ਬ੍ਰਹਮ-ਗਿਆਨ ਰਾਹੀਂ ‘ਸ਼ਿਵਤਵ’ ਦਾ ਅਨੁਭਵ ਹੀ ਸੱਚੀ ਸ਼ਿਵਰਾਤਰੀ
ਬ੍ਰਹਮ-ਗਿਆਨ ਰਾਹੀਂ ‘ਸ਼ਿਵਤਵ’ ਦਾ ਅਨੁਭਵ ਹੀ ਸੱਚੀ ਸ਼ਿਵਰਾਤਰੀ: ਸਾਧਵੀ ਰਾਜਵੰਤ ਭਾਰਤੀ ਜੀ
Publish Date: Sun, 15 Feb 2026 05:26 PM (IST)
Updated Date: Mon, 16 Feb 2026 04:04 AM (IST)

ਮਹਾਸ਼ਿਵਰਾਤਰੀ ਮੌਕੇ ਦਿਵਯ ਜੋਤੀ ਜਾਗ੍ਰਿਤੀ ਸੰਸਥਾਨ ਵੱਲੋਂ ਨਸ਼ਿਆਂ ਵਿਰੁੱਧ ਅਧਿਆਤਮਕ ਸੰਦੇਸ਼ ਸਟਾਫ ਰਿਪੋਰਟਰ, ਪੰਜਾਬੀ ਜਾਗਰਣ, ਹੁਸ਼ਿਆਰਪੁਰ: ਮਹਾਸ਼ਿਵਰਾਤਰੀ ਦੇ ਪਾਵਨ ਤਿਉਹਾਰ ਮੌਕੇ ਦਿਵਯ ਜੋਤੀ ਜਾਗ੍ਰਿਤੀ ਸੰਸਥਾਨ, ਹੁਸ਼ਿਆਰਪੁਰ ਵਿਖੇ ਇੱਕ ਵਿਸ਼ੇਸ਼ ਅਧਿਆਤਮਿਕ ਸਮਾਗਮ ਦਾ ਆਯੋਜਨ ਕੀਤਾ ਗਿਆ। ਇਸ ਸਮਾਗਮ ਵਿੱਚ ਸਾਧਵੀ ਰਾਜਵੰਤ ਭਾਰਤੀ ਜੀ ਨੇ ਭਗਵਾਨ ਸ਼ਿਵ ਦੇ ਗੂੜ੍ਹ ਆਧਿਆਤਮਕ ਰਹੱਸਾਂ ’ਤੇ ਚਾਨਣਾ ਪਾਇਆ। ਸਾਧਵੀ ਜੀ ਨੇ ਕਿਹਾ ਕਿ ਸੱਚੀ ਸ਼ਿਵਰਾਤਰੀ ਉਹੀ ਹੈ ਜਦੋਂ ਮਨੁੱਖ ਬ੍ਰਹਮ-ਗਿਆਨ ਰਾਹੀਂ ਆਪਣੇ ਅੰਦਰ ‘ਸ਼ਿਵਤਵ’ ਦਾ ਅਨੁਭਵ ਕਰੇ। ਉਨ੍ਹਾਂ ਦੱਸਿਆ ਕਿ ਸ਼ਿਵ ਨੂੰ ‘ਤ੍ਰਿਅੰਬਕਮ’ ਕਿਹਾ ਜਾਂਦਾ ਹੈ, ਜਿਸਦਾ ਅਰਥ ਤਿੰਨ ਨੇਤਰਾਂ ਵਾਲੇ। ਭਗਵਾਨ ਸ਼ਿਵ ਦਾ ਤੀਜਾ ਨੇਤਰ ਮਨੁੱਖ ਦੇ ਅੰਦਰ ਮੌਜੂਦ ਵਿਕਾਰਾਂ ਅਤੇ ਬੇਲਗਾਮ ਇੱਛਾਵਾਂ ਦੇ ਨਾਸ ਦਾ ਪ੍ਰਤੀਕ ਹੈ, ਜਿਸ ਨੂੰ ਕੇਵਲ ਪੂਰਨ ਸਤਿਗੁਰੂ ਦੀ ਕਿਰਪਾ ਨਾਲ ਜਾਗ੍ਰਿਤ ਕੀਤਾ ਜਾ ਸਕਦਾ ਹੈ। ਉਨ੍ਹਾਂ ਨੇ ਸ਼ਿਵ ਦੁਆਰਾ ਧਾਰਨ ਕੀਤੀ ਨਰਮੁੰਡਾਂ ਦੀ ਮਾਲਾ ਦਾ ਜ਼ਿਕਰ ਕਰਦਿਆਂ ਕਿਹਾ ਕਿ ਇਹ ਜੀਵਨ ਦੀ ਨਾਸ਼ਵਾਨਤਾ ਦਾ ਸੰਦੇਸ਼ ਦਿੰਦੀ ਹੈ ਅਤੇ ਮਨੁੱਖ ਨੂੰ ਆਤਮ-ਕਲਿਆਣ ਦੇ ਰਾਹ ‘ਤੇ ਚੱਲਣ ਲਈ ਪ੍ਰੇਰਿਤ ਕਰਦੀ ਹੈ। ਸਾਧਵੀ ਜੀ ਨੇ ਸਮਾਜ ਵਿੱਚ ਸ਼ਿਵਰਾਤਰੀ ਮਨਾਉਣ ਦੇ ਕੁਝ ਗਲਤ ਰੁਝਾਨਾਂ ‘ਤੇ ਚਿੰਤਾ ਪ੍ਰਗਟ ਕਰਦਿਆਂ ਕਿਹਾ ਕਿ ਅੱਜ ਸ਼ਿਵ ਦੇ ਨਾਮ ‘ਤੇ ਸ਼ੋਰ-ਸ਼ਰਾਬੇ, ਅਸ਼ਲੀਲ ਗੀਤਾਂ ਅਤੇ ਨਸ਼ੀਲੇ ਪਦਾਰਥਾਂ ਦੀ ਵਰਤੋਂ ਹੋ ਰਹੀ ਹੈ, ਜੋ ਕਿ ਬਹੁਤ ਹੀ ਦੁਖਦਾਈ ਹੈ। ਉਨ੍ਹਾਂ ਸਪੱਸ਼ਟ ਕੀਤਾ ਕਿ ਮਹਾਦੇਵ ਨਸ਼ੇ ਦੇ ਨਹੀਂ, ਸਗੋਂ ‘ਨਾਮ’ ਦੀ ਖੁਮਾਰੀ ਅਤੇ ਯੋਗ ਦੇ ਆਨੰਦ ਦੇ ਪ੍ਰਤੀਕ ਹਨ। ਅੰਤ ਵਿੱਚ ਉਨ੍ਹਾਂ ਕਿਹਾ ਕਿ ਗੁਰੂ ਮਨੁੱਖ ਦੇ ਅੰਦਰਲੇ ਕੁਵਿਚਾਰਾਂ ਅਤੇ ਮਾੜੀਆਂ ਪ੍ਰਵਿਰਤੀਆਂ ਦਾ ਨਾਸ ਕਰਕੇ ਉਸਦੇ ਜੀਵਨ ਨੂੰ ਨਿਰਮਲ ਬਣਾਉਂਦੇ ਹਨ। ਇਸ ਸਮਾਗਮ ਵਿੱਚ ਵੱਡੀ ਗਿਣਤੀ ਵਿੱਚ ਸ਼ਰਧਾਲੂਆਂ ਨੇ ਹਾਜ਼ਰੀ ਭਰੀ ਅਤੇ ਸ਼ਿਵ ਭਗਤੀ ਦੇ ਅਸਲ ਅਰਥਾਂ ਨੂੰ ਸਮਝਿਆ।