ਨੇਤਰਦਾਨ ਸਭ ਤੋਂ ਵੱਡਾ ਪੁੰਨ ਦਾ ਕਾਰਜ : ਜਸਕਰਨ ਸਿੰਘ ਲੈਹਲ
ਨੇਤਰਦਾਨ ਸਭ ਤੋਂ ਵੱਡਾ ਪੁੰਨ ਦਾ ਕਾਰਜ, ਐਨ.ਆਰ.ਆਈ. ਜਸਕਰਨ ਸਿੰਘ ਲੈਹਲ ਨੇ ਸੋਸਾਇਟੀ ਨੂੰ ਦਿੱਤਾ ਹਰ ਸੰਭਵ ਸਹਾਇਤਾ ਦਾ ਭਰੋਸਾ
Publish Date: Thu, 19 Feb 2026 05:53 PM (IST)
Updated Date: Fri, 20 Feb 2026 04:07 AM (IST)

ਸੋਸਾਇਟੀ ਨੂੰ ਦਿੱਤਾ ਹਰ ਸੰਭਵ ਸਹਾਇਤਾ ਦਾ ਭਰੋਸਾ ਸਟਾਫ ਰਿਪੋjਟਰ, ਪੰਜਾਬੀ ਜਾਗਰਣ, ਹੁਸ਼ਿਆਰਪੁਰ : ਰੋਟਰੀ ਆਈ ਬੈਂਕ ਤੇ ਕੌਰਨੀਅਲ ਟਰਾਂਸਪਲਾਂਟੇਸ਼ਨ ਸੋਸਾਇਟੀ ਵੱਲੋਂ ਹਾਲ ਹੀ ਵਿੱਚ ਕੌਰਨੀਅਲ ਬਲਾਈਂਡਨੈੱਸ ਨਾਲ ਪੀੜਤ ਇੱਕ ਵਿਅਕਤੀ ਦਾ ਕੌਰਨੀਆ ਟਰਾਂਸਪਲਾਂਟ ਸਫਲਤਾਪੂਰਵਕ ਕਰਨ ਉਪਰੰਤ ਇਕ ਸਮਾਰੋਹ ਦਾ ਆਯੋਜਨ ਕੀਤਾ ਗਿਆ। ਇਸ ਸਮਾਰੋਹ ਵਿੱਚ ਵਿਸ਼ੇਸ਼ ਤੌਰ ’ਤੇ ਕੈਨੇਡਾ ਤੋਂ ਐੱਨਆਰਆਈ ਜਸਕਰਨ ਸਿੰਘ ਲੈਹਲ ਨੇ ਭਾਗ ਲਿਆ। ਸਮਾਰੋਹ ਦੌਰਾਨ ਸੋਸਾਇਟੀ ਦੇ ਪ੍ਰਧਾਨ ਜੇਬੀ ਬਹਿਲ ਨੇ ਨੇਤਰਦਾਨ ਦੀ ਮਹੱਤਤਾ ਬਾਰੇ ਜਾਣਕਾਰੀ ਦਿੰਦਿਆਂ ਕਿਹਾ ਕਿ ਇੱਕ ਵਿਅਕਤੀ ਵੱਲੋਂ ਦਾਨ ਕੀਤੀਆਂ ਅੱਖਾਂ ਦੋ ਹਨ੍ਹੇਰੀ ਜ਼ਿੰਦਗੀ ਜੀ ਰਹੇ ਲੋਕਾਂ ਦੀ ਜ਼ਿੰਦਗੀ ਵਿੱਚ ਰੌਸ਼ਨੀ ਲਿਆ ਸਕਦੀਆਂ ਹਨ। ਉਨ੍ਹਾਂ ਦੱਸਿਆ ਕਿ ਕਾਰਨਿਆ (ਪੁਤਲੀ) ਦੀ ਘੱਟ ਉਪਲੱਬਧਤਾ ਕਾਰਨ ਦੇਸ਼ ਵਿੱਚ ਕੌਰਨੀਅਲ ਬਲਾਈਂਡਨੈੱਸ ਨਾਲ ਪੀੜਤ ਮਰੀਜ਼ਾਂ ਦੀ ਗਿਣਤੀ ਅਜੇ ਵੀ ਕਾਫ਼ੀ ਵੱਧ ਹੈ। ਉਨ੍ਹਾਂ ਸਭ ਨੂੰ ਅਪੀਲ ਕੀਤੀ ਕਿ ਮਰਨੋਂਪਰਾਂਤ ਨੇਤਰਦਾਨ ਲਈ ਪ੍ਰਣ ਪੱਤਰ ਭਰੇ ਜਾਣ ਅਤੇ ਰਿਸ਼ਤੇਦਾਰਾਂ, ਦੋਸਤਾਂ ਨੂੰ ਵੀ ਇਸ ਲਈ ਪ੍ਰੇਰਿਤ ਕੀਤਾ ਜਾਵੇ ਤਾਂ ਜੋ ਦੇਸ਼ ਵਿਚੋਂ ਕੌਰਨੀਅਲ ਬਲਾਈਂਡਨੈੱਸ ਨੂੰ ਖਤਮ ਕੀਤਾ ਜਾ ਸਕੇ। ਇਸ ਮੌਕੇ ਜਸਕਰਨ ਸਿੰਘ ਲੈਹਲ ਨੇ ਸੋਸਾਇਟੀ ਦੇ ਕਾਰਜਾਂ ਦੀ ਭਰਪੂਰ ਸਰਾਹਨਾ ਕਰਦਿਆਂ ਕਿਹਾ ਕਿ ਕਿਸੇ ਦੀ ਹਨ੍ਹੇਰੀ ਜ਼ਿੰਦਗੀ ਵਿੱਚ ਰੌਸ਼ਨੀ ਲਿਆਉਣਾ ਸਭ ਤੋਂ ਵੱਡਾ ਪੁੰਨ ਦਾ ਕੰਮ ਹੈ। ਉਨ੍ਹਾਂ ਨੇ ਸੋਸਾਇਟੀ ਦੇ ਕੰਮਾਂ ਤੋਂ ਪ੍ਰਭਾਵਿਤ ਹੋ ਕੇ 25,000 ਰੁਪਏ ਦੀ ਦਾਨ ਰਕਮ ਦਾ ਚੈਕ ਵੀ ਭੇਟ ਕੀਤਾ। ਉਨ੍ਹਾਂ ਕਿਹਾ ਕਿ ਉਹ ਜਲਦੀ ਹੀ ਕੈਨੇਡਾ ਵਾਪਸ ਜਾ ਰਹੇ ਹਨ ਅਤੇ ਉੱਥੇ ਵੀ ਨੇਤਰਦਾਨ ਬਾਰੇ ਲੋਕਾਂ ਨੂੰ ਜਾਗਰੂਕ ਕਰਨਗੇ। ਨਾਲ ਹੀ ਉਨ੍ਹਾਂ ਭਰੋਸਾ ਦਿਵਾਇਆ ਕਿ ਭਵਿੱਖ ਵਿੱਚ ਵੀ ਉਹ ਸੋਸਾਇਟੀ ਨੂੰ ਪੂਰਾ ਸਹਿਯੋਗ ਦਿੰਦੇ ਰਹਿਣਗੇ ਅਤੇ ਕੌਰਨੀਅਲ ਬਲਾਈਂਡਨੈੱਸ ਨਾਲ ਪੀੜਤ ਮਰੀਜ਼ਾਂ ਦੇ ਆਪਰੇਸ਼ਨਾਂ ਦਾ ਖਰਚ ਆਪਣੇ ਐਨ.ਆਰ.ਆਈ ਦੋਸਤਾਂ ਦੇ ਸਹਿਯੋਗ ਨਾਲ ਖੁਦ ਝੱਲਣਗੇ। ਇਸ ਸਮਾਰੋਹ ਵਿੱਚ ਡਾ. ਤਰਸੇਮ ਸਿੰਘ (ਚੇਅਰਮੈਨ ਬਾਡੀ ਡੋਨੇਸ਼ਨ), ਮਦਨ ਲਾਲ ਮਹਾਜਨ, ਅਸ਼ਵਨੀ ਕੁਮਾਰ ਦੱਤਾ, ਦਰਵਜੀਤ ਸਿੰਘ, ਲਖਵਿੰਦਰ ਕੁਮਾਰ, ਓੰਕਾਰ ਸਿੰਘ ਚਹਿਲਪੁਰੀ, ਹਰਿਕਿਸ਼ਨ ਗੈਂਗਰ, ਜਗਦੀਸ਼ ਰਾਏ, ਸੁਰਿੰਦਰ ਸਿੰਘ, ਹੈਪੀ ਸਮੇਤ ਹੋਰ ਪ੍ਰਮੁੱਖ ਸੱਜਣ ਹਾਜ਼ਰ ਸਨ।