ਮਹਾਸ਼ਿਵਰਾਤਰੀ ਮੌਕੇ ਮੰਦਰਾਂ ’ਚ ਭਗਤਾਂ ਦੀ ਭਾਰੀ ਭੀੜ, ਲੰਗਰਾਂ ਦਾ ਵਿਸ਼ੇਸ਼ ਆਯੋਜਨ
ਹੁਸ਼ਿਆਰਪੁਰ ਵਿੱਚ ਮਹਾਸ਼ਿਵਰਾਤਰੀ ਸ਼ਰਧਾ ਅਤੇ ਉਤਸ਼ਾਹ ਨਾਲ ਮਨਾਈ ਗਈ
Publish Date: Sun, 15 Feb 2026 05:13 PM (IST)
Updated Date: Mon, 16 Feb 2026 04:03 AM (IST)

ਹੁਸ਼ਿਆਰਪੁਰ ’ਚ ਸ਼ਰਧਾ ਅਤੇ ਉਤਸ਼ਾਹ ਨਾਲ ਮਨਾਈ ਮਹਾਸ਼ਿਵਰਾਤਰੀ ਐੱਸਐੱਸਪੀ ਸੰਦੀਪ ਕੁਮਾਰ ਮਲਿਕ ਨੇ ਸੁਰੱਖਿਆ ਪ੍ਰਬੰਧਾਂ ਦਾ ਲਿਆ ਜਾਇਜ਼ਾ ਸੰਜੀਵ ਸੂਦ, ਪੰਜਾਬੀ ਜਾਗਰਣ, ਹੁਸ਼ਿਆਰਪੁਰ: ਮਹਾਸ਼ਿਵਰਾਤਰੀ ਦਾ ਪਾਵਨ ਤਿਉਹਾਰ ਅੱਜ ਹੁਸ਼ਿਆਰਪੁਰ ਸ਼ਹਿਰ ’ਚ ਭਗਤੀਮਈ ਮਾਹੌਲ ਅਤੇ ਭਾਰੀ ਉਤਸ਼ਾਹ ਨਾਲ ਮਨਾਇਆ ਗਿਆ। ਸਵੇਰ ਤੋਂ ਹੀ ਸ਼ਹਿਰ ਦੇ ਵੱਖ-ਵੱਖ ਸ਼ਿਵ ਮੰਦਰਾਂ ’ਚ ਸ਼ਰਧਾਲੂਆਂ ਦੀ ਵੱਡੀ ਗਿਣਤੀ ਵਿੱਚ ਭੀੜ ਉਮੜ ਪਈ। ਭਗਤਾਂ ਵੱਲੋਂ ਭਗਵਾਨ ਸ਼ਿਵ ਦੀ ਵਿਸ਼ੇਸ਼ ਪੂਜਾ-ਅਰਚਨਾ ਕਰ ਕੇ ਦੁੱਧ, ਬੇਲਪੱਤਰ ਅਤੇ ਜਲ ਅਰਪਿਤ ਕੀਤਾ ਗਿਆ। ਮੰਦਰਾਂ ’ਚ ‘ਹਰ ਹਰ ਮਹਾਦੇਵ’ ਦੇ ਜੈਕਾਰਿਆਂ ਨਾਲ ਸਾਰਾ ਮਾਹੌਲ ਸ਼ਿਵਮਈ ਬਣਿਆ ਰਿਹਾ। ਕਈ ਥਾਵਾਂ ’ਤੇ ਭਜਨ-ਕੀਰਤਨ ਤੇ ਧਾਰਮਿਕ ਸਮਾਗਮ ਵੀ ਕਰਵਾਏ ਗਏ, ਜਿਸ ’ਚ ਵੱਡੀ ਗਿਣਤੀ ’ਚ ਸ਼ਿਵ ਭਗਤ ਸ਼ਾਮਲ ਹੋਏ। ਬਾਕਸ-- ਸ਼ਿਵ ਭਗਤਾਂ ਵੱਲੋਂ ਵਰਤ ਰੱਖ ਕੇ ਭਗਵਾਨ ਦੀ ਆਰਾਧਨਾ ਇਸ ਪਾਵਨ ਮੌਕੇ ਸ਼ਿਵ ਭਗਤਾਂ ਵੱਲੋਂ ਵਰਤ (ਉਪਵਾਸ) ਵੀ ਰੱਖਿਆ ਗਿਆ ਤੇ ਸ਼ਰਧਾਲੂਆਂ ਨੇ ਮਹਾਦੇਵ ਦੀ ਕ੍ਰਿਪਾ ਪ੍ਰਾਪਤ ਕਰਨ ਲਈ ਵਿਸ਼ੇਸ਼ ਪ੍ਰਾਰਥਨਾਵਾਂ ਕੀਤੀਆਂ। ਤਿਉਹਾਰ ਦੇ ਮੌਕੇ ਸ਼ਹਿਰ ਦੇ ਵੱਖ-ਵੱਖ ਇਲਾਕਿਆਂ ’ਚ ਸ਼ਰਧਾਲੂਆਂ ਵਲੋਂ ਲੰਗਰ ਵੀ ਲਾਏ ਗਏ। ਸ਼ਰਧਾਲੂਆਂ ਲਈ ਚਾਹ, ਫਲ, ਮਿੱਠੇ ਪਦਾਰਥ, ਛੋਲੇ-ਪੂਰੀ ਸਮੇਤ ਹੋਰ ਖਾਣ-ਪੀਣ ਦੀਆਂ ਵਸਤੂਆਂ ਦੇ ਲੰਗਰ ਲਾਏ ਗਏ। ਸੇਵਾਦਾਰਾਂ ਵੱਲੋਂ ਪੂਰੀ ਸ਼ਰਧਾ ਨਾਲ ਭਗਤਾਂ ਦੀ ਸੇਵਾ ਕੀਤੀ ਗਈ। ਬਾਕਸ-- 100 ਤੋਂ ਵੱਧ ਮੰਦਰਾਂ ’ਚ ਮਨਾਇਆ ਗਿਆ ਉਤਸਵ : ਐੱਸਐੱਸਪੀ ਇਸ ਮੌਕੇ ਹੁਸ਼ਿਆਰਪੁਰ ਦੇ ਸੀਨੀਅਰ ਸੁਪਰਡੈਂਟ ਆਫ਼ ਪੁਲਿਸ (ਐੱਸਐੱਸਪੀ) ਸੰਦੀਪ ਕੁਮਾਰ ਮਲਿਕ ਨੇ ਸ਼ਹਿਰ ਵਾਸੀਆਂ ਨੂੰ ਮਹਾਸ਼ਿਵਰਾਤਰੀ ਦੀਆਂ ਮੁਬਾਰਕਾਂ ਦਿੰਦਿਆਂ ਕਿਹਾ ਕਿ ਜ਼ਿਲ੍ਹੇ ’ਚ 100 ਤੋਂ ਵੱਧ ਮੰਦਰਾਂ ’ਚ ਇਹ ਪਾਵਨ ਤਿਉਹਾਰ ਸ਼ਰਧਾ ਨਾਲ ਮਨਾਇਆ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਸ਼ਰਧਾਲੂਆਂ ਦੀ ਸੁਰੱਖਿਆ ਨੂੰ ਧਿਆਨ ’ਚ ਰੱਖਦਿਆਂ ਪੁਲਿਸ ਵੱਲੋਂ ਸਾਰੇ ਮੰਦਰਾਂ ’ਚ ਪੁਖਤਾ ਸੁਰੱਖਿਆ ਪ੍ਰਬੰਧ ਕੀਤੇ ਗਏ ਹਨ। ਇਸ ਦੇ ਨਾਲ ਹੀ ਸ਼ਹਿਰ ’ਚ ਫੁੱਟ ਪੈਟਰੋਲਿੰਗ, ਵਿਸ਼ੇਸ਼ ਨਾਕਾਬੰਦੀ ਤੇ ਐਂਟੀ-ਸੈਬੋਟਾਜ ਟੀਮਾਂ ਨੂੰ ਵੀ ਤਾਇਨਾਤ ਕੀਤੀਆਂ ਗਈਆਂ ਹਨ। ਐੱਸਐੱਸਪੀ ਨੇ ਕਿਹਾ ਕਿ ਮੰਦਰਾਂ ਦੇ ਆਲੇ-ਦੁਆਲੇ ਲੱਗਭਗ 500 ਪੁਲਿਸ ਕਰਮਚਾਰੀ ਡਿਊਟੀ ’ਤੇ ਤਾਇਨਾਤ ਹਨ। ਉਨ੍ਹਾਂ ਸ਼ਰਧਾਲੂਆਂ ਨੂੰ ਅਪੀਲ ਕੀਤੀ ਕਿ ਭੀੜ ਵਾਲੇ ਸਥਾਨਾਂ ’ਤੇ ਧੀਰਜ ਨਾਲ ਰਹਿਣ ਤੇ ਮੰਦਰ ਪ੍ਰਬੰਧਕਾਂ ਅਤੇ ਪ੍ਰਸ਼ਾਸਨ ਵੱਲੋਂ ਜਾਰੀ ਹਦਾਇਤਾਂ ਦੀ ਪਾਲਣਾ ਕਰਨ, ਜੇ ਕਿਸੇ ਨੂੰ ਕੋਈ ਸ਼ੱਕੀ ਵਸਤੂ ਜਾਂ ਗਤੀਵਿਧੀ ਨਜ਼ਰ ਆਵੇ ਤਾਂ ਤੁਰੰਤ ਪੁਲਿਸ ਨੂੰ ਸੂਚਿਤ ਕੀਤਾ ਜਾਵੇ। ਇਸ ਮੌਕੇ ਵੈਸ਼ਨੋ ਧਾਮ ਮੰਦਰ ਵਿਖੇ ਐੱਸਐੱਸਪੀ ਸੰਦੀਪ ਕੁਮਾਰ ਮਲਿਕ ਨੂੰ ਸਨਮਾਨਿਤ ਕੀਤਾ ਗਿਆ। ਮਹਾਸ਼ਿਵਰਾਤਰੀ ਦੇ ਇਸ ਪਾਵਨ ਮੌਕੇ ਸ਼ਹਿਰ ’ਚ ਧਾਰਮਿਕ ਉਤਸ਼•ਾਹ ਤੇ ਸ਼ਰਧਾ ਦਾ ਵਿਲੱਖਣ ਦ੍ਰਿਸ਼ ਦੇਖਣ ਨੂੰ ਮਿਲਿਆ।