ਨਸ਼ਾ ਤਸਕਰੀ ਤੇ ਨਸ਼ਾ ਕਰਨ ਵਾਲਿਆਂ ਵਿਰੁੱਧ ਕਾਰਵਾਈ: 3 ਕਾਬੂ, 100 ਗ੍ਰਾਮ ਹੈਰੋਇਨ ਬਰਾਮਦ
ਹੁਸ਼ਿਆਰਪੁਰ ਪੁਲਿਸ ਵੱਲੋਂ ਨਸ਼ਾ ਤਸਕਰੀ ਅਤੇ ਨਸ਼ਾ ਕਰਨ ਵਾਲਿਆਂ ਵਿਰੁੱਧ ਕਾਰਵਾਈ: ਤਿੰਨ ਕਾਬੂ, 100 ਗ੍ਰਾਮ ਹੈਰੋਇਨ ਬਰਾਮਦ
Publish Date: Thu, 19 Feb 2026 07:10 PM (IST)
Updated Date: Fri, 20 Feb 2026 04:10 AM (IST)

ਸਟਾਫ ਰਿਪੋਟਰ, ਪੰਜਾਬੀ ਜਾਗਰਣ, ਹੁਸ਼ਿਆਰਪੁਰ : ਜ਼ਿਲ੍ਹਾ ਪੁਲਿਸ ਵੱਲੋਂ ਨਸ਼ਾ ਤਸਕਰਾਂ ਅਤੇ ਨਸ਼ੇੜੀਆਂ ਵਿਰੁੱਧ ਵਿੱਢੀ ਮੁਹਿੰਮ ਤਹਿਤ ਵੱਖ-ਵੱਖ ਥਾਣਿਆਂ ਦੀ ਪੁਲਿਸ ਨੇ ਤਿੰਨ ਵਿਅਕਤੀਆਂ ਨੂੰ ਗ੍ਰਿਫ਼ਤਾਰ ਕਰਨ ਵਿੱਚ ਸਫਲਤਾ ਹਾਸਲ ਕੀਤੀ ਹੈ। ਪੁਲਿਸ ਅਨੁਸਾਰ ਇਨ੍ਹਾਂ ਕੋਲੋਂ ਹੈਰੋਇਨ ਅਤੇ ਨਸ਼ਾ ਕਰਨ ਦਾ ਸਾਮਾਨ ਬਰਾਮਦ ਹੋਇਆ ਹੈ। ਪੁਲਿਸ ਨੇ ਦੱਸਿਆ ਕਿ ਸੀਆਈਏ ਸਟਾਫ਼ ਦੇ ਏਐੱਸਆਈ ਸੁਸ਼ੀਲ ਸਿੰਘ ਦੀ ਅਗਵਾਈ ਹੇਠਲੀ ਟੀਮ ਬੱਸ ਸਟੈਂਡ ਹੁਸ਼ਿਆਰਪੁਰ ਵਿਖੇ ਸ਼ੱਕੀ ਪੁਰਸ਼ਾਂ ਦੀ ਚੈਕਿੰਗ ਕਰ ਰਹੀ ਸੀ। ਇਸ ਦੌਰਾਨ ਕਮਾਲਪੁਰ ਚੌਂਕ ਵੱਲੋਂ ਆ ਰਹੇ ਇੱਕ ਵਿਅਕਤੀ ਨੇ ਪੁਲਿਸ ਨੂੰ ਦੇਖ ਕੇ ਘਬਰਾਹਟ ਵਿੱਚ ਬੱਸ ਸਟੈਂਡ ਦੀ ਬੇਸਮੈਂਟ ਵੱਲ ਭੱਜਣ ਦੀ ਕੋਸ਼ਿਸ਼ ਕੀਤੀ ਤੇ ਆਪਣੀ ਜੇਬ ਵਿੱਚੋਂ ਇੱਕ ਕਾਲਾ ਮੋਮੀ ਲਿਫ਼ਾਫ਼ਾ ਸੁੱਟ ਦਿੱਤਾ। ਪੁਲਿਸ ਮੁਤਾਬਕ ਕਥਿਤ ਤੌਰ ’ਤੇ ਉਸ ਵੱਲੋਂ ਸੁੱਟੇ ਗਏ ਲਿਫਾਫੇ ਵਿੱਚੋਂ 100 ਗ੍ਰਾਮ ਹੈਰੋਇਨ ਨੁਮਾ ਨਸ਼ੀਲਾ ਪਦਾਰਥ ਬਰਾਮਦ ਹੋਇਆ। ਗ੍ਰਿਫਤਾਰ ਵਿਅਕਤੀ ਦੀ ਪਛਾਣ ਰਾਕੇਸ਼ ਕੁਮਾਰ ਉਰਫ ਬਿੱਟੂ ਪੁੱਤਰ ਕ੍ਰਿਸ਼ਨ ਕੁਮਾਰ ਵਾਸੀ ਪਿੰਡ ਸਾਹਰੀ ਵਜੋਂ ਹੋਈ ਹੈ। ਬਾਕਸ-- ਟਾਂਡਾ ਪੁਲਿਸ ਵੱਲੋਂ ਨਸ਼ਾ ਕਰਨ ਦੇ ਦੋਸ਼ ਹੇਠ ਇਕ ਵਿਅਕਤੀ ਗ੍ਰਿਫਤਾਰ ਥਾਣਾ ਟਾਂਡਾ ਦੀ ਪੁਲਿਸ ਨੇ ਬਸਤੀ ਬੋਹੜਾ ਨੇੜੇ ਚੈਕਿੰਗ ਦੌਰਾਨ ਇੱਕ ਵਿਅਕਤੀ ਨੂੰ ਮੌਕੇ ਤੇ ਨਸ਼ਾ ਕਰਦਿਆਂ ਕਾਬੂ ਕੀਤਾ ਹੈ। ਪੁਲਿਸ ਨੇ ਦੱਸਿਆ ਕਿ ਏ.ਐਸ.ਆਈ. ਲੋਕ ਰਾਮ ਦੀ ਟੀਮ ਜਦੋਂ ਪਰਾਲੀ ਦੇ ਡੰਪ ਕੋਲ ਪੁੱਜੀ ਤਾਂ ਉੱਥੇ ਇੱਕ ਨੌਜਵਾਨ ਸਿਲਵਰ ਪੇਪਰ ਦੀ ਵਰਤੋਂ ਕਰਕੇ ਕਥਿਤ ਤੌਰ ’ਤੇ ਨਸ਼ੇ ਦਾ ਸੇਵਨ ਕਰ ਰਿਹਾ ਸੀ। ਗ੍ਰਿਫਤਾਰ ਵਿਅਕਤੀ ਦੀ ਪਛਾਣ ਆਕਾਸ ਮਸੀਹ ਪੁੱਤਰ ਗੋਲਡੀ ਮਸੀਹ ਵਾਸੀ ਪਿੰਡ ਰੋੜੀ, ਜ਼ਿਲ੍ਹਾ ਗੁਰਦਾਸਪੁਰ ਵਜੋਂ ਹੋਈ ਹੈ। ਬਾਕਸ-- ਮੇਹਟੀਆਣਾ ਪੁਲਿਸ ਵੱਲੋਂ ਨੌਜਵਾਨ ਗ੍ਰਿਫਤਾਰ ਇੱਕ ਹੋਰ ਮਾਮਲੇ ਵਿੱਚ, ਮੇਹਟੀਆਣਾ ਪੁਲਿਸ ਨੇ ਪਿੰਡ ਅਜੜਾਮ ਵਿਖੇ ਛਾਪੇਮਾਰੀ ਦੌਰਾਨ ਇੱਕ ਨੌਜਵਾਨ ਨੂੰ ਕਾਬੂ ਕੀਤਾ। ਪੁਲਿਸ ਅਨੁਸਾਰ, ਏ.ਐਸ.ਆਈ. ਕਰਨੈਲ ਸਿੰਘ ਦੀ ਟੀਮ ਨੇ ਦੇਖਿਆ ਕਿ ਇੱਕ ਨੌਜਵਾਨ ਬੰਦ ਪਈ ਮੋਟਰ ਦੇ ਕਮਰੇ ਦੇ ਉਹਲੇ ਬੈਠ ਕੇ ਸਿਲਵਰ ਵਰਕ ਅਤੇ 10 ਰੁਪਏ ਦੇ ਨੋਟ ਦੀ ਪਾਈਪ ਬਣਾ ਕੇ ਕਥਿਤ ਤੌਰ ’ਤੇ ਨਸ਼ੇ ਦਾ ਧੂੰਆਂ ਅੰਦਰ ਖਿੱਚ ਰਿਹਾ ਸੀ। ਗ੍ਰਿਫਤਾਰ ਵਿਅਕਤੀ ਦੀ ਪਛਾਣ ਅਮਨਪ੍ਰੀਤ ਉਰਫ ਗੋਲੀ ਪੁੱਤਰ ਸੁਰਿੰਦਰਪਾਲ ਵਾਸੀ ਪਿੰਡ ਅਜੜਾਮ ਵਜੋਂ ਹੋਈ ਹੈ। ਪੁਲਿਸ ਅਧਿਕਾਰੀਆਂ ਨੇ ਕਿਹਾ ਕਿ ਤਿੰਨਾਂ ਮਾਮਲਿਆਂ ਵਿੱਚ ਅੱਗੇ ਦੀ ਜਾਂਚ ਜਾਰੀ ਹੈ ਅਤੇ ਨਸ਼ਾ ਤਸਕਰੀ ਨਾਲ ਜੁੜੇ ਹੋਰ ਵਿਅਕਤੀਆਂ ਬਾਰੇ ਵੀ ਪੜਤਾਲ ਕੀਤੀ ਜਾ ਰਹੀ ਹੈ।