ਸਿਹਤ ਵਿਭਾਗ ਨੇ ਲਾਇਆ ਮਾਂ-ਬੱਚਾ ਸਿਹਤ ਜਾਗਰੂਕਤਾ ਕੈਂਪ
ਸਿਹਤ ਵਿਭਾਗ ਵੱਲੋਂ ਮੁਹੱਲਾ ਨੀਲ ਕੰਠ ਵਿੱਚ ਮਾਂ-ਬੱਚਾ ਸਿਹਤ ਜਾਗਰੂਕਤਾ ਕੈਂਪ
Publish Date: Fri, 20 Feb 2026 05:21 PM (IST)
Updated Date: Sat, 21 Feb 2026 04:07 AM (IST)

ਸਟਾਫ ਰਿਪੋਰਟਰ, ਪੰਜਾਬੀ ਜਾਗਰਣ, ਹੁਸ਼ਿਆਰਪੁਰ : ਮਾਂ ਅਤੇ ਬੱਚੇ ਦੀ ਸਿਹਤ ਪ੍ਰਤੀ ਲੋਕਾਂ ਵਿੱਚ ਸੂਝ-ਬੂਝ ਵਧਾਉਣ ਦੇ ਉਦੇਸ਼ ਨਾਲ ਸਿਹਤ ਵਿਭਾਗ ਹੁਸ਼ਿਆਰਪੁਰ ਵੱਲੋਂ ਮੁਹੱਲਾ ਨੀਲ ਕੰਠ ’ਚ ਵਿਸ਼ੇਸ਼ ਜਾਗਰੂਕਤਾ ਕੈਂਪ ਲਾਇਆ ਗਿਆ। ਕਾਰਜਕਾਰੀ ਸਿਵਲ ਸਰਜਨ ਕਮ ਜ਼ਿਲ੍ਹਾ ਟੀਕਾਕਰਣ ਅਫ਼ਸਰ ਡਾ. ਸੀਮਾ ਗਰਗ ਦੇ ਦਿਸ਼ਾ-ਨਿਰਦੇਸ਼ਾਂ ਹੇਠ ਇਹ ਕੈਂਪ ਪ੍ਰੋਜੈਕਟ ਰੀ-ਪ੍ਰੋਡਕਟਿਵ ਐਂਡ ਚਾਇਲਡ ਹੈਲਥ (ਆਰਸੀਐੱਚ) ਅਧੀਨ ਆਯੋਜਿਤ ਕੀਤਾ ਗਿਆ, ਜਿਸ ਨੂੰ ਸੋਸਵਾ-(ਐੱਨ), ਪੰਜਾਬ ਤਹਿਤ ਚੱਲ ਰਹੀ ਸ਼ਿਵਾਲਿਕ ਹਿਲਜ਼ ਵੈਲਫੇਅਰ ਸੁਸਾਇਟੀ ਦਾ ਸਹਿਯੋਗ ਪ੍ਰਾਪਤ ਰਿਹਾ। ਕੈਂਪ ਦਾ ਮੁੱਖ ਉਦੇਸ਼ ਗਰਭਵਤੀ ਔਰਤਾਂ ਅਤੇ ਦੁੱਧ ਪਿਲਾਉਣ ਵਾਲੀਆਂ ਮਾਵਾਂ ਨੂੰ ਮਾਂ-ਬੱਚਾ ਸਿਹਤ ਸੰਬੰਧੀ ਮਹੱਤਵਪੂਰਨ ਜਾਣਕਾਰੀ ਦੇਣਾ ਅਤੇ ਸਰਕਾਰੀ ਸਿਹਤ ਸੇਵਾਵਾਂ ਬਾਰੇ ਜਾਗਰੂਕ ਕਰਨਾ ਸੀ। ਇਸ ਮੌਕੇ ਜ਼ਿਲ੍ਹਾ ਪਰਿਵਾਰ ਭਲਾਈ ਅਫਸਰ ਡਾ. ਰਣਜੀਤ ਸਿੰਘ, ਡਿਪਟੀ ਮਾਸ ਮੀਡੀਆ ਅਫਸਰ ਰਵਿੰਦਰ ਜੱਸਲ, ਪਰਮਜੀਤ ਕੌਰ ਏਐੱਨਐੱਮ, ਗੁਰਵਿੰਦਰ ਕੌਰ ਏਐੱਨਐੱਮ, ਸੁਨੀਰਾ ਦੇਵੀ ਆਸ਼ਾ ਵਰਕਰ ਅਤੇ ਨਿਰਮਲਾ ਦੇਵੀ ਆਂਗਨਵਾੜੀ ਵਰਕਰ ਨੇ ਸਰਗਰਮ ਭਾਗੀਦਾਰੀ ਨਿਭਾਈ। ਸ਼ਿਵਾਲਿਕ ਹਿਲਜ਼ ਵੈਲਫੇਅਰ ਸੁਸਾਇਟੀ ਵੱਲੋਂ ਮੁੱਖ ਸਲਾਹਕਾਰ ਅਮਰਜੀਤ ਹਮਰੋਲ, ਜੋਤੀ ਪੁਰੀ ਏਐੱਨਐੱਮ ਤੇ ਨੀਤੂ ਕੌਰ ਜੀਐੱਨਐੱਮ ਨੇ ਵੀ ਔਰਤਾਂ ਨੂੰ ਸਿਹਤ ਸਬੰਧੀ ਜਾਣਕਾਰੀ ਦਿੱਤੀ। ਡਾ. ਰਣਜੀਤ ਸਿੰਘ ਨੇ ਕਿਹਾ ਕਿ ਮਾਂ ਅਤੇ ਬੱਚੇ ਦੀ ਸਿਹਤ ਕਿਸੇ ਵੀ ਸਮਾਜ ਦੀ ਮਜ਼ਬੂਤ ਨੀਂਹ ਹੈ। ਉਨ੍ਹਾਂ ਗਰਭ ਅਵਸਥਾ ਦੌਰਾਨ ਨਿਯਮਤ ਸਿਹਤ ਜਾਂਚ, ਪੂਰਨ ਟੀਕਾਕਰਨ ਅਤੇ ਸੰਤੁਲਿਤ ਪੋਸ਼ਣ ਦੀ ਮਹੱਤਤਾ ’ਤੇ ਜ਼ੋਰ ਦਿੱਤਾ। ਡਿਪਟੀ ਮਾਸ ਮੀਡੀਆ ਅਫਸਰ ਰਵਿੰਦਰ ਜੱਸਲ ਨੇ ਮਾਵਾਂ ਨੂੰ ਜਨਮ ਤੋਂ ਬਾਅਦ ਪਹਿਲੇ ਛੇ ਮਹੀਨੇ ਤੱਕ ਸਿਰਫ ਮਾਂ ਦਾ ਦੁੱਧ ਪਿਲਾਉਣ, ਉਸ ਤੋਂ ਬਾਅਦ ਉਮਰ ਅਨੁਸਾਰ ਪੂਰਕ ਖੁਰਾਕ ਦੇਣ, ਅਨੀਮੀਆ ਤੋਂ ਬਚਾਅ ਲਈ ਆਇਰਨ ਯੁਕਤ ਆਹਾਰ ਲੈਣ ਅਤੇ ਸੁਰੱਖਿਅਤ ਸੰਸਥਾਗਤ ਡਿਲੀਵਰੀਆਂ ਬਾਰੇ ਜਾਣਕਾਰੀ ਦਿੱਤੀ। ਕੈਂਪ ਦੌਰਾਨ ਮਹਿਲਾਵਾਂ ਵੱਲੋਂ ਪੁੱਛੇ ਗਏ ਸਵਾਲਾਂ ਦੇ ਮਾਹਿਰਾਂ ਵੱਲੋਂ ਸੰਤੋਸ਼ਜਨਕ ਜਵਾਬ ਦਿੱਤੇ ਗਏ ਅਤੇ ਉਨ੍ਹਾਂ ਨੂੰ ਨਿਯਮਤ ਜਾਂਚ ਤੇ ਸਮੇਂ-ਸਿਰ ਟੀਕਾਕਰਨ ਲਈ ਪ੍ਰੇਰਿਤ ਕੀਤਾ ਗਿਆ।