ਸੀਐੱਚਓ ਕਾਡਰ ਤੋਂ ਕੰਪਿਊਟਰ ਆਪ੍ਰੇਟਰ ਦੀ ਡਿਊਟੀ ਕੱਟੀ, ਧਰਨਾ ਦੂਜੇ ਦਿਨ ਖਤਮ
ਸੀ.ਐਚ.ਓ. ਕਾਡਰ ਤੋਂ ਕੰਪਿਊਟਰ ਆਪਰੇਟਰ ਡਿਊਟੀ ਕੱਟੀ, ਧਰਨਾ ਦੂਜੇ ਦਿਨ ਖਤਮ
Publish Date: Tue, 17 Feb 2026 06:59 PM (IST)
Updated Date: Wed, 18 Feb 2026 04:10 AM (IST)

ਸੰਜੀਵ ਸੂਦ, ਪੰਜਾਬੀ ਜਾਗਰਣ, ਹੁਸ਼ਿਆਰਪੁਰ: ਪੰਜਾਬ ਸਰਕਾਰ ਵੱਲੋਂ ਚਲਾਈ ਜਾ ਰਹੀ ਮੁੱਖ ਮੰਤਰੀ ਸਿਹਤ ਬੀਮਾ ਯੋਜਨਾ (ਐੱਮਐੱਮਐੱਸਵਾਈ) ਤਹਿਤ ਲਾਏ ਜਾ ਰਹੇ ਕੈਂਪਾਂ ਵਿੱਚ ਡਾਕਟਰਾਂ ਅਤੇ ਸਟਾਫ ਦੀ ਡਿਊਟੀ ਬਤੌਰ ਕੰਪਿਊਟਰ ਆਪਰੇਟਰ ਲਗਾਉਣ ਦੇ ਵਿਰੋਧ ਵਿੱਚ ਨੋਬਲ ਇੰਟੀਗ੍ਰੇਟਡ ਕਮਿਊਨਿਟੀ ਹੈਲਥ ਆਫਿਸਰ ਐਸੋਸੀਏਸ਼ਨ ਪੰਜਾਬ ਯੂਨੀਅਨ ਵੱਲੋਂ ਹੁਸ਼ਿਆਰਪੁਰ ਦੇ ਸਿਵਿਲ ਸਰਜਨ ਦਫ਼ਤਰ ਵਿਖੇ ਚੱਲ ਰਿਹਾ ਧਰਨਾ ਦੂਜੇ ਦਿਨ ਵੀ ਜਾਰੀ ਰਿਹਾ। ਇਹ ਧਰਨਾ ਸਵੇਰੇ 9 ਵਜੇ ਸ਼ੁਰੂ ਕੀਤਾ ਗਿਆ। ਧਰਨੇ ਦੌਰਾਨ ਦੁਪਹਿਰ ਬਾਅਦ ਕਰੀਬ 2 ਵਜੇ ਜ਼ਿਲ੍ਹਾ ਪਰਿਵਾਰ ਭਲਾਈ ਅਫਸਰ ਵੱਲੋਂ ਜਾਣਕਾਰੀ ਦਿੱਤੀ ਗਈ ਕਿ ਪ੍ਰਸ਼ਾਸਨ ਵੱਲੋਂ ਸੀ.ਐਚ.ਓ. ਕਾਡਰ ਦੀ ਕੰਪਿਊਟਰ ਆਪਰੇਟਰ ਵਜੋਂ ਲਗਾਈ ਗਈ ਡਿਊਟੀ ਕੱਟ ਦਿੱਤੀ ਗਈ ਹੈ। ਉਨ੍ਹਾਂ ਨੇ ਕਿਹਾ ਕਿ ਸਮੂਹ ਸੀਐੱਚਓ ਵੱਲੋਂ ਐੱਮਐੱਮਐੱਸਵਾਈ ਕੈਂਪਾਂ ਵਿੱਚ ਵਰਤੇ ਜਾ ਰਹੇ ਵਿਭਾਗੀ ਲੈਪਟਾਪ ਆਪਣੇ-ਆਪਣੇ ਬਲਾਕ ਦੇ ਐੱਸਐੱਮਓ ਨੂੰ ਸੌਂਪ ਦਿੱਤੇ ਜਾਣ ਅਤੇ ਆਪਣੀਆਂ ਮੁੱਢਲੀਆਂ ਡਿਊਟੀਆਂ ਆਪਣੇ ਤੈਨਾਤੀ ਸਥਾਨਾਂ ਤੇ ਨਿਭਾਈਆਂ ਜਾਣ। ਐਸੋਸੀਏਸ਼ਨ ਦੇ ਆਗੂਆਂ ਨੇ ਪ੍ਰਸ਼ਾਸਨ ਦੇ ਇਸ ਫੈਸਲੇ ਦਾ ਸਵਾਗਤ ਕਰਦਿਆਂ ਕਿਹਾ ਕਿ ਇਹ ਸੀਐੱਚਓ ਕਾਡਰ ਦੇ ਹੱਕ ਵਿੱਚ ਇੱਕ ਫੈਸਲਾਕੁਨ ਕਦਮ ਹੈ। ਉਨ੍ਹਾਂ ਨੇ ਉਮੀਦ ਜਤਾਈ ਕਿ ਭਵਿੱਖ ਵਿੱਚ ਅਜਿਹੀਆਂ ਵਾਧੂ ਡਿਊਟੀਆਂ ਨਹੀਂ ਲਾਈਆਂ ਜਾਣਗੀਆਂ, ਜੋ ਸੀਐੱਚਓ ਦੇ ਮੁੱਖ ਕੰਮ ਤੋਂ ਬਾਹਰ ਹੋਣ। ਇਸ ਫੈਸਲੇ ਤੋਂ ਬਾਅਦ ਐਸੋਸੀਏਸ਼ਨ ਵੱਲੋਂ ਧਰਨਾ ਪ੍ਰਦਰਸ਼ਨ ਖਤਮ ਕਰਨ ਦਾ ਐਲਾਨ ਕੀਤਾ ਗਿਆ। ਇਸ ਮੌਕੇ ਡਾਕਟਰ ਦਰਬਾਰੀ ਲਾਲ, ਡਾ. ਮਨਵੀਰ ਕਲਸੀ, ਡਾਕਟਰ ਵਰੁਣ ਵਸ਼ਿਸ਼ਟ, ਡਾਕਟਰ ਸੁਨੀਲ ਕੁਮਾਰ, ਡਾ. ਮਨੀਸ਼ ਕੁਮਾਰ, ਸੀਐੱਚਓ ਤਰਨਜੀਤ ਕੁਮਾਰ, ਡਾ. ਗੁਰਿੰਦਰ, ਡਾ. ਨੇਹਾ ਸਮੇਤ ਵੱਖ-ਵੱਖ ਬਲਾਕਾਂ ਤੋਂ ਵੱਡੀ ਗਿਣਤੀ ਵਿੱਚ ਸੀਐੱਚਓ ਮੌਜੂਦ ਸਨ।