ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਲਾਇਆ ਮੁਫਤ ਅੱਖਾਂ ਦਾ ਕੈਂਪ
ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੇ ਜਨਮ ਦਿਹਾੜੇ ਨੂੰ ਸਮਰਪਿਤ ਮੁਫਤ ਅੱਖਾਂ ਦਾ ਕੈਂਪ ਲਗਾਇਆ ਗਿਆ
Publish Date: Mon, 16 Feb 2026 04:41 PM (IST)
Updated Date: Tue, 17 Feb 2026 04:03 AM (IST)

ਜਗਮੋਹਨ ਸ਼ਰਮਾ, ਪੰਜਾਬੀ ਜਾਗਰਣ, ਤਲਵਾੜਾ: ਪਿੰਡ ਆਲੋ ਭੱਟੀ ਵਿੱਚ ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੇ ਪਾਵਨ ਜਨਮ ਦਿਹਾੜੇ ਨੂੰ ਸਮਰਪਿਤ ਇੱਕ ਵਿਸ਼ਾਲ ਮੁਫ਼ਤ ਅੱਖਾਂ ਦੀ ਜਾਂਚ ਅਤੇ ਇਲਾਜ ਕੈਂਪ ਸ਼ਰਧਾ ਅਤੇ ਸੇਵਾ ਭਾਵਨਾ ਨਾਲ ਲਾਇਆ ਗਿਆ। ਪਿੰਡ ਵਾਸੀਆਂ ਅਤੇ ਇਲਾਕੇ ਦੇ ਲੋਕਾਂ ਵੱਲੋਂ ਇਸ ਕੈਂਪ ਨੂੰ ਲੈ ਕੇ ਵੱਡਾ ਉਤਸ਼ਾਹ ਦੇਖਣ ਨੂੰ ਮਿਲਿਆ। ਇਹ ਸਿਹਤ ਕੈਂਪ ਕੇ•ਡੀ ਹਸਪਤਾਲ ਪਠਾਨਕੋਟ ਦੇ ਤਜ਼ਰਬੇਕਾਰ ਡਾਕਟਰਾਂ ਦੀ ਟੀਮ ਵੱਲੋਂ ਲਾਇਆ ਗਿਆ, ਜਿਸ ਦੌਰਾਨ ਅੱਖਾਂ ਨਾਲ ਸੰਬੰਧਿਤ ਵੱਖ-ਵੱਖ ਬਿਮਾਰੀਆਂ ਦੀ ਜਾਂਚ ਕੀਤੀ ਗਈ। ਡਾਕਟਰਾਂ ਨੇ ਮਰੀਜ਼ਾਂ ਦੀ ਬੜੀ ਧਿਆਨ ਨਾਲ ਜਾਂਚ ਕਰਦੇ ਹੋਏ ਉਨ੍ਹਾਂ ਨੂੰ ਉਚਿਤ ਸਲਾਹ ਦਿੱਤੀ ਅਤੇ ਲੋੜ ਅਨੁਸਾਰ ਮੁਫ਼ਤ ਦਵਾਈਆਂ ਵੀ ਵੰਡੀਆਂ। ਕੈਂਪ ਦੌਰਾਨ ਕਰੀਬ 150 ਮਰੀਜ਼ਾਂ ਦੀ ਜਾਂਚ ਕੀਤੀ ਗਈ, ਜਿਨ੍ਹਾਂ ਵਿੱਚ ਬਜ਼ੁਰਗਾਂ ਦੀ ਗਿਣਤੀ ਵੱਧ ਰਹੀ। ਕਈ ਮਰੀਜ਼ਾਂ ਨੂੰ ਅੱਗੇ ਦੇ ਇਲਾਜ ਲਈ ਵੀ ਮਾਰਗਦਰਸ਼ਨ ਦਿੱਤਾ ਗਿਆ। ਪਿੰਡ ਦੇ ਲੋਕਾਂ ਨੇ ਕਿਹਾ ਕਿ ਅਜਿਹੇ ਕੈਂਪ ਪਿੰਡਾਂ ਵਿੱਚ ਬਹੁਤ ਲਾਭਦਾਇਕ ਸਾਬਤ ਹੁੰਦੇ ਹਨ, ਕਿਉਂਕਿ ਬਹੁਤ ਸਾਰੇ ਲੋਕ ਆਰਥਿਕ ਜਾਂ ਹੋਰ ਕਾਰਨਾਂ ਕਰਕੇ ਸ਼ਹਿਰਾਂ ਵਿੱਚ ਇਲਾਜ ਲਈ ਨਹੀਂ ਜਾ ਸਕਦੇ। ਇਸ ਤਰ੍ਹਾਂ ਦੇ ਉਪਰਾਲੇ ਨਾਲ ਗਰੀਬ ਅਤੇ ਲੋੜਵੰਦ ਲੋਕਾਂ ਨੂੰ ਵੱਡੀ ਰਾਹਤ ਮਿਲਦੀ ਹੈ। ਇਸ ਮੌਕੇ ਕੈਂਪ ਦੇ ਪ੍ਰਬੰਧ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਉਣ ਵਾਲੇ ਸੀਆਈਐੱਸਐੱਫ ਦੇ ਰਜੇਸ਼ ਕੁਮਾਰ ਨੇ ਕਿਹਾ ਕਿ ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੀਆਂ ਸਿੱਖਿਆਵਾਂ ਸਾਨੂੰ ਮਨੁੱਖਤਾ ਦੀ ਸੇਵਾ ਕਰਨ ਦਾ ਸੰਦੇਸ਼ ਦਿੰਦੀਆਂ ਹਨ ਅਤੇ ਇਸੇ ਪ੍ਰੇਰਣਾ ਨਾਲ ਇਹ ਕੈਂਪ ਲਾਇਆ ਗਿਆ। ਉਨ੍ਹਾਂ ਕਿਹਾ ਕਿ ਭਵਿੱਖ ਵਿੱਚ ਵੀ ਅਜਿਹੇ ਸਮਾਜ ਸੇਵੀ ਕਾਰਜ ਜਾਰੀ ਰਹਿਣਗੇ। ਇਸ ਕੈਂਪ ਵਿੱਚ ਡਾ. ਪਵਨ, ਸਰਪੰਚ ਸੂਰਮ ਸਿੰਘ, ਅਸ਼ੋਕ ਕੁਮਾਰ, ਯੋਧਾ ਸਿੰਘ, ਕੈਪਟਨ ਰਸੈਣ, ਜਸਵੀਰ ਕੌਰ, ਸਿਮਰਨਜੀਤ, ਸ਼ੇਰਾ ਪ੍ਰਧਾਨ, ਵਿਸ਼ਾਲ ਕੁਮਾਰ ਸਮੇਤ ਹੋਰ ਕਈ ਪਿੰਡ ਵਾਸੀ ਅਤੇ ਸੇਵਾਦਾਰ ਹਾਜ਼ਰ ਰਹੇ। ਸਾਰਿਆਂ ਨੇ ਮਿਲਜੁਲ ਕੇ ਪ੍ਰਬੰਧ ਸੰਭਾਲਿਆ ਅਤੇ ਮਰੀਜ਼ਾਂ ਦੀ ਸਹੂਲਤ ਦਾ ਖ਼ਾਸ ਧਿਆਨ ਰੱਖਿਆ। ਪਿੰਡ ਵਾਸੀਆਂ ਨੇ ਆਯੋਜਕਾਂ ਅਤੇ ਡਾਕਟਰਾਂ ਦੀ ਟੀਮ ਦਾ ਧੰਨਵਾਦ ਕਰਦਿਆਂ ਕਿਹਾ ਕਿ ਅਜਿਹੇ ਉਪਰਾਲੇ ਸਮਾਜ ਵਿੱਚ ਸੇਵਾ ਅਤੇ ਇਕਤਾ ਦੀ ਭਾਵਨਾ ਨੂੰ ਮਜ਼ਬੂਤ ਕਰਦੇ ਹਨ।