ਸੀਐੱਚਓ ਕਾਡਰ ਤੋਂ ਐੱਮਐੱਮਐਸਵਾਈ ਕਾਰਡ ਬਣਾਉਣ ਦੀ ਡਿਊਟੀ ਲਗਾਉਣ ਦੇ ਵਿਰੋਧ ’ਚ ਧਰਨਾ, ਮੰਗ ਪੱਤਰ ਸੌਂਪਿਆ
ਸੀਐਚਓ ਕਾਡਰ ਤੋਂ ਐਮ.ਐਮ.ਐਸ.ਵਾਈ.ਕਾਰਡ ਬਣਾਉਣ ਦੀ ਡਿਊਟੀ ਲਗਾਉਣ ਦੇ ਵਿਰੋਧ ਵਿੱਚ ਧਰਨਾ, ਮੰਗ ਪੱਤਰ ਸੌਂਪਿਆ
Publish Date: Mon, 16 Feb 2026 06:58 PM (IST)
Updated Date: Tue, 17 Feb 2026 04:09 AM (IST)

ਡਿਊਟੀਆਂ ਨਾ ਹਟਾਉਣ ’ਤੇ ਸੂਬੇ ਭਰ ’ਚ ਸੰਘਰਸ਼ ਵਿੱਢਣ ਤੇ ਚੰਡੀਗੜ੍ਹ ’ਚ ਮਿਸ਼ਨ ਡਾਇਰੈਕਟਰ ਦੇ ਦਫਤਰ ਘੇਰਨ ਦੀ ਚਿਤਾਵਨੀ ਸੰਜੀਵ ਸੂਦ, ਪੰਜਾਬੀ ਜਾਗਰਣ, ਹੁਸ਼ਿਆਰਪੁਰ: ਪੰਜਾਬ ਸਰਕਾਰ ਵੱਲੋਂ ਚਲਾਈ ਜਾ ਰਹੀ ਮੁੱਖ ਮੰਤਰੀ ਸਿਹਤ ਬੀਮਾ ਯੋਜਨਾ (ਐੱਮਐੱਮਐੱਸਵਾਈ) ਦੇ ਤਹਿਤ ਬਣਾਏ ਜਾ ਰਹੇ ਕਾਰਡਾਂ ਦੀ ਪ੍ਰਕਿਰਿਆ ਵਿੱਚ ਕਮਿਊਨਿਟੀ ਹੈਲਥ ਅਫ਼ਸਰ (ਸੀਐੱਚਓ) ਕਾਡਰ ਦੀ ਡਿਊਟੀ ਕੰਪਿਊਟਰ ਆਪਰੇਟਰ ਵਜੋਂ ਲਗਾਉਣ ਦੇ ਵਿਰੋਧ ਵਿੱਚ ਜ਼ਿਲ੍ਹਾ ਹੁਸ਼ਿਆਰਪੁਰ ਦੇ ਸੀਐੱਚਓ ਕਾਡਰ ਵੱਲੋਂ ਸਿਵਲ ਸਰਜਨ ਦਫ਼ਤਰ ਦੇ ਬਾਹਰ ਧਰਨਾ ਪ੍ਰਦਰਸ਼ਨ ਕੀਤਾ ਗਿਆ। ਧਰਨਾ ਅਤੇ ਪ੍ਰਦਰਸ਼ਨ ਸਵੇਰੇ 9 ਵਜੇ ਤੋਂ ਦੁਪਹਿਰ 3 ਵਜੇ ਤੱਕ ਜਾਰੀ ਰਿਹਾ। ਨੋਵਲ ਇੰਟੀਗ੍ਰੇਟਿਡ ਐਸੋਸੀਏਸ਼ਨ ਆਫ਼ ਕਮਿਊਨਿਟੀ ਹੈਲਥ ਅਫ਼ਸਰਜ਼ ਪੰਜਾਬ ਦੇ ਜ਼ਿਲ੍ਹਾ ਆਗੂਆਂ ਨੇ ਦੱਸਿਆ ਕਿ ਸਰਕਾਰ ਵੱਲੋਂ ਯੋਜਨਾ ਦਾ ਲਾਭ ਲੋਕਾਂ ਤੱਕ ਪਹੁੰਚਾਉਣ ਲਈ ਵੱਡੀ ਗਿਣਤੀ ਵਿੱਚ ਕੈਂਪ ਲਗਾਏ ਜਾ ਰਹੇ ਹਨ, ਜਿੱਥੇ ਪਹਿਲਾਂ ਹੀ ਪਿੰਡਾਂ ’ਚ ਪ੍ਰਾਈਵੇਟ ਕੰਪਿਊਟਰ ਸੈਂਟਰਾਂ ਰਾਹੀਂ ਕਾਰਡ ਬਣਾਏ ਜਾ ਰਹੇ ਹਨ। ਇਸ ਦੇ ਬਾਵਜੂਦ ਹੁਸ਼ਿਆਰਪੁਰ ਜ਼ਿਲ੍ਹੇ ਵਿੱਚ ਬੀਏਐੱਮਐੱਸ ਡਾਕਟਰਾਂ ਅਤੇ ਸਟਾਫ ਨਰਸਾਂ, ਜੋ ਕਿ ਕਮਿਊਨਿਟੀ ਹੈਲਥ ਅਫਸਰ ਵਜੋਂ ਸਿਹਤ ਵਿਭਾਗ ਵਿੱਚ ਸੇਵਾ ਨਿਭਾਅ ਰਹੇ ਹਨ, ਨੂੰ ਕਾਰਡ ਬਣਾਉਣ ਲਈ ਕੰਪਿਊਟਰ ਡਿਊਟੀ ’ਤੇ ਲਾਇਆ ਜਾ ਰਿਹਾ ਹੈ। ਐਸੋਸੀਏਸ਼ਨ ਦੇ ਆਗੂਆਂ ਨੇ ਕਿਹਾ ਕਿ ਇਸ ਕਾਰਨ ਪਿੰਡਾਂ ’ਚ ਬਜ਼ੁਰਗਾਂ, ਗਰਭਵਤੀਆਂ ਅਤੇ ਅਪਾਹਜ ਲੋਕਾਂ ਨੂੰ ਦਿੱਤੀਆਂ ਜਾਣ ਵਾਲੀਆਂ ਸਿਹਤ ਸੇਵਾਵਾਂ ਬਹੁਤ ਪ੍ਰਭਾਵਿਤ ਹੋ ਰਹੀਆਂ ਹਨ ਅਤੇ ਦਵਾਈਆਂ ਅਤੇ ਜ਼ਰੂਰੀ ਸਹਾਇਤਾ ਨਾ ਮਿਲਣ ਕਾਰਨ ਲੋਕਾਂ ਵਿੱਚ ਵੀ ਰੋਸ ਵੱਧ ਰਿਹਾ ਹੈ। ਐਸੋਸੀਏਸ਼ਨ ਨੇ ਪਹਿਲਾਂ ਵੀ ਡਿਪਟੀ ਕਮਿਸ਼ਨਰ ਹੁਸ਼ਿਆਰਪੁਰ ਨੂੰ ਇਹ ਡਿਊਟੀਆਂ ਨਾ ਲਗਾਉਣ ਦੀ ਬੇਨਤੀ ਕੀਤੀ ਸੀ, ਪਰ ਇਸ ਦੇ ਬਾਵਜੂਦ ਡਿਊਟੀਆਂ ਜਾਰੀ ਰਹਿਣ ਕਾਰਨ ਧਰਨਾ ਦੇਣਾ ਪਿਆ। ਆਗੂਆਂ ਨੇ ਚੇਤਾਵਨੀ ਦਿੱਤੀ ਕਿ ਜੇ ਜਲਦ ਡਿਊਟੀਆਂ ਨਹੀਂ ਕੱਟੀਆਂ ਗਈਆਂ ਤਾਂ ਪੰਜਾਬ ਭਰ ਵਿੱਚ ਐਸੋਸੀਏਸ਼ਨ ਵੱਲੋਂ ਵੱਡਾ ਸੰਘਰਸ਼ ਕੀਤਾ ਜਾਵੇਗਾ ਅਤੇ ਚੰਡੀਗੜ੍ਹ ਵਿੱਚ ਮਿਸ਼ਨ ਡਾਇਰੈਕਟਰ ਦੇ ਦਫਤਰ ਦਾ ਘਿਰਾਓ ਵੀ ਕੀਤਾ ਜਾਵੇਗਾ। ਇਸ ਮੌਕੇ ਡਾ. ਮਨਵੀਰ ਕਲਸੀ, ਡਾ. ਦਰਬਾਰੀ ਲਾਲ, ਡਾ. ਮਨੀਸ਼ ਕੁਮਾਰ, ਡਾ. ਵਰੁਣ ਵਸ਼ਿਸ਼ਟ, ਡਾ. ਓਕਾਰ ਸਿੰਘ, ਡਾ. ਨਵਦੀਪ ਕੌਰ, ਡਾ. ਰਮਨਦੀਪ ਕੌਰ, ਸੀ.ਐਚ.ਓ. ਤਰਨਜੀਤ ਕੁਮਾਰ, ਸੀ.ਐਚ.ਓ. ਵਿਜੇ ਕੁਮਾਰ, ਸੀ.ਐਚ.ਓ. ਸਰਬਜੀਤ ਕੌਰ ਆਦਿ ਹਾਜ਼ਰ ਸਨ। ਐਸੋਸੀਏਸ਼ਨ ਵੱਲੋਂ ਆਪਣੀਆਂ ਮੰਗਾਂ ਸਬੰਧੀ ਮੰਗ ਪੱਤਰ ਡਿਸਟ੍ਰਿਕਟ ਫੈਮਿਲੀ ਪਲੈਨਿੰਗ ਅਫਸਰ ਡਾਕਟਰ ਰਣਜੀਤ ਸਿੰਘ ਨੂੰ ਸੌਂਪਿਆ ਗਿਆ।