63ਵਾਂ ਪ੍ਰਿੰਸੀਪਲ ਹਰਭਜਨ ਸਿੰਘ ਫੁੱਟਬਾਲ ਟੂਰਨਾਮੈਂਟ ਸ਼ੁਰੂ
63ਵਾਂ ਪ੍ਰਿੰਸੀਪਲ ਹਰਭਜਨ ਸਿੰਘ ਫੁਟਬਾਲ ਟੂਰਨਾਮੈਂਟ ਸ਼ਾਨੋ ਸ਼ੌਕਤ ਨਾਲ ਸ਼ੁਰੂ
Publish Date: Sat, 14 Feb 2026 05:34 PM (IST)
Updated Date: Sun, 15 Feb 2026 04:06 AM (IST)

ਸਤਨਾਮ ਲੋਈ, ਪੰਜਾਬੀ ਜਾਗਰਣ, ਮਾਹਿਲਪੁਰ : ਸ੍ਰੀ ਗੁਰੂ ਗੋਬਿੰਦ ਸਿੰਘ ਖਾਲਸਾ ਕਾਲਜ ਮਾਹਿਲਪੁਰ ਵਿੱਚ ਪ੍ਰਿੰਸੀਪਲ ਹਰਭਜਨ ਸਿੰਘ ਸਪੋਰਟਿੰਗ ਦੇ ਪ੍ਰਧਾਨ ਕੁਲਵੰਤ ਸਿੰਘ ਸੰਘਾ ਦੀ ਅਗਵਾਈ ਹੇਠ ਕਰਵਾਇਆ ਜਾ ਰਿਹਾ 63ਵਾਂ ਪ੍ਰਿੰਸੀਪਲ ਹਰਭਜਨ ਸਿੰਘ ਆਲ ਇੰਡੀਆ ਫੁੱਟਬਾਲ ਟੂਰਨਾਮੈਂਟ ਸ਼ਾਨੋ ਸ਼ੌਕਤ ਨਾਲ ਆਰੰਭ ਹੋ ਗਿਆ। ਟੂਰਨਾਮੈਂਟ ਦੇ ਉਦਘਾਟਨੀ ਮੈਚ ਮੌਕੇ ਮੁੱਖ ਮਹਿਮਾਨ ਵਜੋਂ ਸੰਸਦ ਮੈਂਬਰ ਡਾ ਰਾਜਕੁਮਾਰ ਨੇ ਸ਼ਿਰਕਤ ਕੀਤੀ ਜਦਕਿ ਖੇਡ ਸਮਾਰੋਹ ਦੀ ਪ੍ਰਧਾਨਗੀ ਸਿੱਖ ਐਜੂਕੇਸ਼ਨਲ ਕੌਂਸਲ ਦੇ ਪ੍ਰਧਾਨ ਸੰਤ ਸਾਧੂ ਸਿੰਘ ਕਹਾਰਪੁਰ, ਪੈਟਰਨ ਡਾ ਜੰਗ ਬਹਾਦਰ ਸਿੰਘ ਰਾਏ, ਮੈਨੇਜਰ ਇੰਦਰਜੀਤ ਸਿੰਘ ਭਾਰਟਾ, ਪ੍ਰਿੰਸੀਪਲ ਡਾ ਪਰਵਿੰਦਰ ਸਿੰਘ ਅਤੇ ਸ਼ਵਿੰਦਰਜੀਤ ਸਿੰਘ ਬੈਂਸ ਐੱਸ ਪੀ ਨੇ ਕੀਤੀ। ਕਲੱਬ ਦੇ ਪ੍ਰਧਾਨ ਕੁਲਵੰਤ ਸਿੰਘ ਸੰਘਾ ਨੇ ਪੁੱਜੀਆਂ ਸ਼ਖ਼ਸੀਅਤਾਂ ਲਈ ਸਵਾਗਤੀ ਸ਼ਬਦ ਸਾਂਝੇ ਕੀਤੇ। ਉਨ੍ਹਾਂ ਦੱਸਿਆ ਕਿ 63ਵੇਂ ਸਾਲ ਵਿੱਚ ਪ੍ਰਵੇਸ਼ ਕਰ ਚੁੱਕੇ ਇਸ ਟੂਰਨਾਮੈਂਟ ਵਿੱਚ ਦੇਸ਼ ਦੇ ਨਾਮੀ 12 ਫੁਟਬਾਲ ਕਲੱਬ, 12 ਕਾਲਜ ਵਰਗ, 10 ਅਕੈਡਮੀ ਉਮਰ ਵਰਗ-17 ਦੀਆਂ 10 ਟੀਮਾਂ ਉਤਸਾਹ ਨਾਲ ਹਿੱਸਾ ਲੈ ਰਹੀਆਂ ਹਨ। ਖੇਡ ਸਮਾਰੋਹ ਦੇ ਮੁੱਖ ਮਹਿਮਾਨ ਡਾ ਰਾਜ ਕੁਮਾਰ ਨੇ ਟੂਰਨਾਮੈਂਟ ਦੇ ਵਧੀਆ ਪ੍ਰਬੰਧਾਂ ਲਈ ਸਪੋਰਟਿੰਗ ਕਲੱਬ ਦੇ ਸਮੂਹ ਅਹੁਦੇਦਾਰਾਂ ਦੀ ਸ਼ਲਾਘਾ ਕੀਤੀ। ਉਨ੍ਹਾਂ ਕਿਹਾ ਕਿ ਇਹ ਟੂਰਨਾਮੈਂਟ ਪ੍ਰਿੰਸੀਪਲ ਹਰਭਜਨ ਸਿੰਘ ਜੀ ਦੀ ਯਾਦ ਨੂੰ ਤਾਜ਼ਾ ਕਰਨ ਦੇ ਨਾਲ ਨਾਲ ਫੁੱਟਬਾਲ ਖੇਡ ਦੇ ਪ੍ਰਚਾਰ ਵਿੱਚ ਵੀ ਅਹਿਮ ਯੋਗਦਾਨ ਪਾ ਰਿਹਾ ਹੈ। ਉਨ੍ਹਾਂ ਆਪਣੇ ਅਖਤਿਆਰੀ ਫੰਡ ਵਿੱਚੋਂ ਪੰਜ ਲੱਖ ਰੁਪਏ ਟੂਰਨਾਮੈਂਟ ਨੂੰ ਸੰਚਾਲਿਤ ਕਰਨ ਵਾਲੇ ਸਪੋਰਟਿੰਗ ਕਲੱਬ ਨੂੰ ਦੇਣ ਦਾ ਐਲਾਨ ਕੀਤਾ। ਪਹਿਲੇ ਮੈਚ ਵਿੱਚ ਅੰਡਰ 17 ਅਕੈਡਮੀ ਵਰਗ ਵਿੱਚ ਪੰਜਾਬ ਫੁਟਬਾਲ ਕਲੱਬ ਰਾਊਂਡ ਗਲਾਸ ਨੇ ਫੁੱਟਬਾਲ ਅਕੈਡਮੀ ਬੱਡੋਂ ਨੂੰ 3-0 ਦੇ ਫਰਕ ਨਾਲ ਹਰਾਇਆ ਦੂਜੇ ਮੈਚ ਵਿੱਚ ਦਿੱਲੀ ਫੁੱਟਬਾਲ ਕਲੱਬ ਨੇ ਹੈਦਰਾਬਾਦ ਕਲੱਬ ਨੂੰ 8-2 ਦੇ ਵੱਡੇ ਅੰਤਰ ਨਾਲ ਹਰਾਇਆ। ਕਲੱਬ ਵਰਗ ਦੇ ਵੱਖਰੇ ਮੈਚ ਵਿੱਚ ਸੀਆਰਪੀਐੱਫ ਜਲੰਧਰ ਦੀ ਟੀਮ ਨੇ ਨਾਮਧਾਰੀ ਫੁੱਟਬਾਲ ਕਲੱਬ ਨੂੰ 2-1 ਦੇ ਫ਼ਰਕ ਨਾਲ ਹਰਾਇਆ। ਇਸ ਮੌਕੇ ਦਲਜੀਤ ਸਿੰਘ ਬੈਂਸ, ਵਿੰਗ ਕਮਾਂਡਰ ਹਰਦੇਵ ਸਿੰਘ ਢਿੱਲੋਂ,ਬਲਰਾਜ ਸਿੰਘ ਸੰਘਾ, ਮਲਕੀਤ ਸਿੰਘ, ਹਰਜੀਤ ਸਿੰਘ ਬੈਂਸ, ਰਾਜਵਿੰਦਰ ਸਿੰਘ, ਹਰਨੰਦਨ ਸਿੰਘ ਖਾਬੜਾ, ਪ੍ਰਿੰਸੀਪਲ ਜਗਮੋਹਨ ਸਿੰਘ, ਸਕੱਤਰ ਡਾ ਪਰਮਪ੍ਰੀਤ ਕੈਂਡੋਵਾਲ, ਪ੍ਰੋ ਸਰਵਣ ਸਿੰਘ, ਰੁਪਿੰਦਰ ਜੋਤ ਬੱਬੂ, ਜਗਜੀਤ ਸਿੰਘ ਗਣੇਸ਼ਪੁਰ ,ਬਨਿੰਦਰ ਸਿੰਘ, ਅੱਛਰ ਜੋਸ਼ੀ, ਬਲਜਿੰਦਰ ਮਾਨ, ਆਦਿ ਸਮੇਤ ਅਨੇਕਾਂ ਸ਼ਖਸੀਅਤਾਂ ਅਤੇ ਭਾਰੀ ਗਿਣਤੀ ਵਿੱਚ ਫੁੱਟਬਾਲ ਦੇ ਦਰਸ਼ਕ ਹਾਜ਼ਰ ਸਨ।