ਨਸ਼ਿਆਂ ਵਿਰੁੱਧ ਵਿਸ਼ਾਲ ਰੈਲੀ ਲਈ ਮੁਕੇਰੀਆਂ ਤੋਂ ਵੱਡੀ ਰਵਾਨਗੀ
ਨਸ਼ਿਆਂ ਵਿਰੁੱਧ ਵਿਸ਼ਾਲ ਰੈਲੀ ਲਈ ਮੁਕੇਰੀਆਂ ਤੋਂ ਵੱਡੀ ਰਵਾਨਗੀ
Publish Date: Mon, 16 Feb 2026 04:08 PM (IST)
Updated Date: Tue, 17 Feb 2026 04:01 AM (IST)

ਹਰਮਨਜੀਤ ਸਿੰਘ ਸੈਣੀ, ਪੰਜਾਬੀ ਜਾਗਰਣ, ਮੁਕੇਰੀਆਂ: ਮੋਗਾ ਜ਼ਿਲ੍ਹੇ ਦੇ ਕਿੱਲੀ ਚਾਹਲਾਂ ਪਿੰਡ ਵਿੱਚ ਆਮ ਆਦਮੀ ਪਾਰਟੀ ਵੱਲੋਂ ਕਰਵਾਈ ਜਾ ਰਹੀ ਰੈਲੀ ਵਿੱਚ ਸ਼ਾਮਲ ਹੋਣ ਲਈ ਮੁਕੇਰੀਆਂ ਹਲਕੇ ਤੋਂ ਆਗੂਆਂ ਅਤੇ ਵਰਕਰਾਂ ਦੀ ਵੱਡੀ ਗਿਣਤੀ ਬੱਸਾਂ ਰਾਹੀਂ ਰਵਾਨਾ ਹੋਈ। ‘ਯੁੱਧ ਨਸ਼ਿਆਂ ਵਿਰੁੱਧ’ ਮੁਹਿੰਮ ਤਹਿਤ ਹੋ ਰਹੀ ਇਸ ਰੈਲੀ ਲਈ ਰਵਾਨਗੀ ਸਮੇਂ ਪਾਰਟੀ ਦੇ ਹਲਕਾ ਇੰਚਾਰਜ ਪ੍ਰੋ. ਜੀਐੱਸ ਮੁਲਤਾਨੀ ਨੇ ਅਗਵਾਈ ਕੀਤੀ ਅਤੇ ਵਰਕਰਾਂ ਵਿੱਚ ਉਤਸ਼ਾਹ ਭਰਿਆ। ਰਵਾਨਗੀ ਦੌਰਾਨ ਮੁਕੇਰੀਆਂ ਦੇ ਵੱਖ-ਵੱਖ ਇਲਾਕਿਆਂ ਤੋਂ ਆਏ ਆਗੂਆਂ ਅਤੇ ਵਰਕਰਾਂ ਨੇ ਪਾਰਟੀ ਦੇ ਝੰਡਿਆਂ ਨਾਲ ਨਾਅਰੇਬਾਜ਼ੀ ਕਰਦਿਆਂ ਨਸ਼ਿਆਂ ਖ਼ਿਲਾਫ਼ ਲੜਾਈ ਨੂੰ ਹੋਰ ਮਜ਼ਬੂਤ ਬਣਾਉਣ ਦਾ ਸੰਕਲਪ ਲਿਆ। ਇਸ ਸਮੇਂ ਪ੍ਰੋ. ਮੁਲਤਾਨੀ ਨੇ ਕਿਹਾ ਕਿ ਨਸ਼ਾ ਪੰਜਾਬ ਦੀ ਜਵਾਨੀ ਲਈ ਸਭ ਤੋਂ ਵੱਡਾ ਚੁਣੌਤੀ ਭਰਪੂਰ ਮੁੱਦਾ ਹੈ ਅਤੇ ਇਸ ਮੁਹਿੰਮ ਰਾਹੀਂ ਸਰਕਾਰ, ਪ੍ਰਸ਼ਾਸਨ ਤੇ ਲੋਕਾਂ ਨੇ ਮਿਲਜੁਲ ਕੇ ਇਸ ਬੁਰਾਈ ਦੇ ਖਾਤਮੇ ਲਈ ਦ੍ਰਿੜ ਕਦਮ ਚੁੱਕਿਆ ਹੈ। ਪਿੰਡ-ਪਿੰਡ ਤੱਕ ਜਾਗਰੂਕਤਾ ਪੈਦਾ ਕਰਨਾ, ਨੌਜਵਾਨਾਂ ਨੂੰ ਸਹੀ ਦਿਸ਼ਾ ਵੱਲ ਮੋੜਨਾ ਅਤੇ ਨਸ਼ਾ ਤਸਕਰੀ ਖ਼ਿਲਾਫ਼ ਸਖ਼ਤ ਕਾਰਵਾਈ ਕਰਨੀ ਇਸ ਮੁਹਿੰਮ ਦੇ ਮੁੱਖ ਮਕਸਦ ਹਨ। ਪ੍ਰੋ. ਮੁਲਤਾਨੀ ਨੇ ‘ਯੁੱਧ ਨਸ਼ਿਆਂ ਵਿਰੁੱਧ’ ਮੁਹਿੰਮ ਦੀ ਹੁਣ ਤੱਕ ਦੀ ਸਫ਼ਲਤਾ ਦੀ ਪ੍ਰਸ਼ੰਸਾ ਕਰਦਿਆਂ ਇਸਨੂੰ ਸੂਬੇ ਲਈ ਵਰਦਾਨ ਕਰਾਰ ਦਿੱਤਾ। ਉਨ੍ਹਾਂ ਕਿਹਾ ਕਿ ਮੁਹਿੰਮ ਦੇ ਨਤੀਜੇ ਵਜੋਂ ਕਈ ਇਲਾਕਿਆਂ ਵਿੱਚ ਨਸ਼ਾ ਤਸਕਰਾਂ ਉੱਤੇ ਮੁਕੰਮਲ ਨਕੇਲ ਕੱਸੀ ਗਈ ਹੈ ਅਤੇ ਨਸ਼ੇ ਦੇ ਆਦੀ ਨੌਜਵਾਨਾਂ ਨੂੰ ਮੁੱਖ ਧਾਰਾ ਵਿੱਚ ਲਿਆਉਣ ਲਈ ਮੁੜ ਵਸੇਬਾ ਕੇਂਦਰਾਂ ਦੀ ਸਹਾਇਤਾ ਲਈ ਜਾ ਰਹੀ ਹੈ। ਉਨ੍ਹਾਂ ਪੰਜਾਬ ਸਰਕਾਰ ਵੱਲੋਂ ਸੂਬੇ ਦੇ ਵਿਕਾਸ ਲਈ ਕੀਤੇ ਜਾ ਰਹੇ ਕੰਮਾਂ ਦਾ ਵੀ ਜ਼ਿਕਰ ਕੀਤਾ। ਸਿੱਖਿਆ, ਸਿਹਤ, ਬਿਜਲੀ, ਸੜਕਾਂ ਅਤੇ ਪਿੰਡਾਂ ਦੇ ਢਾਂਚਾਗਤ ਵਿਕਾਸ ਵਿੱਚ ਹੋ ਰਹੀ ਤਰੱਕੀ ਨੂੰ ਉਨ੍ਹਾਂ ਸਰਕਾਰ ਦੀ ਕਾਰਗੁਜ਼ਾਰੀ ਦਾ ਸਬੂਤ ਦੱਸਿਆ ਅਤੇ ਕਿਹਾ ਕਿ ਲੋਕ-ਹਿਤੈਸ਼ੀ ਨੀਤੀਆਂ ਕਾਰਨ ਆਮ ਆਦਮੀ ਦਾ ਭਰੋਸਾ ਵਧਿਆ ਹੈ ਤੇ ਅਗਾਮੀ ਵਿਧਾਨ ਸਭਾ ਚੋਣਾਂ ਦੌਰਾਨ ਵੀ ਸੂਬੇ ਅੰਦਰ ਆਪ ਦੀ ਸਰਕਾਰ ਹੀ ਬਣੇਗੀ। ਇਸ ਮੌਕੇ ਬਲਾਕ ਸੰਮਤੀ ਮੈਂਬਰ ਚੰਚਲਾ ਦੇਵੀ, ਬਲਾਕ ਸੰਮਤੀ ਮੈਂਬਰ ਰਾਕੇਸ਼ ਕੁਮਾਰ, ਬਲਾਕ ਸੰਮਤੀ ਮੈਂਬਰ ਬੈਨੀ ਰਾਣਾ, ਜ਼ਿਲ੍ਹਾ ਪ੍ਰੀਸ਼ਦ ਮੈਂਬਰ ਤਜਿੰਦਰ ਰਾਣਾ, ਸੁਰਿੰਦਰ ਠਾਕੁਰ, ਉਪਦੇਸ਼ ਠਾਕੁਰ, ਡਾ. ਜੌਲੀ, ਅਮਿਤ ਕੁਮਾਰ, ਸਰਪੰਚ ਮਿਨਾਕਸ਼ੀ, ਸਰਪੰਚ ਸੀਮਾ ਦੇਵੀ, ਸਰਪੰਚ ਸੋਹਨ ਸਿੰਘ, ਸਰਪੰਚ ਗੁਰਧਿਆਨ ਸਿੰਘ ਸਮੇਤ ਵੱਡੀ ਗਿਣਤੀ ਆਗੂ ਤੇ ਵਰਕਰ ਹਾਜ਼ਰ ਸਨ।