ਨਸ਼ੇ ਵਾਲੇ ਪਦਾਰਥਾਂ ਦੇ ਮਾਮਲਿਆਂ ’ਚ 5 ਵਿਅਕਤੀ ਗ੍ਰਿਫਤਾਰ
ਵੱਖ-ਵੱਖ ਥਾਣਿਆਂ ਦੀ ਪੁਲਿਸ ਵੱਲੋਂ ਨਸ਼ੀਲੇ ਪਦਾਰਥਾਂ ਦੇ ਮਾਮਲਿਆਂ ਵਿੱਚ 5 ਵਿਅਕਤੀ ਗ੍ਰਿਫਤਾਰ
Publish Date: Sun, 15 Feb 2026 06:51 PM (IST)
Updated Date: Mon, 16 Feb 2026 04:10 AM (IST)

ਸਟਾਫ ਰਿਪੋਟਰ, ਪੰਜਾਬੀ ਜਾਗਰਣ, ਹੁਸ਼ਿਆਰਪੁਰ: ਜ਼ਿਲ੍ਹੇ ਵਿੱਚ ਨਸ਼ਿਆਂ ਵਿਰੁੱਧ ਚਲਾਈ ਜਾ ਰਹੀ ਮੁਹਿੰਮ ਤਹਿਤ ਵੱਖ-ਵੱਖ ਥਾਣਿਆਂ ਦੀ ਪੁਲਿਸ ਨੇ ਐੱਨਡੀਪੀਐੱਸ ਐਕਟ ਦੇ ਤਹਿਤ ਕਾਰਵਾਈ ਕਰਦਿਆਂ 5 ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਹੈ। ਪੁਲਿਸ ਨੇ ਦੱਸਿਆ ਕਿ ਇਨ੍ਹਾਂ ਮਾਮਲਿਆਂ ਵਿੱਚ ਨਸ਼ੀਲੇ ਪਦਾਰਥਾਂ ਦੀ ਵਰਤੋਂ ਅਤੇ ਬਰਾਮਦਗੀ ਹੋਈ ਹੈ। ਪੁਲਿਸ ਨੇ ਦੱਸਿਆ ਕਿ ਥਾਣਾ ਬੁੱਲੋਵਾਲ ਅਧੀਨ ਏਐੱਸਆਈ ਕਸ਼ਮੀਰੀ ਲਾਲ ਆਪਣੀ ਟੀਮ ਨਾਲ ਗਸ਼ਤ ਦੌਰਾਨ ਨਸਰਾਲਾ ਕਲੋਨੀ ਨੇੜੇ ਰੇਲਵੇ ਲਾਈਨ ਕੋਲ ਪੁੱਜੇ ਤਾਂ ਇੱਕ ਖਾਲੀ ਪਲਾਟ ਵਿੱਚ ਦੋ ਨੌਜਵਾਨ ਝਾੜੀਆਂ ਪਿੱਛੇ ਬੈਠੇ ਦਿਖਾਈ ਦਿੱਤੇ। ਪੁਲਿਸ ਮੁਤਾਬਕ ਦੋਵੇਂ ਨੌਜਵਾਨ ਕਥਿਤ ਤੌਰ ’ਤੇ ਪੰਨੀ (ਸਿਲਵਰ ਪੇਪਰ) ਰਾਹੀਂ ਨਸ਼ਾ ਸੇਵਨ ਕਰ ਰਹੇ ਸਨ। ਗ੍ਰਿਫਤਾਰ ਨੌਜਵਾਨਾਂ ਦੀ ਪਛਾਣ ਸ਼ਿਵ ਕੁਮਾਰ ਪੁੱਤਰ ਚਮਨ ਲਾਲ ਅਤੇ ਹਰਜਿੰਦਰ ਸਿੰਘ ਪੁੱਤਰ ਚਮਨ ਲਾਲ ਦੋਵੇਂ ਵਾਸੀ ਖਲਵਾਨਾ ਵਜੋਂ ਹੋਈ। ਪੁਲਿਸ ਨੇ ਦੱਸਿਆ ਕਿ ਉਨ੍ਹਾਂ ਪਾਸੋਂ ਪੰਨੀ, ਲਾਈਟਰ ਅਤੇ ਇੱਕ ਛੋਟੀ ਪਲਾਸਟਿਕ ਪਾਈਪ ਬਰਾਮਦ ਕਰ ਕੇ ਮੁਕੱਦਮਾ ਦਰਜ ਕੀਤਾ ਗਿਆ ਹੈ। ਬਾਕਸ-- ਮਹਿਲਪੁਰ ਪੁਲਿਸ ਵੱਲੋਂ ਨਸ਼ੇ ਵਾਲੀਆਂ ਗੋਲੀਆਂ ਸਮੇਤ 2 ਕਾਬੂ ਪੁਲਿਸ ਅਨੁਸਾਰ ਚੌਕੀ ਸੈਲਾ ਖੁਰਦ ਦੇ ਇੰਚਾਰਜ ਏਐੱਸਆਈ ਸਤਨਾਮ ਸਿੰਘ ਗਸ਼ਤ ਅਤੇ ਚੈਕਿੰਗ ਦੌਰਾਨ ਪਿੰਡ ਜੱਸੋਵਾਲ ਨੇੜੇ ਪੁੱਜੇ ਤਾਂ ਦੋ ਨੌਜਵਾਨ ਪੁਲਿਸ ਨੂੰ ਦੇਖ ਕੇ ਭੱਠੇ ਵੱਲ ਖਿਸਕਣ ਲੱਗੇ। ਸ਼ੱਕ ਦੇ ਆਧਾਰ ’ਤੇ ਉਨ੍ਹਾਂ ਨੂੰ ਰੋਕ ਕੇ ਤਲਾਸ਼ੀ ਲਈ ਗਈ। ਪੁਲਿਸ ਨੇ ਦੱਸਿਆ ਕਿ ਨੌਜਵਾਨਾ ਪਾਸੋਂ ਕਥਿਤ ਤੌਰ ’ਤੇ 54 ਨਸ਼ੀਲੀਆਂ ਗੋਲੀਆਂ ਬਰਾਮਦ ਹੋਈਆਂ। ਗ੍ਰਿਫਤਾਰ ਨੌਜਵਾਨਾਂ ਦੀ ਪਛਾਣ ਬਲਜਿੰਦਰ ਸਿੰਘ ਉਰਫ ਸੌਰਵ ਪੁੱਤਰ ਮਹਿੰਦਰ ਸਿੰਘ ਅਤੇ ਲਖਵੀਰ ਸਿੰਘ ਉਰਫ ਲੱਕੀ ਪੁੱਤਰ ਅਵਤਾਰ ਸਿੰਘ ਦੋਵੇਂ ਵਾਸੀ ਹਰਮੋਇਆ ਵਜੋਂ ਹੋਈ। ਬਾਕਸ-- ਸਿਟੀ ਪੁਲਿਸ ਹੁਸ਼ਿਆਰਪੁਰ ਵੱਲੋਂ ਇੱਕ ਨੌਜਵਾਨ ਗ੍ਰਿਫਤਾਰ ਪੁਲਿਸ ਨੇ ਦੱਸਿਆ ਕਿ ਏ.ਐਸ.ਆਈ ਨਾਨਕ ਸਿੰਘ ਟੀਮ ਸਮੇਤ ਗਸ਼ਤ ਦੌਰਾਨ ਸੈਸ਼ਨ ਚੌਕ ਨੇੜੇ ਕਾਰ ਪਾਰਕਿੰਗ ਬਾਇਕ ਸਾਈਡ ਲੇਬਰ ਸ਼ੈਡ ਵਿੱਚ ਇੱਕ ਨੌਜਵਾਨ ਨੂੰ ਕਥਿਤ ਤੌਰ ’ਤੇ ਨਸ਼ਾ ਸੇਵਨ ਕਰਦੇ ਦੇਖਿਆ। ਉਸਨੂੰ ਕਾਬੂ ਕਰਕੇ ਉਸਦੀ ਪਛਾਣ ਸ਼ਾਹਿਲ ਉਰਫ ਸੰਜੂ ਪੁੱਤਰ ਸੁਭਾਸ ਕੁਮਾਰ ਵਾਸੀ ਸਿਵਲ ਲਾਈਨ, ਹੁਸ਼ਿਆਰਪੁਰ ਵਜੋਂ ਹੋਈ। ਪੁਲਿਸ ਮੁਤਾਬਕ ਉਸ ਪਾਸੋਂ ਇੱਕ ਲਾਈਟਰ, ਨਸ਼ੀਲਾ ਪਦਾਰਥ ਲੱਗੀ ਪੰਨੀ ਅਤੇ 10 ਰੁਪਏ ਦਾ ਰੋਲ ਕੀਤਾ ਨੋਟ ਬਰਾਮਦ ਹੋਇਆ। ਪੁਲਿਸ ਨੇ ਦੱਸਿਆ ਕਿ ਸਾਰੇ ਮਾਮਲਿਆਂ ਦੀ ਜਾਂਚ ਜਾਰੀ ਹੈ ।