ਸਰਬਸੰਮਤੀ ਵਾਲੀਆਂ 32 ਪੰਚਾਇਤਾਂ ਨੂੰ 1.60 ਕਰੋੜ ਦੀ ਗ੍ਰਾਂਟ ਜਾਰੀ
ਚੱਬੇਵਾਲ ਹਲਕੇ 'ਚ ਸਰਬਸੰਮਤੀ ਨਾਲ ਚੁਣੀਆਂ 32 ਪੰਚਾਇਤਾਂ ਨੂੰ 1.60 ਕਰੋੜ ਦੀ ਗ੍ਰਾਂਟ ਜਾਰੀ
Publish Date: Tue, 17 Feb 2026 07:29 PM (IST)
Updated Date: Wed, 18 Feb 2026 04:13 AM (IST)

ਰਾਜਾ ਸਿੰਘ ਪੱਟੀ, ਪੰਜਾਬੀ ਜਾਗਰਣ, ਚੱਬੇਵਾਲ: ਚੱਬੇਵਾਲ ਦੇ ਸਾਡੇ 32 ਪਿੰਡਾਂ ਨੇ ਸਰਬਸੰਮਤੀ ਨਾਲ ਇੱਕ ਪੰਚਾਇਤ ਚੁਣ ਕੇ ਏਕਤਾ ਅਤੇ ਸਦਭਾਵਨਾ ਦੀ ਇੱਕ ਉਦਾਹਰਣ ਕਾਇਮ ਕੀਤੀ ਹੈ, ਜਿਸ ਲਈ ਸਰਕਾਰ ਨੇ ਉਨ੍ਹਾਂ ਨੂੰ 5-5 ਲੱਖ ਦੀ ਗ੍ਰਾਂਟ ਜਾਰੀ ਕੀਤੀ ਹੈ। ਮੈਂ ਇਹਨਾਂ ਪਿੰਡ ਵਾਸੀਆਂ ਨੂੰ ਦਿਲੋਂ ਵਧਾਈ ਦਿੰਦਾ ਹਾਂ, ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਕਰਦਿਆਂ ਚੱਬੇਵਾਲ ਦੇ ਵਿਧਾਇਕ ਡਾ. ਇਸ਼ਾਂਕ ਕੁਮਾਰ ਨੇ ਦੱਸਿਆ ਕਿ ਚੱਬੇਵਾਲ ਹਲਕੇ ਦੀਆਂ 32 ਪੰਚਾਇਤਾਂ ਨੂੰ ਇਹ ਗ੍ਰਾਂਟਾਂ ਵੰਡਦੇ ਹੋਏ ਵਧਾਈ ਦਿੱਤੀ। ਉਹਨਾਂ ਕਿਹਾ ਕਿ ਹਰੇਕ ਪੰਚਾਇਤ ਦੇ ਖਾਤੇ ਵਿੱਚ ਸਿੱਧੇ ਤੌਰ ਤੇ 5 ਲੱਖ ਦੀ ਰਕਮ ਟ੍ਰਾਂਸਫਰ ਕੀਤੀ ਗਈ ਹੈ, ਜਿਸਦੀ ਵਰਤੋਂ ਪਿੰਡਾਂ ਦੀਆਂ ਜ਼ਰੂਰਤਾਂ ਅਨੁਸਾਰ ਵਿਕਾਸ ਕਾਰਜ ਕਰਨ ਲਈ ਕੀਤੀ ਜਾਵੇਗੀ। ਇਹ ਰਕਮ ਪਿੰਡਾਂ ਵਿੱਚ ਬੁਨਿਆਦੀ ਢਾਂਚੇ ਨੂੰ ਹੋਰ ਮਜ਼ਬੂਤ ਕਰਨ ਲਈ ਸਥਾਨਕ ਤਰਜੀਹਾਂ ਦੇ ਆਧਾਰ ਤੇ ਖਰਚ ਕੀਤੀ ਜਾਵੇਗੀ। ਉਨ੍ਹਾਂ ਵਿਸ਼ਵਾਸ ਪ੍ਰਗਟ ਕੀਤਾ ਕਿ ਇਹ ਰਕਮ ਪੰਚਾਇਤਾਂ ਨੂੰ ਉਨ੍ਹਾਂ ਦੇ ਵਿਕਾਸ ਕਾਰਜਾਂ ਵਿੱਚ ਸਹਾਇਤਾ ਕਰੇਗੀ ਅਤੇ ਉਨ੍ਹਾਂ ਦੀ ਕੋਸ਼ਿਸ਼ ਹੋਵੇਗੀ ਕਿ ਵਿਕਾਸ ਦਾ ਪ੍ਰਵਾਹ ਹਰ ਪਿੰਡ ਤੱਕ ਪਹੁੰਚੇ। ਇਸ ਮੌਕੇ ’ਤੇ ਮੌਜੂਦ ਸਾਰੇ ਪਿੰਡਾਂ ਦੇ ਪੰਚਾਂ ਅਤੇ ਸਰਪੰਚਾਂ ਨੇ ਪਿੰਡ ਵਾਸੀਆਂ ਵੱਲੋਂ ਵਿਧਾਇਕ ਦਾ ਧੰਨਵਾਦ ਕੀਤਾ ਅਤੇ ਕਿਹਾ ਕਿ 5 ਲੱਖ ਰੁਪਏ ਦੀ ਇਹ ਰਕਮ ਪ੍ਰਾਪਤ ਕਰਨ ਨਾਲ ਸਾਨੂੰ ਆਪਣੇ ਪਿੰਡ ਦੀਆਂ ਜ਼ਰੂਰਤਾਂ ਅਨੁਸਾਰ ਵਿਕਾਸ ਕਾਰਜ ਕਰਨ ਵਿੱਚ ਬਹੁਤ ਮਦਦ ਮਿਲੇਗੀ ਅਤੇ ਇਸ ਸਨਮਾਨ ਨੇ ਸਾਨੂੰ ਅਗਾਂਹ ਵੀ ਪਿੰਡ ਦੀ ਤਰੱਕੀ ਲਈ ਇੱਕਜੁੱਟ ਹੋ ਕੇ ਕੰਮ ਕਰਦੇ ਰਹਿਣ ਲਈ ਪ੍ਰੇਰਿਤ ਕੀਤਾ ਹੈ। ਇਸ ਸਮਾਗਮ ਵਿੱਚ ਵੱਡੀ ਗਿਣਤੀ ਵਿੱਚ ਵੱਖ ਵੱਖ ਪਿੰਡਾਂ ਦੇ ਪੰਚ ਸਰਪੰਚ ਅਤੇ ਹੋਰ ਪਤਵੰਤੇ ਹਾਜ਼ਰ ਸਨ।