ਵਿਦਿਆਰਥਣਾਂ ਦਾ ਸਿੱਖਿਆਤਮਕ ਦੌਰਾ ਕਰਵਾਇਆ
ਦਸਮੇਸ਼ ਕਾਲਜ ਨੇ ਵਿਦਿਆਰਥਣਾਂ ਦਾ ਸਿੱਖਿਆਤਮਕ ਦੌਰਾ ਕਰਵਾਇਆ
Publish Date: Fri, 20 Feb 2026 04:28 PM (IST)
Updated Date: Sat, 21 Feb 2026 04:03 AM (IST)

ਹਰਮਨਜੀਤ ਸਿੰਘ ਸੈਣੀ, ਪੰਜਾਬੀ ਜਾਗਰਣ, ਮੁਕੇਰੀਆਂ: ਦਸਮੇਸ਼ ਗਰਲਜ਼ ਕਾਲਜ ਚੱਕ ਅੱਲ੍ਹਾ ਬਖ਼ਸ਼ ਮੁਕੇਰੀਆਂ ਦੀਆਂ ਵਿਦਿਆਰਥਣਾਂ ਵੱਲੋਂ ਹਰੀਕੇ ਪੱਤਣ ਵੈਟਲੈਂਡ ਤੇ ਬਰਡ ਸੈਂਚੂਰੀ ਦਾ ਸਿੱਖਿਆਤਮਕ ਦੌਰਾ ਕੀਤਾ ਗਿਆ। ਇਹ ਦੌਰਾ ਆਈਆਈਸੀ ਦੇ ਸਹਿਯੋਗ ਨਾਲ ਈਕੋ ਕਲੱਬ ਤੇ ਜੀਵ ਵਿਗਿਆਨ ਵਿਭਾਗ ਵੱਲੋਂ ਕਰਵਾਇਆ ਗਿਆ। ਦੌਰੇ ’ਚ ਬੀਐੱਸਸੀ ਮੈਡੀਕਲ ਕੋਰਸ ਦੀਆਂ ਵਿਦਿਆਰਥਣਾਂ ਨੇ ਵਾਤਾਵਰਣਕ ਸਿਹਤ, ਜੈਵਿਕ ਵਿਭਿੰਨਤਾ ਅਤੇ ਵਾਤਾਵਰਣ ਸੁਰੱਖਿਆ ਸੰਬੰਧੀ ਪ੍ਰਯੋਗਾਤਮਕ ਗਿਆਨ ਹਾਸਲ ਕੀਤਾ। ਵਿਦਿਆਰਥਣਾਂ ਨੇ ਵੈਟਲੈਂਡ ਦੇ ਥੋੜ੍ਹੇ ਡੂੰਘੇ ਪਾਣੀਆਂ ਅਤੇ ਦਲਦਲੀ ਖੇਤਰਾਂ ’ਚ ਸਾਈਬੇਰੀਆ, ਕੇਂਦਰੀ ਏਸ਼ੀਆ ਤੇ ਯੂਰਪ ਵਰਗੇ ਠੰਢੇ ਖੇਤਰਾਂ ਤੋਂ ਹਜ਼ਾਰਾਂ ਕਿਲੋਮੀਟਰ ਦੀ ਯਾਤਰਾ ਕਰਕੇ ਪੁੱਜੇ ਕਈ ਪਰਵਾਸੀ ਪੰਛੀਆਂ ਨੂੰ ਆਰਾਮ ਕਰਦੇ ਅਤੇ ਦਾਣਾ ਚੁੱਗਦੇ ਹੋਏ ਨਿਰੀਖਿਆ। ਪੰਛੀਆਂ ਦੇ ਝੁੰਡਾਂ ਵਿੱਚ ਉੱਡਣ ਅਤੇ ਪਾਣੀ ਉੱਤੇ ਸ਼ਾਂਤੀ ਨਾਲ ਤੈਰਦੇ ਦ੍ਰਿਸ਼ਾਂ ਨੇ ਵਿਦਿਆਰਥਣਾਂ ਨੂੰ ਕੁਦਰਤੀ ਵਾਤਾਵਰਣ ਦੀ ਮਹੱਤਤਾ ਨਾਲ ਰੂਬਰੂ ਕਰਵਾਇਆ। ਮੌਕੇ ’ਤੇ ਮੌਜੂਦ ਜੰਗਲਾਤ ਵਿਭਾਗ ਦੇ ਅਧਿਕਾਰੀਆਂ ਨੇ ਜਾਣਕਾਰੀ ਦਿੱਤੀ ਕਿ ਪਰਵਾਸੀ ਪੰਛੀਆਂ ਦੀ ਵਧਦੀ ਆਮਦ ਵੈਟਲੈਂਡ ਦੀ ਚੰਗੀ ਵਾਤਾਵਰਣਕ ਸਿਹਤ ਦਾ ਸਕਾਰਾਤਮਕ ਸੰਕੇਤ ਹੈ। ਉਨ੍ਹਾਂ ਵੈਟਲੈਂਡ ਸੁਰੱਖਿਆ, ਜਲ ਸਰੋਤਾਂ ਦੀ ਸੰਭਾਲ ਅਤੇ ਜੈਵਿਕ ਸੰਤੁਲਨ ਬਣਾਏ ਰੱਖਣ ਲਈ ਵਿਦਿਆਰਥਣਾਂ ਨੂੰ ਆਪਣਾ ਯੋਗਦਾਨ ਪਾਉਣ ਲਈ ਪ੍ਰੇਰਿਤ ਕੀਤਾ। ਇਸ ਦੌਰੇ ਦੌਰਾਨ ਜੀਵ ਵਿਗਿਆਨ ਵਿਭਾਗ ਦੀ ਮੁੱਖੀ ਡਾ. ਏਕਤਾ, ਪ੍ਰੋ. ਸੁਪਿੰਦਰਜੀਤ ਕੌਰ ਅਤੇ ਅਭਿਸ਼ੇਕ ਵਿਦਿਆਰਥਣਾਂ ਦੇ ਨਾਲ ਮੌਜ਼ੂਦ ਰਹੇ। ਇਸ ਮੌਕੇ ਸ਼੍ਰੀ ਗੁਰੂ ਗੋਬਿੰਦ ਸਿੰਘ ਐਜੂਕੇਸ਼ਨਲ ਚੈਰੀਟੇਬਲ ਟਰੱਸਟ ਦੇ ਚੇਅਰਮੈਨ ਜਥੇਦਾਰ ਰਵਿੰਦਰ ਸਿੰਘ ਚੱਕ ਅਤੇ ਟਰੱਸਟੀ ਮੈਂਬਰਾਂ ਨੇ ਜੀਵ ਵਿਗਿਆਨ ਵਿਭਾਗ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਕਿਤਾਬੀ ਗਿਆਨ ਦੇ ਨਾਲ-ਨਾਲ ਪ੍ਰਯੋਗਾਤਮਕ ਤੇ ਵਿਹਾਰਿਕ ਸਿੱਖਿਆ ਵਿਦਿਆਰਥਣਾਂ ਵਿੱਚ ਵਿਗਿਆਨਕ ਸੋਚ, ਵਾਤਾਵਰਣ ਪ੍ਰਤੀ ਜ਼ਿੰਮੇਵਾਰੀ ਅਤੇ ਸਮਾਜਿਕ ਜਾਗਰੂਕਤਾ ਨੂੰ ਮਜ਼ਬੂਤ ਕਰੇਗੀ ਤੇ ਅਜਿਹੀਆਂ ਗਤੀਵਿਧੀਆਂ ਲਗਾਤਾਰ ਚਲਦੀਆਂ ਰਹਿਣੀਆਂ ਚਾਹੀਦੀਆਂ ਹਨ।