ਬਿਜਲੀ ਵਿਭਾਗ ਨੇ ਖੰਭਿਆਂ ’ਤੇ ਲੱਗੇ ਸਿਆਸੀ ਆਗੂਆਂ ਦੇ ਹੋਰਡਿੰਗ ਹਟਾਏ
ਬਿਜਲੀ ਵਿਭਾਗ ਨੇ ਖੰਭਿਆਂ ਉੱਤੇ ਲੱਗੇ ਸਿਆਸੀ ਆਗੂਆਂ ਦੇ ਹੋਰਡਿੰਗ ਹਟਾਏ
Publish Date: Tue, 17 Feb 2026 07:02 PM (IST)
Updated Date: Wed, 18 Feb 2026 04:12 AM (IST)

ਖਬਰ ਦਾ ਅਸਰ ਦਾ ਲੋਗੋ ਲਾਇਆ ਜਾਵੇ ਡਿਪਟੀ ਕਮਿਸ਼ਨਰ ਸਾਰੀਆਂ ਸਿਆਸੀ ਧਿਰਾਂ ਨੂੰ ਇਸ ਮਾਮਲੇ ’ਚ ਸਖਤ ਹਦਾਇਤਾਂ ਕਰਨ : ਸੁਭਾਸ਼ ਸਿੰਘ ਦੇਸ ਰਾਜ, ਪੰਜਾਬੀ ਜਾਗਰਣ, ਦਾਤਾਰਪੁਰ: ਪੰਜਾਬੀ ਜਾਗਰਣ ਵਲੋਂ ਬਿਜਲੀ ਦੇ ਖੰਭਿਆਂ ਉੱਤੇ ਲਗਾਏ ਗਏ ਸਿਆਸੀ ਹੋਰਡਿੰਗਾਂ ਦਾ ਮਸਲਾ ਪ੍ਰਮੁੱਖਤਾ ਨਾਲ ਉਠਾਉਣ ਦੇ ਚੱਲਦਿਆਂ ਬਿਜਲੀ ਵਿਭਾਗ ਵਲੋਂ ਦਾਤਾਰਪੁਰ ਸਬਡਵੀਜ਼ਨ ਅਧੀਨ ਪੈਂਦੇ ਸਾਰੇ ਖੰਭਿਆਂ ਉੱਤੋਂ ਸਿਆਸੀ ਅਤੇ ਹੋਰ ਹੋਰਡਿੰਗ ਉਤਾਰ ਦਿੱਤੇ ਗਏ। ਜਿਸ ਨਾਲ ਪੰਜਾਬੀ ਜਾਗਰਣ ਵਲੋਂ ਲਗਾਈ ਖਬਰ ਦੀ ਪ੍ਰਮਾਣਿਕਤਾ ਹੋਰ ਵੱਧ ਜਾਂਦੀ ਹੈ। ਦੱਸਣਯੋਗ ਹੈ ਕਿ ਇਹ ਹੋਰਡਿੰਗ ਬਿਜਲੀ ਹਾਦਸਿਆਂ ਦਾ ਕਾਰਨ ਵੀ ਬਣਦੇ ਹਨ ਅਤੇ ਇਹ ਹੋਰਡਿੰਗ ਲਗਾਉਣ ਵੇਲੇ ਕਾਰੀਗਰ ਵੀ ਹਾਦਸਿਆਂ ਦਾ ਸ਼ਿਕਾਰ ਹੋਏ ਹਨ, ਜਿਸ ਨੂੰ ਪ੍ਰਮੁੱਖਤਾ ਨਾਲ ਉਠਾਇਆ ਗਿਆ ਸੀ। ਜਾਣਕਾਰੀ ਅਨੁਸਾਰ ਬੀਤੇ ਦਿਨ ਪੰਜਾਬੀ ਜਾਗਰਣ ਵਿੱਚ ਖਬਰ ਪ੍ਰਕਾਸ਼ਿਤ ਹੋਣ ਉਪਰੰਤ ਵਿਭਾਗੀ ਅਧਿਕਾਰੀਆਂ ਵਲੋਂ ਇਸ ਮਾਮਲੇ ਵਿੱਚ ਖੰਭਿਆਂ ਉੱਤੇ ਲੱਗੇ ਸਿਆਸੀ ਹੋਰਡਿੰਗ ਹਟਾਉਣ ਦੀ ਕਾਰਵਾਈ ਸ਼ੁਰੂ ਕੀਤੀ ਗਈ ਸੀ। ਕਮਾਹੀ ਦੇਵੀ-ਦਾਤਾਰਪੁਰ ਮਾਰਗ ਸਮੇਤ ਦਾਤਾਰਪੁਰ ਅਤੇ ਕਮਾਹੀ ਦੇਵੀ ਕਸਬੇ ਅੰਦਰ ਵੀ ਇਹ ਹੋਰਡਿੰਗ ਬਿਜਲੀ ਮੁਲਾਜ਼ਮਾਂ ਵਲੋਂ ਉਤਾਰ ਦਿੱਤੇ ਗਏ ਹਨ। ਇਹ ਸਿਆਸੀ ਹੋਰਡਿੰਗ ਕੁਝ ਸਿਆਸੀ ਧਿਰਾਂ ਦੇ ਆਗੂਆਂ ਵਲੋਂ ਆਪਣੀ ਲੀਡਰੀ ਚਮਕਾਉਣ ਲਈ ਲਗਾਏ ਗਏ ਸਨ, ਜਿਹੜੇ ਕਿ ਬਿਜਲੀ ਨਿਯਮਾਂ ਦੀ ਉਲੰਘਣਾ ਕਰਦੇ ਹਨ। ਬਿਜਲੀ ਅਧਿਕਾਰੀਆਂ ਵਲੋਂ ਅਜਿਹੇ ਹੋਰਡਿੰਗਾਂ ਨੂੰ ਹਟਾਉਣ ਲਈ ਕੁਝ ਹਿਚਕਿਚਾਹਟ ਦਿਖਾਈ ਜਾਂਦੀ ਹੈ ਕਿਉਂਕਿ ਸਿਆਸੀ ਆਗੂ ਆਪਣੀ ਸਰਕਾਰ ਆਉਣ ‘ਤੇ ਆਪਣੀਆਂ ਰੜਕਾਂ ਵੀ ਅਫਸਰਾਂ ਨਾਲ ਅਕਸਰ ਹੀ ਕੱਢਦੇ ਹਨ। ਦੱਸਣਯੋਗ ਹੈ ਕਿ ਬਿਜਲੀ ਦੇ ਖੰਭਿਆਂ ’ਤੇ ਲਾਏ ਜਾਂਦੇ ਇਹ ਹੋਰਡਿੰਗ ਕਈ ਵਾਰ ਲਾਉਣ ਵਾਲਿਆਂ ਲਈ ਅਤੇ ਕਈ ਵਾਰ ਮੁਲਾਜ਼ਮਾਂ ਲਈ ਹਾਦਸੇ ਦਾ ਕਾਰਨ ਬਣਦੇ ਹਨ। ਜਿਸ ਕਾਰਨ ਕਈ ਕੀਮਤੀ ਜਾਨਾਂ ਵੀ ਗਈਆਂ ਹਨ ਪਰ ਪ੍ਰਸਾਸ਼ਨ ਵਲੋਂ ਸਿਆਸੀ ਧਿਰਾਂ ਦੀ ਅਜਿਹੀ ਮਨਮਾਨੀ ਅੱਗੇ ਪੂਰੀ ਤਰ੍ਹਾਂ ਗੋਡੇ ਟੇਕ ਦਿੱਤੇ ਗਏ ਹਨ। ਜਦੋਂ ਕਿ ਇਹ ਮਾਮਲਾ ਸੁਰਖੀਆਂ ਬਣਦਾ ਹੈ ਤਾਂ ਹੇਠਲੇ ਮੁਲਾਜ਼ਮਾਂ ਨੂੰ ਇਹ ਕੰਮ ਤੁਰੰਤ ਕਰਨ ਦੇ ਨਿਰਦੇਸ਼ ਅਧਿਕਾਰੀਆਂ ਵਲੋਂ ਚਾੜ ਦਿੱਤੇ ਜਾਂਦੇ ਹਨ ਪਰ ਸਿਆਸੀ ਆਗੂਆਂ ਜਾਂ ਹੋਰਡਿੰਗ ਲਗਾਉਣ ਵਾਲੇ ਦੁਕਾਨਦਾਰਾਂ ਨੂੰ ਕੋਈ ਅਜਿਹੀ ਸਖਤ ਹਦਾਇਤ ਨਹੀਂ ਕੀਤੀ ਜਾਂਦੀ। ਕੰਢੀ ਨਸ਼ਾ ਮੁਕਤ ਸੰਘਰਸ਼ ਕਮੇਟੀ ਦੇ ਪ੍ਰਧਾਨ ਸੁਭਾਸ਼ ਸਿੰਘ ਨੇ ਡਿਪਟੀ ਕਮਿਸ਼ਨਰ ਹੁਸ਼ਿਆਰਪੁਰ ਤੋਂ ਮੰਗ ਕੀਤੀ ਕਿ ਸਾਰੀਆਂ ਸਿਆਸੀ ਧਿਰਾਂ ਨੂੰ ਇਹ ਸਖਤ ਹਦਾਇਤ ਕੀਤੀ ਜਾਵੇ ਕਿ ਉਹ ਬਿਜਲੀ ਖੰਭਿਆਂ ਉੱਤੇ ਕੋਈ ਵੀ ਹੋਰਡਿੰਗ ਨਾ ਲਗਾਉਣ ਤਾਂ ਜੋ ਹਾਦਸਿਆਂ ਤੋਂ ਬਚਿਆ ਜਾ ਸਕੇ।