ਪੇਂਟ ਫੈਕਟਰੀ ਵਿੱਚ ਭਿਆਨਕ ਅੱਗ, ਇਲਾਕੇ ’ਚ ਦਹਿਸ਼ਤ
ਭੀਵਾਨੀ ਨਗਰ ਨੇੜੇ ਪੇਂਟ ਫੈਕਟਰੀ ਵਿੱਚ ਭਿਆਨਕ ਅੱਗ, ਇਲਾਕੇ ਵਿੱਚ ਦਹਿਸ਼ਤ
Publish Date: Fri, 13 Feb 2026 06:49 PM (IST)
Updated Date: Sat, 14 Feb 2026 04:12 AM (IST)

ਸੰਜੀਵ ਸੂਦ, ਪੰਜਾਬੀ ਜਾਗਰਣ, ਹੁਸ਼ਿਆਰਪੁਰ: ਚਿੰਤਪੂਰਨੀ ਰੋਡ ’ਤੇ ਭੀਵਾਨੀ ਨਗਰ ਨੇੜੇ ਸਥਿਤ ਇੱਕ ਪੇਂਟ ਫੈਕਟਰੀ ਵਿੱਚ ਵੀਰਵਾਰ ਦੇਰ ਰਾਤ ਅਚਾਨਕ ਭਿਆਨਕ ਅੱਗ ਲੱਗ ਗਈ। ਅੱਗ ਲੱਗਣ ਦੀ ਸੂਚਨਾ ਮਿਲਦੇ ਹੀ ਨਗਰ ਨਿਗਮ ਦੇ ਫਾਇਰ ਬ੍ਰਿਗੇਡ ਦੀਆਂ ਪੰਜ ਗੱਡੀਆਂ ਮੌਕੇ ’ਤੇ ਪਹੁੰਚ ਗਈਆਂ ਅਤੇ ਅੱਗ ’ਤੇ ਕਾਬੂ ਪਾਉਣ ਲਈ ਕਾਰਵਾਈ ਸ਼ੁਰੂ ਕਰ ਦਿੱਤੀ ਗਈ।ਨਗਰ ਨਿਗਮ ਫਾਇਰ ਬ੍ਰਿਗੇਡ ਦੇ ਲੀਡਿੰਗ ਫਾਇਰਮੈਨ ਯੋਗੇਸ਼ ਕੁਮਾਰ ਨੇ ਦੱਸਿਆ ਕਿ ਉਨ੍ਹਾਂ ਨੂੰ ਰਾਤ ਕਰੀਬ 10 ਵਜੇ ਅੱਗ ਲੱਗਣ ਦੀ ਜਾਣਕਾਰੀ ਮਿਲੀ ਸੀ। ਫਾਇਰ ਬ੍ਰਿਗੇਡ ਟੀਮਾਂ ਨੇ ਲਗਭਗ ਸਾਢੇ ਤਿੰਨ ਘੰਟੇ ਤੱਕ ਮੁਸ਼ੱਕਤ ਕਰਨ ਤੋਂ ਬਾਅਦ ਤੜਕੇ ਕਰੀਬ 1:45 ਵਜੇ ਅੱਗ ’ਤੇ ਕਾਬੂ ਪਾ ਲਿਆ। ਫਾਇਰ ਵਿਭਾਗ ਦੇ ਅਧਿਕਾਰੀਆਂ ਮੁਤਾਬਕ ਅੱਗ ਦੀਆਂ ਲਪਟਾਂ ਕਾਫ਼ੀ ਉੱਚੀਆਂ ਸਨ, ਜਿਸ ਕਾਰਨ ਫੈਕਟਰੀ ਦੇ ਨੇੜੇ ਮੌਜੂਦ ਕੁਝ ਰਿਹਾਇਸ਼ੀ ਘਰਾਂ ਨੂੰ ਵੀ ਖਤਰਾ ਬਣ ਗਿਆ ਸੀ। ਹਾਲਾਂਕਿ ਕਿਸੇ ਜਾਨੀ ਨੁਕਸਾਨ ਦੀ ਕੋਈ ਰਿਪੋਰਟ ਨਹੀਂ ਹੈ। ਮੌਕੇ ’ਤੇ ਪੁਲਿਸ ਅਤੇ ਸਿਵਲ ਡਿਫੈਂਸ ਦੇ ਵਲੰਟੀਅਰ ਵੀ ਪਹੁੰਚ ਗਏ, ਜਿਨ੍ਹਾਂ ਨੇ ਸਥਿਤੀ ਨੂੰ ਸੰਭਾਲਣ ਅਤੇ ਲੋਕਾਂ ਨੂੰ ਸੁਰੱਖਿਅਤ ਰੱਖਣ ਵਿੱਚ ਸਹਿਯੋਗ ਦਿੱਤਾ। ਸਦਰ ਥਾਣਾ ਹੁਸ਼ਿਆਰਪੁਰ ਦੇ ਸਟੇਸ਼ਨ ਹਾਊਸ ਅਫਸਰ ਸਬ-ਇੰਸਪੈਕਟਰ ਹਰਜੀਤ ਸਿੰਘ ਨੇ ਦੱਸਿਆ ਕਿ ਮਾਮਲੇ ਦੀ ਜਾਂਚ ਜਾਰੀ ਹੈ। ਸ਼ੱਕ ਜਤਾਇਆ ਜਾ ਰਿਹਾ ਹੈ ਕਿ ਅੱਗ ਬਿਜਲੀ ਦੀਆਂ ਤਾਰਾਂ ਵਿੱਚ ਸ਼ਾਰਟ ਸਰਕਟ ਕਾਰਨ ਲੱਗੀ ਹੋ ਸਕਦੀ ਹੈ। ਫੈਕਟਰੀ ਮਾਲਕ ਮੁਨੀਸ਼ ਮਹੇਸ਼ਵਰੀ ਨੇ ਦੱਸਿਆ ਕਿ ਅੱਗ ਕਾਰਨ ਫੈਕਟਰੀ ਵਿੱਚ ਪਿਆ ਪੇਂਟ ਦਾ ਸਾਰਾ ਸਟਾਕ ਅਤੇ ਕੱਚਾ ਮਾਲ ਸੜ ਕੇ ਨਸ਼ਟ ਹੋ ਗਿਆ। ਅਸਲ ਨੁਕਸਾਨ ਦਾ ਅੰਦਾਜ਼ਾ ਲਾਇਆ ਜਾ ਰਿਹਾ ਹੈ।