ਮੁੱਖ ਮੰਤਰੀ ਸਿਹਤ ਯੋਜਨਾ ਲੋਕਾਂ ਲਈ ਸਿਹਤ ਸੁਰੱਖਿਆ ਦਾ ਵੱਡਾ ਕਦਮ : ਕਰਮਜੀਤ ਕੌਰ
ਮੁੱਖ ਮੰਤਰੀ ਸਿਹਤ ਯੋਜਨਾ: ਲੋਕਾਂ ਲਈ ਸਿਹਤ ਸੁਰੱਖਿਆ ਦਾ ਵੱਡਾ ਕਦਮ: ਕਰਮਜੀਤ ਕੌਰ
Publish Date: Sun, 15 Feb 2026 06:05 PM (IST)
Updated Date: Mon, 16 Feb 2026 04:06 AM (IST)

ਲੋਕਾਂ ਨੂੰ ਸਿਹਤ ਕਾਰਡ ਬਣਵਾਉਣ ਲਈ ਨੇੜਲੇ ਕੈਂਪਾਂ ਚ ਪਹੁੰਚ ਕਰਨ ਦੀ ਕੀਤੀ ਅਪੀਲ ਕਿਹਾ- ਜ਼ਿਲ੍ਹੇ ਚ 343 ਕੈਂਪਾਂ ਰਾਹੀਂ ਬਣਾਏ ਜਾ ਰਹੇ ਹਨ ਸਿਹਤ ਕਾਰਡ ਸੰਜੀਵ ਸੂਦ, ਪੰਜਾਬੀ ਜਾਗਰਣ, ਹੁਸ਼ਿਆਰਪੁਰ: ਜ਼ਿਲ੍ਹਾ ਯੋਜਨਾ ਕਮੇਟੀ ਦੀ ਚੇਅਰਪਰਸਨ ਕਰਮਜੀਤ ਕੌਰ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਸ਼ੁਰੂ ਕੀਤੀ ਗਈ ਮੁੱਖ ਮੰਤਰੀ ਸਿਹਤ ਯੋਜਨਾ ਨਾ ਸਿਰਫ਼ ਦੇਸ਼ ਵਿੱਚ ਸਗੋਂ ਦੁਨੀਆ ਵਿੱਚ ਸਭ ਤੋਂ ਵੱਡੀ ਸਿਹਤ ਸੁਰੱਖਿਆ ਪਹਿਲਕਦਮੀ ਹੈ, ਜੋ ਰੋਜ਼ਾਨਾ ਵੱਡੀ ਗਿਣਤੀ ਵਿੱਚ ਲੋੜਵੰਦ ਪਰਿਵਾਰਾਂ ਨੂੰ ਮੁਫ਼ਤ ਇਲਾਜ ਪ੍ਰਦਾਨ ਕਰਦੀ ਹੈ। ਉਨ੍ਹਾਂ ਕਿਹਾ ਕਿ ਇਸ ਯੋਜਨਾ ਤਹਿਤ ਜ਼ਿਲ੍ਹੇ ਵਿੱਚ 343 ਵਿਸ਼ੇਸ਼ ਸਿਹਤ ਕਾਰਡ ਬਣਾਉਣ ਵਾਲੇ ਕੈਂਪ ਲਗਾਏ ਗਏ ਹਨ ਤਾਂ ਜੋ ਇਹ ਯਕੀਨੀ ਬਣਾਇਆ ਜਾ ਸਕੇ ਕਿ ਵੱਧ ਤੋਂ ਵੱਧ ਲੋਕ ਇਸ ਦਾ ਲਾਭ ਲੈ ਸਕਣ। ਉਨ੍ਹਾਂ ਕਿਹਾ ਕਿ ਇਹ ਯੋਜਨਾ 22 ਜਨਵਰੀ ਤੋਂ ਪੰਜਾਬ ਭਰ ਵਿੱਚ ਲਾਗੂ ਕੀਤੀ ਗਈ ਹੈ ਅਤੇ ਲਗਭਗ 65 ਲੱਖ ਪਰਿਵਾਰਾਂ ਨੂੰ ਕਵਰ ਕਰ ਰਹੀ ਹੈ। ਇਸ ਨਾਲ ਲਗਭਗ 3 ਕਰੋੜ ਲੋਕਾਂ ਨੂੰ 10 ਲੱਖ ਤੱਕ ਦਾ ਕੈਸ਼ਲੈਸ ਅਤੇ ਮੁਫ਼ਤ ਇਲਾਜ ਮਿਲੇਗਾ। ਉਨ੍ਹਾਂ ਕਿਹਾ ਕਿ ਇਸ ਯੋਜਨਾ ਤਹਿਤ ਸੂਬੇ ਭਰ ਦੇ ਲਗਭਗ 900 ਸਰਕਾਰੀ ਅਤੇ ਨਿੱਜੀ ਹਸਪਤਾਲਾਂ ਨੂੰ ਸੂਚੀਬੱਧ ਕੀਤਾ ਗਿਆ ਹੈ ਅਤੇ 2,356 ਕਿਸਮਾਂ ਦੇ ਇਲਾਜ ਪੈਕੇਜ ਸ਼ਾਮਲ ਹਨ। ਕਰਮਜੀਤ ਕੌਰ ਨੇ ਦੱਸਿਆ ਕਿ ਲਾਭਪਾਤਰੀਆਂ ਨੂੰ ਪਹਿਲਾਂ ਸਿਹਤ ਕਾਰਡ ਪ੍ਰਾਪਤ ਕਰਨ ਲਈ ਇੱਕ ਅਪਾਇੰਟਮੈਂਟ ਸਲਿੱਪ ਦਿੱਤੀ ਜਾਂਦੀ ਹੈ, ਜਿਸ ਤੋਂ ਬਾਅਦ ਉਨ੍ਹਾਂ ਨੂੰ ਰਜਿਸਟਰ ਕੀਤਾ ਜਾਂਦਾ ਹੈ। ਸਿਹਤ ਵਿਭਾਗ ਦੇ ਅਧਿਕਾਰੀਆਂ ਅਨੁਸਾਰ 18 ਸਾਲ ਤੋਂ ਵੱਧ ਉਮਰ ਦੇ ਵਿਅਕਤੀਆਂ ਲਈ ਆਧਾਰ ਕਾਰਡ ਅਤੇ ਵੋਟਰ ਆਈ.ਡੀ ਕਾਰਡ ਜ਼ਰੂਰੀ ਹੈ, ਜਦੋਂ ਕਿ 18 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਲਈ ਜਨਮ ਸਰਟੀਫਿਕੇਟ ਅਤੇ ਆਧਾਰ ਕਾਰਡ ਜ਼ਰੂਰੀ ਹੈ। ਉਨ੍ਹਾਂ ਜ਼ਿਲ੍ਹਾ ਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਸਿਹਤ ਕਾਰਡ ਪ੍ਰਾਪਤ ਕਰਨ ਲਈ ਆਪਣੇ ਨੇੜਲੇ ਸਿਹਤ ਕਾਰਡ ਕੈਂਪਾਂ ਵਿੱਚ ਜਾਣ ਤਾਂ ਜੋ ਲੋੜ ਪੈਣ ਤੇ ਉਹ 10 ਲੱਖ ਰੁਪਏ ਤੱਕ ਦਾ ਮੁਫ਼ਤ ਇਲਾਜ ਪ੍ਰਾਪਤ ਕਰ ਸਕਣ। ਉਨ੍ਹਾਂ ਕਿਹਾ ਕਿ ਮਾਨ ਸਰਕਾਰ ਦਾ ਟੀਚਾ ਹਰ ਪਰਿਵਾਰ ਨੂੰ ਬਿਹਤਰ ਸਿਹਤ ਸੁਰੱਖਿਆ ਪ੍ਰਦਾਨ ਕਰਨਾ ਅਤੇ ਵਿੱਤੀ ਬੋਝ ਤੋਂ ਰਾਹਤ ਦੇਣਾ ਹੈ।