ਮਹਾਸ਼ਿਵਰਾਤਰੀ ਮੌਕੇ ਸ਼ਹਿਰ ’ਚ ਕੱਢੀ ਵਿਸ਼ਾਲ ਸ਼ੋਭਾ ਯਾਤਰਾ
ਮਹਾਸ਼ਿਵਰਾਤਰੀ ਮੌਕੇ ਸ਼ਹਿਰ ਵਿੱਚ ਕੱਢੀ ਗਈ ਵਿਸ਼ਾਲ ਸ਼ੋਭਾ ਯਾਤਰਾ
Publish Date: Sat, 14 Feb 2026 07:53 PM (IST)
Updated Date: Sun, 15 Feb 2026 04:12 AM (IST)

ਸਾਰਾ ਸ਼ਹਿਰ ਸ਼ਿਵ ਦੇ ਰੰਗ ਵਿੱਚ ਰੰਗਿਆ ਦਿਖਿਆ ਸੰਜੀਵ ਸੂਦ, ਪੰਜਾਬੀ ਜਾਗਰਣ, ਹੁਸ਼ਿਆਰਪੁਰ: ਮਹਾਸ਼ਿਵਰਾਤਰੀ ਦੇ ਪਾਵਨ ਤਿਉਹਾਰ ਮੌਕੇ ਸ਼ਿਵਰਾਤਰੀ ਉਤਸਵ ਕਮੇਟੀ ਵੱਲੋਂ ਸ਼ਹਿਰ ਵਿੱਚ ਇੱਕ ਵਿਸ਼ਾਲ ਅਤੇ ਸ਼ਾਨਦਾਰ ਸ਼ੋਭਾ ਯਾਤਰਾ ਕੱਢੀ ਗਈ, ਜਿਸ ਵਿੱਚ ਵੱਖ-ਵੱਖ ਸ਼ਿਵ ਮੰਡਲੀਆਂ ਅਤੇ ਹਜ਼ਾਰਾਂ ਦੀ ਗਿਣਤੀ ਵਿੱਚ ਸ਼ਿਵ ਭਗਤਾਂ ਨੇ ਸ਼ਰਧਾ ਨਾਲ ਭਾਗ ਲਿਆ। ਇਸ ਸ਼ੋਭਾ ਯਾਤਰਾ ਨੇ ਪੂਰੇ ਸ਼ਹਿਰ ਨੂੰ ਭਗਤੀਮਈ ਮਾਹੌਲ ਨਾਲ ਭਰ ਦਿੱਤਾ ਅਤੇ ਹਰ ਪਾਸੇ “ਹਰ ਹਰ ਮਹਾਦੇਵ” ਅਤੇ “ਬੋਲ ਬਮ” ਦੇ ਜੈਕਾਰਿਆਂ ਨਾਲ ਗੂੰਜ ਉਠਿਆ। ਸ਼ੋਭਾ ਯਾਤਰਾ ਦੀ ਸ਼ੁਰੂਆਤ ਸ਼ਿਵ ਮੰਦਰ ਬੰਸੀ ਨਗਰ ਤੋਂ ਹੋਈ, ਜਿੱਥੇ ਕਮੇਟੀ ਦੇ ਵਰਕਰਾਂ ਅਤੇ ਸ਼ਿਵ ਭਗਤਾਂ ਨੇ ਕਮੇਟੀ ਦੇ ਪ੍ਰਧਾਨ ਹਰੀਸ਼ ਖੋਸਲਾ ਦੀ ਅਗਵਾਈ ਹੇਠ ਇਕੱਠ ਕੀਤਾ। ਯਾਤਰਾ ਦੀ ਸ਼ੁਰੂਆਤ ਤੋਂ ਪਹਿਲਾਂ ਵਿਸ਼ੇਸ਼ ਧਾਰਮਿਕ ਰਸਮਾਂ ਅਤੇ ਪ੍ਰਾਰਥਨਾਵਾਂ ਕੀਤੀਆਂ ਗਈਆਂ। ਇਸ ਮੌਕੇ ਉੱਘੀਆਂ ਸ਼ਖ਼ਸੀਅਤਾਂ ਵਿੱਚ ਸ਼ਿਵ ਮੰਦਿਰ ਬੰਸੀ ਨਗਰ ਅਤੇ ਵੈਲਫੇਅਰ ਸੁਸਾਇਟੀ ਦੇ ਪ੍ਰਧਾਨ ਰਮਨ ਘਈ, ਜਗਦੀਸ਼ ਮਿਨਹਾਸ, ਅਸ਼ੋਕ ਗੋਲਡੀ ਬਿੱਲਾ, ਦੇਸ ਰਾਜ ਠਾਕੁਰ, ਹਰੀਸ਼ ਬੇਦੀ, ਮੋਹਿਤ ਸੰਧੂ, ਰਾਜ ਕੁਮਾਰ, ਪ੍ਰਿੰਸ ਕੁਮਾਰ, ਵਿਨੀਤ ਪਟਿਆਲ, ਅਮਿਤ ਪਟਿਆਲ, ਵਿਕਰਾਂਤ ਸ਼ਰਮਾ, ਪ੍ਰਦੀਪ ਸ਼ਾਹ, ਲੱਕੀ ਢੀਂਗਰਾ, ਰਾਜਾ, ਸਿਮਣ ਕੁਮਾਰ, ਚੰਚਲ, ਪ੍ਰੀਤੀ, ਰਿਤੂ ਘਈ, ਕ੍ਰਿਸ਼ਨਾ, ਰਾਕੇਸ਼, ਵਿਜੇ, ਕਾਂਤਾ, ਰਾਜ, ਵਿਜੇ, ਲਕਸ਼ਮੀ, ਸਵਿਤਾ, ਕਮਲ ਨੂਰੀ, ਦੀਕਸ਼ਾ, ਨਿਸ਼ਾ, ਸੀਮਾ, ਪਿੰਕੀ, ਸ਼ਸ਼ੀ, ਰਾਣੀ, ਭਾਰਤੀ ਸਮੇਤ ਵੱਡੀ ਗਿਣਤੀ ਵਿੱਚ ਸੰਗਤ ਮੌਜੂਦ ਰਹੀ। ਇਕੱਠ ਤੋਂ ਬਾਅਦ ਸ਼ੋਭਾ ਯਾਤਰਾ ਸ਼ਿਵ ਮੰਦਰ ਬੰਸੀ ਨਗਰ ਤੋਂ ਸ਼ੁਰੂ ਹੋ ਕੇ ਸੈਸ਼ਨ ਚੌਕ, ਸਰਕਾਰੀ ਕਾਲਜ ਚੌਕ, ਫਗਵਾੜਾ ਚੌਕ (ਸ਼੍ਰੀ ਰਾਮ ਚੌਕ) ਤੋਂ ਇਲਾਵਾ ਸ਼ਹਿਰ ਦੇ ਮੁੱਖ ਬਾਜ਼ਾਰਾਂ ਵਿੱਚੋਂ ਹੁੰਦੀ ਹੋਈ ਅੱਗੇ ਵਧੀ। ਯਾਤਰਾ ਦੇ ਰਸਤੇ ਵਿੱਚ ਸੜਕਾਂ ਦੇ ਦੋਹਾਂ ਪਾਸਿਆਂ ‘ਤੇ ਲੋਕਾਂ ਦੀ ਭਾਰੀ ਭੀੜ ਇਕੱਠੀ ਹੋਈ ਅਤੇ ਸਾਰੇ ਸ਼ਹਿਰ ਵਿੱਚ ਤਿਉਹਾਰੀ ਮਾਹੌਲ ਬਣਿਆ ਰਿਹਾ। ਸ਼ੋਭਾ ਯਾਤਰਾ ਰਸਮੀ ਤੌਰ ਤੇ ਸ਼ਾਮ ਨੂੰ ਮੁੜ ਸ਼ਿਵ ਮੰਦਰ ਬੰਸੀ ਨਗਰ ਵਿਖੇ ਸਮਾਪਤ ਹੋਈ। ਇਸ ਦੌਰਾਨ ਸੈਸ਼ਨ ਚੌਕ ਵਿਖੇ ਸਾਰੀਆਂ ਸ਼ਿਵ ਮੰਡਲੀਆਂ ਨੂੰ ਸਨਮਾਨਿਤ ਵੀ ਕੀਤਾ ਗਿਆ, ਜਿਸ ਨਾਲ ਭਗਤਾਂ ਵਿੱਚ ਖਾਸ ਉਤਸ਼ਾਹ ਵੇਖਣ ਨੂੰ ਮਿਲਿਆ। ਸ਼ੋਭਾ ਯਾਤਰਾ ਵਿੱਚ ਵੱਡੀ ਗਿਣਤੀ ਵਿੱਚ ਮਰਦਾਂ, ਔਰਤਾਂ ਅਤੇ ਬੱਚਿਆਂ ਨੇ ਸ਼ਰਧਾ ਨਾਲ ਭਾਗ ਲਿਆ। ਯਾਤਰਾ ਦੇ ਰਸਤੇ ਵਿੱਚ ਵੱਖ-ਵੱਖ ਥਾਵਾਂ ‘ਤੇ ਸੰਗਤ ਦੀ ਸੇਵਾ ਲਈ ਲੰਗਰ ਲਗਾਏ ਗਏ, ਜਿੱਥੇ ਫਲ, ਮਿੱਠੇ, ਪਾਣੀ ਅਤੇ ਹੋਰ ਪ੍ਰਸਾਦ ਸੰਗਤ ਨੂੰ ਭੇਟ ਕੀਤਾ ਗਿਆ। ਸ਼ੋਭਾ ਯਾਤਰਾ ਦੌਰਾਨ ਸਾਰਾ ਸ਼ਹਿਰ ਸ਼ਿਵ ਦੇ ਰੰਗ ਵਿੱਚ ਰੰਗਿਆ ਦਿਖਿਆ। ਭਗਤਾਂ ਵੱਲੋਂ ਲਗਾਤਾਰ “ਹਰ ਹਰ ਮਹਾਦੇਵ” ਅਤੇ “ਬੋਲ ਬਮ” ਦੇ ਜੈਕਾਰਿਆਂ ਨਾਲ ਮਾਹੌਲ ਪੂਰੀ ਤਰ੍ਹਾਂ ਭਗਤੀਮਈ ਬਣਿਆ ਰਿਹਾ। ਸ਼ੋਭਾ ਯਾਤਰਾ ਦੀ ਸ਼ਾਨ ਵਧਾਉਣ ਲਈ ਆਕਰਸ਼ਕ ਬੈਂਡ ਬਾਜਿਆਂ ਦਾ ਵਿਸ਼ੇਸ਼ ਪ੍ਰਬੰਧ ਕੀਤਾ ਗਿਆ ਸੀ। ਇਸਦੇ ਨਾਲ ਹੀ ਸੁੰਦਰ ਅਤੇ ਮਨਮੋਹਕ ਝਾਂਕੀਆਂ ਵੀ ਮੁੱਖ ਆਕਰਸ਼ਣ ਦਾ ਕੇਂਦਰ ਰਹੀਆਂ, ਜਿਨ੍ਹਾਂ ਵਿੱਚ ਭਗਵਾਨ ਸ਼ਿਵ ਦੇ ਵੱਖ-ਵੱਖ ਰੂਪਾਂ ਦੇ ਨਾਲ ਹੋਰ ਦੇਵਤਿਆਂ ਦੇ ਚਰਿੱਤਰਾਂ ਨੂੰ ਵੀ ਬੜੀ ਸੁੰਦਰਤਾ ਨਾਲ ਦਰਸਾਇਆ ਗਿਆ। ਇਸ ਮੌਕੇ ਵੱਖ-ਵੱਖ ਸੰਕੀਰਤਨ ਮੰਡਲੀਆਂ ਵੱਲੋਂ ਰਸਤੇ ਵਿੱਚ ਭਜਨ-ਕੀਰਤਨ ਅਤੇ ਸੰਕੀਰਤਨ ਕੀਤਾ ਗਿਆ, ਜਿਸ ਨਾਲ ਯਾਤਰਾ ਦੌਰਾਨ ਧਾਰਮਿਕ ਅਤੇ ਆਧਿਆਤਮਿਕ ਮਾਹੌਲ ਹੋਰ ਵੀ ਰੰਗ ਚੜ੍ਹ ਗਿਆ। ਇਸ ਮੌਕੇ ਵੱਖ-ਵੱਖ ਰਾਜਨੀਤਿਕ ਪਾਰਟੀਆਂ ਅਤੇ ਧਾਰਮਿਕ ਸੰਸਥਾਵਾਂ ਦੇ ਆਗੂਆਂ ਨੇ ਵੀ ਹਾਜ਼ਰੀ ਭਰੀ। ਪ੍ਰਮੁੱਖ ਸ਼ਖ਼ਸੀਅਤਾਂ ਵਿੱਚ ਸਾਬਕਾ ਕੇਂਦਰੀ ਮੰਤਰੀ ਵਿਜੇ ਸਾਂਪਲਾ, ਸਾਬਕਾ ਸੰਸਦ ਮੈਂਬਰ ਅਵਿਨਾਸ਼ ਰਾਏ ਖੰਨਾ, ਸਾਬਕਾ ਪੰਜਾਬ ਮੰਤਰੀ ਤੀਕਸ਼ਣ ਸੂਦ, ਮੇਅਰ ਸੁਰਿੰਦਰ ਕੁਮਾਰ, ਸੰਦੀਪ ਸੈਣੀ (ਚੇਅਰਮੈਨ ਬੈਕਫਿੰਕੋ), ਆਰਐੱਸਐੱਸ ਜ਼ਿਲ੍ਹਾ ਪ੍ਰਧਾਨ ਅਸ਼ੋਕ ਚੋਪੜਾ ਆਦਿ ਸ਼ਾਮਲ ਰਹੇ।