ਮੁਕੇਰੀਆਂ ਦੀਆਂ 17 ਪੰਚਾਇਤਾਂ ਨੂੰ ਮਿਲੀ ਵਿਸ਼ੇਸ਼ ਗ੍ਰਾਂਟ
ਮੁਕੇਰੀਆਂ ਦੀਆਂ 17 ਪੰਚਾਇਤਾਂ ਨੂੰ ਮਿਲੀ ਵਿਸ਼ੇਸ਼ ਗ੍ਰਾਂਟ
Publish Date: Sat, 14 Feb 2026 05:16 PM (IST)
Updated Date: Sun, 15 Feb 2026 04:03 AM (IST)

ਪਿੰਡਾਂ ਦੀ ਤਰੱਕੀ ਲਈ ਮੀਲ ਪੱਥਰ ਸਾਬਤ ਹੋਵੇਗੀ ਵਿਸ਼ੇਸ਼ ਗ੍ਰਾਂਟ : ਪ੍ਰੋ. ਜੀਐੱਸ ਮੁਲਤਾਨੀ ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਮੁਕੇਰੀਆਂ : ਇੱਥੇ ਹਲਕਾ ਇੰਚਾਰਜ ਪ੍ਰੋ. ਜੀਐੱਸ ਮੁਲਤਾਨੀ ਵੱਲੋਂ ਬਲਾਕ ਮੁਕੇਰੀਆਂ ਦੀਆਂ 17 ਸਰਬਸੰਮਤੀ ਨਾਲ ਚੁਣੀਆਂ ਗਈਆਂ ਪੰਚਾਇਤਾਂ ਨੂੰ ਪੰਜਾਬ ਸਰਕਾਰ ਦੇ ਐਲਾਨ ਅਨੁਸਾਰ ਪ੍ਰਤੀ ਪੰਚਾਇਤ 5-5 ਲੱਖ ਰੁਪਏ ਦੀ ਵਿਸ਼ੇਸ਼ ਗ੍ਰਾਂਟ ਜਾਰੀ ਕੀਤੀ ਗਈ। ਇਸ ਸਮੇਂ ਗ੍ਰਾਂਟ ਹਾਸਲ ਕਰਨ ਵਾਲੇ ਪਿੰਡ ਬਗੜੋਈ, ਲੋਹਗੜ੍ਹ, ਭੋਜਪੁਰ, ਕਾਲਾ ਮੰਜ, ਤੱਗੜ ਖੁਰਦ, ਸਾਹਿਬ ਦਾ ਪਿੰਡ, ਧੌਲਾ ਖੇੜਾ, ਲਾਡਪੁਰ, ਮੌਲੀ, ਖੜਕ ਬੱਲੜਾ, ਜਲਾਲਾ, ਪੰਡੋਰੀ ਭਗਤ, ਮੀਰਪੁਰ, ਮਹਿਓਲਦੀਨਪੁਰ ਗਾਜੀ, ਚੱਕ ਭਈਆਂ, ਲਤੀਫ਼ਪੁਰ 320 ਅਤੇ ਬਸਤੀ ਕੁੱਲੀਆਂ ਦੇ ਪੰਚਾਇਤੀ ਨੁਮਾਇੰਦਿਆਂ ਵਿੱਚ ਖੁਸ਼ੀ ਦੀ ਲਹਿਰ ਦੇਖਣ ਨੂੰ ਮਿਲੀ। ਆਪਣੇ ਸੰਬੋਧਨ ਵਿੱਚ ਪ੍ਰੋ. ਮੁਲਤਾਨੀ ਨੇ ਕਿਹਾ ਕਿ ਇਹ ਗ੍ਰਾਂਟ ਪਿੰਡਾਂ ਦੇ ਵਿਕਾਸ ਕਾਰਜਾਂ ਨੂੰ ਤੇਜ਼ੀ ਦੇਣ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਏਗੀ। ਇਸ ਨਾਲ ਗਲੀਆਂ-ਨਾਲੀਆਂ, ਪੀਣ ਵਾਲੇ ਪਾਣੀ, ਸਟ੍ਰੀਟ ਲਾਈਟਾਂ, ਸਾਫ਼-ਸਫ਼ਾਈ ਅਤੇ ਹੋਰ ਬੁਨਿਆਦੀ ਸਹੂਲਤਾਂ ਵਿੱਚ ਸੁਧਾਰ ਕੀਤਾ ਜਾਵੇਗਾ। ਉਨ੍ਹਾਂ ਨੇ ਦੱਸਿਆ ਕਿ ਪੰਜਾਬ ਸਰਕਾਰ ਪਿੰਡ ਪੱਧਰ ‘ਤੇ ਵਿਕਾਸ ਨੂੰ ਪਹਿਲ ਦੇ ਰਹੀ ਹੈ ਤਾਂ ਜੋ ਹਰ ਵਸਨੀਕ ਨੂੰ ਬਰਾਬਰੀ ਦੇ ਅਧਿਕਾਰ ਅਤੇ ਸੁਵਿਧਾਵਾਂ ਮਿਲ ਸਕਣ। ਇਸ ਮੌਕੇ ਉਨ੍ਹਾਂ ਵਿਰੋਧੀ ਪਾਰਟੀਆਂ ‘ਤੇ ਨਿਸ਼ਾਨਾ ਸਾਧਦੇ ਹੋਏ ਕਿਹਾ ਕਿ ਚਾਹੇ ਵਿਰੋਧੀ ਧਿਰਾਂ ਜਿੰਨਾ ਮਰਜ਼ੀ ਕੂੜ ਪ੍ਰਚਾਰ ਕਰ ਲੈਣ, ਪਰ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਆਮ ਆਦਮੀ ਪਾਰਟੀ ਦੀ ਸਰਕਾਰ ਸੂਬੇ ਦੇ ਸਰਬਪੱਖੀ ਵਿਕਾਸ ਲਈ ਲਗਾਤਾਰ ਯਤਨਸ਼ੀਲ ਹੈ। ਸਿੱਖਿਆ, ਸਿਹਤ, ਬਿਜਲੀ, ਪਾਣੀ ਅਤੇ ਬੁਨਿਆਦੀ ਢਾਂਚੇ ਦੇ ਖੇਤਰਾਂ ਵਿੱਚ ਸਰਕਾਰ ਵੱਲੋਂ ਇਤਿਹਾਸਕ ਅਤੇ ਮਿਸਾਲੀ ਕੰਮ ਕੀਤੇ ਜਾ ਰਹੇ ਹਨ ਤੇ ਅਗਾਮੀ ਵਿਧਾਨ ਸਭਾ ਚੋਣਾਂ ਆਮ ਆਦਮੀ ਪਾਰਟੀ ਵਿਕਾਸ ਦੇ ਆਧਾਰ ਤੇ ਲੜੇਗੀ ਤੇ ਸ਼ਾਨਦਾਰ ਜਿੱਤ ਵੀ ਪ੍ਰਾਪਤ ਕਰੇਗੀ। ਪਿੰਡਾਂ ਦੇ ਸਰਪੰਚਾਂ ਅਤੇ ਪੰਚਾਂ ਨੇ ਪੰਜਾਬ ਸਰਕਾਰ ਦਾ ਧੰਨਵਾਦ ਕਰਦੇ ਹੋਏ ਕਿਹਾ ਕਿ ਇਹ ਵਿਸ਼ੇਸ਼ ਗ੍ਰਾਂਟ ਪਿੰਡਾਂ ਦੀ ਤਰੱਕੀ ਲਈ ਮੀਲ ਪੱਥਰ ਸਾਬਤ ਹੋਵੇਗੀ। ਉਨ੍ਹਾਂ ਨੇ ਭਰੋਸਾ ਦਿਵਾਇਆ ਕਿ ਰਾਸ਼ੀ ਦਾ ਉਪਯੋਗ ਪਾਰਦਰਸ਼ੀ ਢੰਗ ਨਾਲ ਲੋਕ ਭਲਾਈ ਦੇ ਕੰਮਾਂ ‘ਤੇ ਕੀਤਾ ਜਾਵੇਗਾ। ਇਸ ਮੌਕੇ ਬਲਾਕ ਪ੍ਰਧਾਨ ਉਪਦੇਸ਼ ਠਾਕੁਰ, ਬਲਾਕ ਪ੍ਰਧਾਨ ਅਮਿਤ ਕੁਮਾਰ, ਪ੍ਰਧਾਨ ਜਰਨਲ ਕੈਟਾਗਿਰੀ ਸੁਰਿੰਦਰ ਠਾਕੁਰ, ਯੂਥ ਪ੍ਰਧਾਨ ਬੈਨੀ ਰਾਣਾ, ਤਜਿੰਦਰ ਰਾਣਾ, ਰਮੇਸ਼ ਸਲਾਰੀਆ ਤੋਂ ਇਲਾਵਾ ਵੱਡੀ ਗਿਣਤੀ ਸਥਾਨਕ ਆਗੂ ਤੇ ਵਲੰਟੀਅਰ ਹਾਜ਼ਰ ਸਨ।