ਫੁੱਟਬਾਲ ਟੂਰਨਾਮੈਂਟ ਦੇ ਤੀਜੇ ਦਿਨ ਰੌਚਿਕ ਮੁਕਾਬਲੇ ਹੋਏ
63ਵੇਂ ਪ੍ਰਿੰਸੀਪਲ ਹਰਭਜਨ ਸਿੰਘ ਫੁਟਬਾਲ ਟੂਰਨਾਮੈਂਟ ਦੇ ਤੀਜੇ ਦਿਨ ਰੌਚਿਕ ਮੁਕਾਬਲੇ ਹੋਏ
Publish Date: Sun, 15 Feb 2026 08:12 PM (IST)
Updated Date: Mon, 16 Feb 2026 04:15 AM (IST)

ਸਤਨਾਮ ਲੋਈ, ਪੰਜਾਬੀ ਜਾਗਰਣ, ਮਾਹਿਲਪੁਰ: ਸ੍ਰੀ ਗੁਰੂ ਗੋਬਿੰਦ ਸਿੰਘ ਖਾਲਸਾ ਕਾਲਜ ਮਾਹਿਲਪੁਰ ਵਿੱਚ ਪ੍ਰਿੰਸੀਪਲ ਹਰਭਜਨ ਸਿੰਘ ਸਪੋਰਟਿੰਗ ਦੇ ਪ੍ਰਧਾਨ ਕੁਲਵੰਤ ਸਿੰਘ ਸੰਘਾ ਦੀ ਅਗਵਾਈ ਹੇਠ ਕਰਵਾਏ ਜਾ ਰਹੇ 63ਵੇਂ ਪ੍ਰਿੰਸੀਪਲ ਹਰਭਜਨ ਸਿੰਘ ਆਲ ਇੰਡੀਆ ਫੁਟਬਾਲ ਟੂਰਨਾਮੈਂਟ ਦੇ ਤੀਜੇ ਦਿਨ ਖੇਡ ਪ੍ਰੇਮੀਆਂ ਨੂੰ ਰੌਚਿਕ ਫੁਟਬਾਲ ਮੁਕਾਬਲੇ ਦੇਖਣ ਨੂੰ ਮਿਲੇ। ਟੂਰਨਾਮੈਂਟ ਦੇ ਵੱਖ-ਵੱਖ ਮੈਚਾਂ ਦੌਰਾਨ ਮੁੱਖ ਮਹਿਮਾਨ ਵਜੋਂ ਵਿੰਗ ਕਮਾਂਡਰ ਹਰਦੇਵ ਸਿੰਘ ਢਿਲੋਂ, ਤਜਿੰਦਰ ਕੁਮਾਰ, ਬਲਵੀਰ ਸਿੰਘ, ਸੋਹਨ ਸਿੰਘ ਗਿੱਲ, ਗੁਰਸੇਵਕ ਸਿੰਘ ਬੈਂਸ, ਦਲਜੀਤ ਸਿੰਘ ਯੂਕੇ, ਸੰਤੋਖ ਸਿੰਘ ਸੈਣੀ, ਕੁਲਦੀਪ ਸਿੰਘ ਖਾਬੜਾ ਅਤੇ ਅਮਰੀਕ ਸਿੰਘ ਬੈਂਸ ਨੇ ਸ਼ਿਰਕਤ ਕੀਤੀ। ਉਨ੍ਹਾਂ ਖਿਡਾਰੀਆਂ ਨਾਲ ਜਾਣ ਪਛਾਣ ਕੀਤੀ ਅਤੇ ਟੂਰਨਾਮੈਂਟ ਦੇ ਪ੍ਰਬੰਧਕਾਂ ਨੂੰ ਹਰ ਤਰਾਂ ਦੇ ਸਹਿਯੋਗ ਦਾ ਭਰੋਸਾ ਦਿੱਤਾ। ਕਾਲਜ ਵਰਗ ਦੇ ਪਹਿਲੇ ਮੈਚ ਵਿੱਚ ਖਾਲਸਾ ਕਾਲਜ ਮਾਹਿਲਪੁਰ ਨੇ ਫੁੱਟਬਾਲ ਅਕੈਡਮੀ ਬੱਡੋਂ ਨੂੰ 2-0 ਦੇ ਫਰਕ ਨਾਲ ਹਰਾਇਆ। ਕਲੱਬ ਵਰਗ ਦੇ ਵੱਖਰੇ ਮੈਚਾਂ ’ਚ ਰੇਲ ਕੋਚ ਫੈਕਟਰੀ ਕਪੂਰਥਲਾ ਨੇ ਨਾਮਧਾਰੀ ਫੁਟਬਾਲ ਕਲੱਬ ਨੂੰ 2-0 ਦੇ ਫਰਕ ਨਾਲ ਚਿੱਤ ਕਰਕੇ ਅਗਲੇ ਗੇੜ ਵਿਚ ਪ੍ਰਵੇਸ਼ ਕੀਤਾ। ਇਸੇ ਵਰਗ ਦੇ ਇਕ ਵੱਖਰੇ ਮੈਚ ਵਿੱਚ ਬੀਐਸੈਫ ਦੀ ਟੀਮ ਨੇ ਆਰ ਟੀ ਹੈਦਰਾਬਾਦ ਦੀ ਟੀਮ ਨੂੰ 5-0 ਦੇ ਵੱਡੇ ਅੰਤਰ ਨਾਲ ਹਰਾਇਆ। ਇਸ ਮੌਕੇ ਇਲਾਕੇ ਦੇ ਖੇਡ ਪ੍ਰੇਮੀ ਵੱਡੀ ਗਿਣਤੀ ’ਚ ਹਾਜ਼ਰ ਸਨ।