‘ਆਪ’ ਦਾ ਰੋਸ ਧਰਨਾ, ਬੈਂਡ ਵਜਾ ਕੇ ਬਾਜਵਾ ਦੇ ਬਿਆਨ ਦਾ ਕੀਤਾ ਵਿਰੋਧ
ਕਾਂਗਰਸ ਦਫ਼ਤਰ ਅੱਗੇ ‘ਆਪ’ ਦਾ ਰੋਸ ਧਰਨਾ, ਬੈਂਡ ਵਜਾ ਕੇ ਬਾਜਵਾ ਦੇ ਬਿਆਨ ਦਾ ਕੀਤਾ ਵਿਰੋਧ
Publish Date: Fri, 13 Feb 2026 06:12 PM (IST)
Updated Date: Sat, 14 Feb 2026 04:09 AM (IST)

ਡਿਪਟੀ ਸਪੀਕਰ ਜੈ ਕਿਸ਼ਨ ਸਿੰਘ ਰੋੜੀ ਸਮੇਤ ਕਈ ਵਿਧਾਇਕ ਤੇ ਆਗੂ ਰਹੇ ਮੌਜੂਦ, ਮਾਫ਼ੀ ਦੀ ਕੀਤੀ ਮੰਗ ਸੰਜੀਵ ਸੂਦ, ਪੰਜਾਬੀ ਜਾਗਰਣ, ਹੁਸ਼ਿਆਰਪੁਰ: ਸੀਨੀਅਰ ਕਾਂਗਰਸੀ ਆਗੂ ਅਤੇ ਪੰਜਾਬ ਵਿਧਾਨ ਸਭਾ ’ਚ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਵੱਲੋਂ ਕੈਬਨਿਟ ਮੰਤਰੀ ਹਰਭਜਨ ਸਿੰਘ ਈਟੀਓ ਖ਼ਿਲਾਫ ਵਰਤੀ ਗਈ ਕਥਿਤ ਭੱਦੀ ਸ਼ਬਦਾਵਲੀ ਦੇ ਵਿਰੋਧ ’ਚ ਆਮ ਆਦਮੀ ਪਾਰਟੀ ਦੀ ਜ਼ਿਲ੍ਹਾ ਲੀਡਰਸ਼ਿਪ ਵੱਲੋਂ ਸ਼ੁੱਕਰਵਾਰ ਨੂੰ ਜ਼ਿਲ੍ਹਾ ਕਾਂਗਰਸ ਕਮੇਟੀ ਦੇ ਦਫ਼ਤਰ ਸਾਹਮਣੇ ਜ਼ੋਰਦਾਰ ਰੋਸ ਧਰਨਾ ਦਿੱਤਾ ਗਿਆ। ਧਰਨੇ ਦੌਰਾਨ ‘ਆਪ’ ਦੇ ਆਗੂਆਂ ਅਤੇ ਵਰਕਰਾਂ ਵੱਲੋਂ ਬੈਂਡ ਬਾਜਾ ਵਜਾ ਕੇ ਪ੍ਰਤੀਕਾਤਮਕ ਤਰੀਕੇ ਨਾਲ ਵਿਰੋਧ ਪ੍ਰਗਟਾਇਆ ਗਿਆ ਤੇ ਬਾਜਵਾ ਦੇ ਰਵੱਈਏ ਦੀ ਨਿਖੇਧੀ ਕਰਦਿਆਂ ਨਾਅਰੇਬਾਜ਼ੀ ਕੀਤੀ ਗਈ। ਇਸ ਮੌਕੇ ਧਰਨੇ ’ਚ ਪੰਜਾਬ ਵਿਧਾਨ ਸਭਾ ਦੇ ਡਿਪਟੀ ਸਪੀਕਰ ਜੈ ਕਿਸ਼ਨ ਸਿੰਘ ਰੋੜੀ, ਦਸੂਹਾ ਤੋਂ ਵਿਧਾਇਕ ਕਰਮਵੀਰ ਸਿੰਘ ਘੁੰਮਣ, ਉੜਮੁੜ ਤੋਂ ਵਿਧਾਇਕ ਜਸਵੀਰ ਸਿੰਘ ਰਾਜਾ ਗਿੱਲ, ਚੱਬੇਵਾਲ ਤੋਂ ਵਿਧਾਇਕ ਡਾ. ਇਸ਼ਾਂਕ ਕੁਮਾਰ, ਬੈਕਫਿੰਕੋ ਦੇ ਚੇਅਰਮੈਨ ਸੰਦੀਪ ਸੈਣੀ ਤੇ ਮਾਰਕੀਟ ਕਮੇਟੀ ਹੁਸ਼ਿਆਰਪੁਰ ਦੇ ਚੇਅਰਮੈਨ ਜਸਪਾਲ ਸਿੰਘ ਚੇਚੀ ਸਮੇਤ ਵੱਡੀ ਗਿਣਤੀ ’ਚ ਪਾਰਟੀ ਆਗੂ ਅਤੇ ਵਰਕਰ ਹਾਜ਼ਰ ਰਹੇ। ਬਾਕਸ-- ਇਹ ਭਾਸ਼ਾ ਪੰਜਾਬ ਦੀ ਸੰਸਕ੍ਰਿਤੀ ਦੇ ਖ਼ਿਲਾਫ਼ ਹੈ: ਰੋੜੀ ਧਰਨੇ ਤੋਂ ਬਾਅਦ ਮੀਡੀਆ ਨਾਲ ਗੱਲਬਾਤ ਕਰਦਿਆਂ ਡਿਪਟੀ ਸਪੀਕਰ ਜੈ ਕਿਸ਼ਨ ਸਿੰਘ ਰੋੜੀ ਨੇ ਕਿਹਾ ਕਿ ਵਿਧਾਨ ਸਭਾ ਇੱਕ ਲੋਕਤੰਤਰਿਕ ਮੰਚ ਹੈ, ਜਿੱਥੇ ਕਿਸੇ ਦੇ ਪੇਸ਼ੇ, ਜਾਤ ਜਾਂ ਪਿਛੋਕੜ ਬਾਰੇ ਇਸ ਤਰ੍ਹਾਂ ਦੀਆਂ ਟਿੱਪਣੀਆਂ ਕਰਨਾ ਨਿੰਦਣਯੋਗ ਹੈ। ਉਨ੍ਹਾਂ ਨੇ ਪਤੱਰਕਾਰਾਂ ਨੂੰ ਸੰਬੋਧਨ ਕਰਦਿਆਂ ਕਿਹਾ, “ਲੋਕਤੰਤਰਿਕ ਹਾਊਸ ’ਚ ਕਿਸੇ ਦੀ ਪਿਛੋਕੜ ਜਾਂ ਕੰਮ ਨੂੰ ਲੈ ਕੇ ਹੋਛੀਆਂ ਗੱਲਾਂ ਕਰਨਾ ਸ਼ੋਭਾ ਨਹੀਂ ਦਿੰਦਾ। ਅਜਿਹੀ ਭਾਸ਼ਾ ਪੰਜਾਬ ਵਿੱਚ ਕਬੂਲ ਨਹੀਂ ਕੀਤੀ ਜਾ ਸਕਦੀ।” ਉਨ੍ਹਾਂ ਨੇ ਬਾਜਵਾ ਤੋਂ ਤੁਰੰਤ ਮਾਫ਼ੀ ਮੰਗਣ ਦੀ ਮੰਗ ਕਰਦਿਆਂ ਕਿਹਾ ਕਿ ਆਮ ਆਦਮੀ ਪਾਰਟੀ ਇਸ ਮਾਮਲੇ ਨੂੰ ਵਿਧਾਨ ਸਭਾ ਦੇ ਆਉਣ ਵਾਲੇ ਸੈਸ਼ਨ ’ਚ ਵੀ ਜ਼ੋਰਦਾਰ ਢੰਗ ਨਾਲ ਉਠਾਏਗੀ। ਬਾਕਸ-- ਹਰਭਜਨ ਸਿੰਘ ਆਮ ਪਰਿਵਾਰ ਤੋਂ ਉੱਠ ਕੇ ਮੰਤਰੀ ਬਣੇ ਰੋੜੀ ਨੇ ਕਿਹਾ ਕਿ ਕੈਬਨਿਟ ਮੰਤਰੀ ਹਰਭਜਨ ਸਿੰਘ ਇੱਕ ਆਮ ਪਰਿਵਾਰ ਤੋਂ ਆ ਕੇ ਆਪਣੀ ਮਿਹਨਤ ਦੇ ਦਮ ’ਤੇ ਇੱਥੇ ਤੱਕ ਪਹੁੰਚੇ ਹਨ ਤੇ ਕਿਸੇ ਵੀ ਪੇਸ਼ੇ ਦਾ ਅਪਮਾਨ ਕਰਨਾ ਪੰਜਾਬੀ ਸੰਸਕਾਰਾਂ ਦੇ ਖ਼ਿਲਾਫ਼ ਹੈ। ਉਨ੍ਹਾਂ ਕਿਹਾ ਕਿ ਬੈਂਡ ਬਾਜਾ ਪੰਜਾਬ ’ਚ ਖੁਸ਼ੀ ਅਤੇ ਸਮਾਰੋਹਾਂ ਦਾ ਪ੍ਰਤੀਕ ਹੈ ਅਤੇ ਇਸ ਨਾਲ ਜੁੜੇ ਲੋਕਾਂ ਦੀ ਮਿਹਨਤ ਦਾ ਸਨਮਾਨ ਕੀਤਾ ਜਾਣਾ ਚਾਹੀਦਾ ਹੈ। ਬਾਕਸ-- ਆਗੂਆਂ ਨੇ ਦਿੱਤੀ ਚੇਤਾਵਨੀ ਧਰਨੇ ’ਚ ਸ਼ਾਮਲ ਆਗੂਆਂ ਨੇ ਕਿਹਾ ਕਿ ਬਾਜਵਾ ਵੱਲੋਂ ਵਰਤੀ ਗਈ ਭੱਦੀ ਸ਼ਬਦਾਵਲੀ ਨੇ ਸਮਾਜ ਦੇ ਮਿਹਨਤੀ ਵਰਗ ਦੀ ਬੇਇੱਜ਼ਤੀ ਕੀਤੀ ਹੈ ਤੇ ਇਸ ਨੂੰ ਕਿਸੇ ਵੀ ਕੀਮਤ ’ਤੇ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਜੇ ਬਾਜਵਾ ਨੇ ਮਾਫ਼ੀ ਨਾ ਮੰਗੀ ਤਾਂ ਆਮ ਆਦਮੀ ਪਾਰਟੀ ਹਰ ਪੱਧਰ ’ਤੇ ਇਸ ਦਾ ਵਿਰੋਧ ਜਾਰੀ ਰੱਖੇਗੀ।