਦਾਣੇ ਪੂਰੀ ਤਰ੍ਹਾਂ ਵਿਕਸਿਤ ਨਹੀਂ ਹੋਂਦੇ। ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਦੇ ਨਿਰਦੇਸ਼ਕ ਪਸਾਰ ਸਿੱਖਿਆ ਡਾ. ਮੱਖਣ ਸਿੰਘ ਭੁੱਲਰ ਨੇ ਕਿਸਾਨਾਂ ਨੂੰ ਸਲਾਹ ਦਿੱਤੀ ਹੈ ਕਿ ਕਣਕ ਦੀ ਫਸਲ ਨੂੰ ਹਲਕਾ ਪਾਣੀ ਲਗਾਇਆ ਜਾਵੇ। ਸਿੰਚਾਈ ਕਰਦੇ ਸਮੇਂ ਹਵਾ ਦੀ ਗਤੀ ਦਾ ਖ਼ਾਸ ਧਿਆਨ ਰੱਖਿਆ ਜਾਵੇ ਤਾਂ ਜੋ ਫਸਲ ਡਿੱਗਣ ਤੋਂ ਬਚ ਸਕੇ। ਫਸਲ ਵਿਗਿਆਨ ਵਿਭਾਗ ਦੇ ਡਾ. ਹਰੀ ਰਾਮ ਮੁਖੀ ਨੇ ਦੱਸਿਆ ਕਿ ਜਿਹੜੀ ਕਣਕ ਗੋਭ ਵਾਲੇ ਪੱਤੇ ਦੀ ਅਵਸਥਾ ‘ਤੇ ਹੈ, ਉਸ ਨੂੰ ਉੱਚ ਤਾਪਮਾਨ ਦੇ ਪ੍ਰਭਾਵ ਤੋਂ ਬਚਾਉਣ ਲਈ 2 ਫੀਸਦੀ ਪੋਟਾਸ਼ੀਅਮ ਨਾਈਟ੍ਰੇਟ (13:0:45) ਦੀ ਸਪਰੇਅ ਲਾਭਕਾਰੀ ਸਾਬਤ ਹੋ ਸਕਦੀ ਹੈ। ਇਸ ਲਈ 4 ਕਿਲੋਗ੍ਰਾਮ ਪੋਟਾਸ਼ੀਅਮ ਨਾਈਟ੍ਰੇਟ ਨੂੰ 200 ਲੀਟਰ ਪਾਣੀ ਵਿੱਚ ਘੋਲ ਕੇ ਪਹਿਲੀ ਸਪਰੇਅ ਗੋਭ ਵਾਲਾ ਪੱਤਾ ਨਿਕਲਣ ਸਮੇਂ ਅਤੇ ਦੂਜੀ ਬੂਰ ਪੈਣ ਵੇਲੇ ਕੀਤੀ ਜਾਵੇ। ਸਪਰੇਅ ਹਮੇਸ਼ਾਂ ਸ਼ਾਮ ਦੇ ਸਮੇਂ ਕਰਨ ਦੀ ਸਿਫ਼ਾਰਸ਼ ਕੀਤੀ ਗਈ ਹੈ। ਮਾਹਿਰਾਂ ਅਨੁਸਾਰ ਹਲਕੀ ਸਿੰਚਾਈ ਅਤੇ ਪੋਟਾਸ਼ੀਅਮ ਨਾਈਟ੍ਰੇਟ ਦੀ ਸਮੇਂਸਿਰ ਸਪਰੇਅ ਨਾਲ ਵਧਦੇ ਤਾਪਮਾਨ ਦੇ ਮਾੜੇ ਪ੍ਰਭਾਵ ਨੂੰ ਕਾਫੀ ਹੱਦ ਤੱਕ ਘਟਾਇਆ ਜਾ ਸਕਦਾ ਹੈ। ਫਾਰਮ ਸਲਾਹਕਾਰ ਸੇਵਾ ਕੇਂਦਰ ਗੰਗੀਆਂ ਦੀ ਪ੍ਰਮੁੱਖ ਪਸਾਰ ਵਿਗਿਆਨੀ ਡਾ. ਚਰਨਜੀਤ ਕੌਰ ਨੇ ਵੀ ਕਿਸਾਨਾਂ ਨੂੰ ਅਪੀਲ ਕੀਤੀ ਹੈ ਕਿ ਯੂਨੀਵਰਸਿਟੀ ਦੀਆਂ ਸਿਫ਼ਾਰਸ਼ਾਂ ਅਪਣਾ ਕੇ ਕਣਕ ਦੀ ਫਸਲ ਨੂੰ ਤਾਪਮਾਨ ਵਾਧੇ ਤੋਂ ਹੋਣ ਵਾਲੇ ਸੰਭਾਵਿਤ ਨੁਕਸਾਨ ਤੋਂ ਬਚਾਇਆ ਜਾ ਸਕਦਾ ਹੈ।