ਤਲਾਕ ਲਈ ਧਮਕੀਆਂ ਦੇਣ ਦੇ ਦੋਸ਼ ’ਚ ਮੁਕੱਦਮਾ ਦਰਜ
ਕਨੇਡਾ ਭੇਜਣ ਮਗਰੋਂ ਤਲਾਕ ਲਈ ਧਮਕੀਆਂ ਦੇਣ ਦੇ ਦੋਸ਼ਾਂ 'ਚ ਦਸੂਹਾ ਦੀ ਮਹਿਲਾ ਖਿਲਾਫ ਮੁਕੱਦਮਾ ਦਰਜ
Publish Date: Fri, 13 Feb 2026 06:02 PM (IST)
Updated Date: Sat, 14 Feb 2026 04:09 AM (IST)

ਸਟਾਫ ਰਿਪੋਟਰ, ਪੰਜਾਬੀ ਜਾਗਰਣ, ਹੁਸ਼ਿਆਰਪੁਰ: ਕੈਨੇਡਾ ’ਚ ਤਲਾਕ ਲਈ ਧਮਕੀਆਂ ਦੇਣ ਤੇ ਸਾਜ਼ਿਸ਼ ਤਹਿਤ ਪਤੀ ਨੂੰ ਤਲਾਕ ਦੇਣ ਦੇ ਮਾਮਲੇ ਵਿੱਚ ਦਸੂਹਾ ਇਲਾਕੇ ਦੀ ਇੱਕ ਮਹਿਲਾ ਖਿਲਾਫ ਤਲਵਾੜਾ ਪੁਲਿਸ ਵੱਲੋਂ ਭਾਰਤੀ ਨਿਆਏ ਸੰਹਿਤਾ ਦੀਆਂ ਸਬੰਧਤ ਧਾਰਾਵਾਂ ਅਧੀਨ ਮੁਕੱਦਮਾ ਦਰਜ ਕੀਤਾ ਗਿਆ ਹੈ। ਪੁਲਿਸ ਨੂੰ ਦਿੱਤੀ ਦਰਖਾਸਤ ਵਿੱਚ ਰਾਜ ਮੱਲ ਵਾਸੀ ਪਿੰਡ ਗੇਰਾ ਨੇ ਦੱਸਿਆ ਕਿ ਉਸ ਦੀ ਨੂੰਹ ਅਮਨਦੀਪ ਕੌਰ (ਵਾਸੀ ਦੁਲਮੀਵਾਲ, ਹਾਲ ਵਾਸੀ ਨਿਊ ਮਾਡਲ ਟਾਊਨ ਦਸੂਹਾ) ਨੂੰ ਪਰਿਵਾਰ ਵੱਲੋਂ ਆਪਣੇ ਖਰਚੇ ’ਤੇ ਸਟੱਡੀ ਵੀਜ਼ੇ ਰਾਹੀਂ ਕੁੱਲ 20,13,798 ਰੁਪਏ ਕਥਿਤ ਤੌਰ ’ਤੇ ਖਰਚ ਕਰ ਕੇ 5 ਅਪ੍ਰੈਲ 2021 ਨੂੰ ਕੈਨੇਡਾ ਭੇਜਿਆ ਗਿਆ ਸੀ। ਪੁਲਿਸ ਮੁਤਾਬਕ ਕੈਨੇਡਾ ਪੁੱਜਣ ਤੋਂ ਕੁਝ ਸਮੇਂ ਬਾਅਦ ਅਮਨਦੀਪ ਕੌਰ ਨੇ ਆਪਣੇ ਪਤੀ ਮਨਦੀਪ ਕੁਮਾਰ ਤੇ ਸਹੁਰਾ ਪਰਿਵਾਰ ਨਾਲ ਸੰਪਰਕ ਤੋੜ ਦਿੱਤਾ। ਪਰਿਵਾਰ ਵੱਲੋਂ ਦਬਾਅ ਪਾਉਣ ਉਪਰੰਤ ਉਸਨੇ ਆਪਣੇ ਪਤੀ ਨੂੰ ਕੈਨੇਡਾ ਬੁਲਾਉਣ ਲਈ ਸਪਾਉਸ ਵੀਜ਼ਾ ਭੇਜਿਆ, ਜਿਸ ਦੇ ਅਧਾਰ ’ਤੇ ਮਨਦੀਪ ਕੁਮਾਰ 23 ਜਨਵਰੀ 2023 ਨੂੰ ਕੈਨੇਡਾ ਪਹੁੰਚਿਆ। ਦੋਸ਼ ਹੈ ਕਿ ਅਮਨਦੀਪ ਕੌਰ ਨਾ ਤਾਂ ਏਅਰਪੋਰਟ ’ਤੇ ਪਤੀ ਨੂੰ ਲੈਣ ਆਈ ਤੇ ਨਾ ਹੀ ਉਸ ਦਾ ਫੋਨ ਰਿਸੀਵ ਕੀਤਾ। ਅਗਲੇ ਦਿਨ ਉਸ ਨੇ ਵ੍ਹਟਸਐਪ ਚੈਟ ਰਾਹੀਂ ਵਕੀਲ ਦਾ ਕਾਰਡ ਤੇ ਤਲਾਕ ਦੇ ਪੇਪਰ ਭੇਜ ਕੇ ਦਸਤਖਤ ਕਰਨ ਲਈ ਮਜਬੂਰ ਕੀਤਾ ਤੇ ਦਸਤਖਤ ਨਾ ਕਰਨ ਦੀ ਸੂਰਤ ’ਚ ਪੁਲਿਸ ਕੰਪਲੇਂਟ ਕਰ ਕੇ ਡਿਪੋਰਟ ਕਰਵਾਉਣ ਦੀ ਧਮਕੀ ਦਿੱਤੀ। ਇਸ ਦਬਾਅ ਹੇਠ ਦੋਵਾਂ ਪਤੀ-ਪਤਨੀ ਵਿਚਕਾਰ 17 ਅਗਸਤ 2023 ਨੂੰ ਤਲਾਕ ਹੋ ਗਿਆ। ਪੁਲਿਸ ਵੱਲੋਂ ਮਾਮਲੇ ਦੀ ਅਗਲੇਰੀ ਜਾਂਚ ਜਾਰੀ ਹੈ।