ਰੈਗਿੰਗ ਵਿਰੋਧੀ ਜਾਗਰੂਕਤਾ ਲਈ ਵਿਸ਼ੇਸ਼ ਡਾਕੂਮੈਂਟਰੀ ਫਿਲਮ ਪ੍ਰਦਰਸ਼ਿਤ
ਸਨਾਤਨ ਧਰਮ ਕਾਲਜ ਹੁਸ਼ਿਆਰਪੁਰ ਵਿੱਚ ਰੈਗਿੰਗ ਵਿਰੋਧੀ ਜਾਗਰੂਕਤਾ ਲਈ ਵਿਸ਼ੇਸ਼ ਡਾਕੂਮੈਂਟਰੀ ਫਿਲਮ ਪ੍ਰਦਰਸ਼ਿਤ
Publish Date: Fri, 20 Feb 2026 05:08 PM (IST)
Updated Date: Sat, 21 Feb 2026 04:06 AM (IST)

ਸਟਾਫ ਰਿਪੋਰਟਰ,ਪੰਜਾਬੀ ਜਾਗਰਣ, ਹੁਸ਼ਿਆਰਪੁਰ : ਸਨਾਤਨ ਧਰਮ ਕਾਲਜ ਹੁਸ਼ਿਆਰਪੁਰ ਵਿਖੇ ਵਿਦਿਆਰਥੀਆਂ ਨੂੰ ਰੈਗਿੰਗ ਦੇ ਮਾਰੂ ਪ੍ਰਭਾਵਾਂ ਪ੍ਰਤੀ ਜਾਗਰੂਕ ਕਰਨ ਲਈ ਇੱਕ ਵਿਸ਼ੇਸ਼ ਡਾਕੂਮੈਂਟਰੀ ਫਿਲਮ ਦਿਖਾਈ ਗਈ। ਇਹ ਉਪਰਾਲਾ ਕਾਲਜ ਪ੍ਰਬੰਧਕੀ ਕਮੇਟੀ ਦੇ ਪ੍ਰਧਾਨ ਡਾ. ਹੇਮਾ ਸ਼ਰਮਾ, ਸਕੱਤਰ ਸ਼੍ਰੀਗੋਪਾਲ ਸ਼ਰਮਾ ਅਤੇ ਕਾਰਜਕਾਰੀ ਪ੍ਰਿੰਸੀਪਲ ਪ੍ਰੋ. ਪ੍ਰਸ਼ਾਂਤ ਸੇਠੀ ਦੇ ਮਾਰਗਦਰਸ਼ਨ ਹੇਠ ਕੀਤਾ ਗਿਆ। ਯੂਜੀਸੀ ਦੀਆਂ ਹਦਾਇਤਾਂ ਅਨੁਸਾਰ ਆਯੋਜਿਤ ਇਸ ਪ੍ਰੋਗਰਾਮ ਦੀ ਅਗਵਾਈ ਐਂਟੀ ਰੈਗਿੰਗ ਸੈੱਲ ਦੇ ਇੰਚਾਰਜ ਪ੍ਰੋ. ਪੂਜਾ ਨੇ ਆਈਕਿਊਏਸੀ. ਦੇ ਸਹਿਯੋਗ ਨਾਲ ਕੀਤੀ। ਇਸ ਪ੍ਰੋਗਰਾਮ ਦਾ ਮਕਸਦ ਵਿਦਿਆਰਥੀਆਂ ਵਿੱਚ ਰੈਗਿੰਗ ਪ੍ਰਤੀ ਸਚੇਤਨਾ ਪੈਦਾ ਕਰਨਾ ਅਤੇ ਅਨੁਸ਼ਾਸਨ, ਪਰਸਪਰ ਸਤਿਕਾਰ ਅਤੇ ਸੁਰੱਖਿਅਤ ਸਿੱਖਿਅਕ ਮਾਹੌਲ ਦੀ ਮਹੱਤਤਾ ਨੂੰ ਰੇਖਾਂਕਿਤ ਕਰਨਾ ਸੀ। ਡਾਕੂਮੈਂਟਰੀ ਵਿੱਚ ਰੈਗਿੰਗ ਨਾਲ ਸਬੰਧਤ ਅਸਲੀ ਘਟਨਾਵਾਂ, ਪੀੜਤਾਂ ’ਤੇ ਪੈਣ ਵਾਲੇ ਮਨੋਵਿਗਿਆਨਕ ਪ੍ਰਭਾਵ ਅਤੇ ਸੰਬੰਧਿਤ ਨਿਯਮਾਂ ਅਧੀਨ ਕੀਤੀਆਂ ਜਾਣ ਵਾਲੀਆਂ ਸਖ਼ਤ ਕਾਰਵਾਈਆਂ ਬਾਰੇ ਵਿਸਤ੍ਰਿਤ ਜਾਣਕਾਰੀ ਦਿੱਤੀ ਗਈ। ਇਸ ਦੌਰਾਨ ਵਿਦਿਆਰਥੀਆਂ ਨੂੰ ਰੈਗਿੰਗ ਦੀ ਕਿਸੇ ਵੀ ਘਟਨਾ ਬਾਰੇ ਬਿਨਾਂ ਡਰ ਸੂਚਨਾ ਦੇਣ ਲਈ ਪ੍ਰੇਰਿਤ ਕੀਤਾ ਗਿਆ ਅਤੇ ਹੈਲਪਲਾਈਨ ਨੰਬਰਾਂ ਬਾਰੇ ਵੀ ਜਾਣੂ ਕਰਵਾਇਆ ਗਿਆ। ਅੰਤ ’ਚ ਵਿਚਾਰ-ਵਟਾਂਦਰਾ ਸੈਸ਼ਨ ਦੌਰਾਨ ਵਿਦਿਆਰਥੀਆਂ ਨੇ ਰੈਗਿੰਗ ਪ੍ਰਤੀ ਆਪਣੇ ਵਿਚਾਰ ਸਾਂਝੇ ਕੀਤੇ ਅਤੇ ਸਬੰਧਤ ਸਵਾਲਾਂ ਦੇ ਜਵਾਬ ਪ੍ਰਾਪਤ ਕੀਤੇ। ਇਸ ਮੌਕੇ ਵੂਮੈਨ ਗ੍ਰੀਵੈਂਸ ਰੀਡਰੈੱਸਲ ਸੈੱਲ ਦੀ ਇੰਚਾਰਜ ਡਾ. ਮਨਜੀਤ ਕੌਰ, ਇਤਿਹਾਸ ਵਿਭਾਗ ਦੀ ਮੁਖੀ ਪ੍ਰੋ. ਪ੍ਰਭਕਿਰਨ ਕੌਰ ਅਤੇ ਕਾਲਜ ਦੇ ਹੋਰ ਅਧਿਆਪਕ ਅਤੇ ਵਿਦਿਆਰਥੀ ਮੌਜੂਦ ਸਨ।