ਮੀਨਾਰ-ਏ-ਬੇਗਮਪੁਰਾ ਤੇ ਸ੍ਰੀ ਗੁਰੂ ਰਵਿਦਾਸ ਮੈਮੋਰੀਅਲ ਦੇ ਅਧੂਰੇ ਕੰਮ ਜਲਦ ਹੋਣਗੇ ਪੂਰੇ : ਗੜ੍ਹੀ
ਮੀਨਾਰ-ਏ-ਬੇਗਮਪੁਰਾ ਤੇ ਸ੍ਰੀ ਗੁਰੂ ਰਵਿਦਾਸ ਮੈਮੋਰੀਅਲ ਦੇ ਅਧੂਰੇ ਕੰਮ ਜਲਦ ਹੋਣਗੇ ਪੂਰੇ : ਜਸਵੀਰ ਸਿੰਘ ਗੜ੍ਹੀ
Publish Date: Fri, 13 Feb 2026 05:23 PM (IST)
Updated Date: Sat, 14 Feb 2026 04:06 AM (IST)

ਸੰਜੀਵ ਸੂਦ/ਅਸ਼ਵਨੀ ਸ਼ਰਮਾ, ਪੰਜਾਬੀ ਜਾਗਰਣ, ਹੁਸ਼ਿਆਰਪੁਰ/ਬੀਣੇਵਾਲ ਬੀਤ: ਪੰਜਾਬ ਅਨੁਸੂਚਿਤ ਜਾਤੀ ਕਮਿਸ਼ਨ ਦੇ ਚੇਅਰਮੈਨ ਜਸਵੀਰ ਸਿੰਘ ਗੜ੍ਹੀ ਨੇ ਅੱਜ ਸੰਤ ਸਮਾਜ ਨਾਲ ਮਿਲ ਕੇ ਮੀਨਾਰ-ਏ-ਬੇਗਮਪੁਰਾ, ਸ੍ਰੀ ਖੁਰਾਲਗੜ੍ਹ ਸਾਹਿਬ ਦਾ ਦੌਰਾ ਕਰਕੇ ਚੱਲ ਰਹੇ ਵਿਕਾਸ ਕੰਮਾਂ ਦੀ ਸਮੀਖਿਆ ਕੀਤੀ। ਉਨ੍ਹਾਂ ਕਿਹਾ ਕਿ ਹਾਲ ਹੀ ਵਿੱਚ ਸ੍ਰੀ ਗੁਰੂ ਰਵਿਦਾਸ ਮਹਾਰਾਜ ਦੇ ਪ੍ਰਕਾਸ਼ ਪੁਰਬ ਮੌਕੇ ਇੱਥੇ ਸੂਬਾ ਪੱਧਰੀ ਤਿੰਨ ਰੋਜ਼ਾ ਸਮਾਗਮ ਕਰਵਾਏ ਗਏ ਸਨ, ਜਿਸ ਵਿੱਚ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਸਮੇਤ ਕੈਬਨਿਟ ਮੰਤਰੀਆਂ, ਵਿਧਾਇਕਾਂ ਅਤੇ ਵੱਡੀ ਗਿਣਤੀ ਵਿੱਚ ਸੰਗਤਾਂ ਨੇ ਹਾਜ਼ਰੀ ਭਰੀ। ਜਸਵੀਰ ਸਿੰਘ ਗੜ੍ਹੀ ਨੇ ਦੱਸਿਆ ਕਿ ਉਨ੍ਹਾਂ ਦਾ ਇਹ ਦੌਰਾ ਵਿਸ਼ੇਸ਼ ਤੌਰ ’ਤੇ ਸ੍ਰੀ ਗੁਰੂ ਰਵਿਦਾਸ ਜੀ ਮੈਮੋਰੀਅਲ ਵਿੱਚ ਚੱਲ ਰਹੇ ਅਤੇ ਬਾਕੀ ਰਹਿੰਦੇ ਕੰਮਾਂ ਦਾ ਜਾਇਜ਼ਾ ਲੈਣ ਲਈ ਕੀਤਾ ਗਿਆ ਹੈ। ਉਨ੍ਹਾਂ ਸਪੱਸ਼ਟ ਕੀਤਾ ਕਿ ਸਮਾਰਕ ਨਾਲ ਜੁੜੇ ਅਧੂਰੇ ਵਿਕਾਸ ਕੰਮਾਂ ਨੂੰ ਪਹਿਲ ਦੇ ਆਧਾਰ ’ਤੇ ਜਲਦ ਪੂਰਾ ਕਰਵਾਉਣ ਲਈ ਸਬੰਧਤ ਵਿਭਾਗਾਂ ਅਤੇ ਅਧਿਕਾਰੀਆਂ ਨਾਲ ਵਿਸਥਾਰ ਨਾਲ ਮੀਟਿੰਗ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਸ੍ਰੀ ਖੁਰਾਲਗੜ੍ਹ ਸਾਹਿਬ ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੀ ਚਰਨ ਛੋਹ ਧਰਤੀ ਹੈ, ਜੋ ਦੇਸ਼-ਵਿਦੇਸ਼ ਦੀ ਸੰਗਤ ਲਈ ਅਟੁੱਟ ਸ਼ਰਧਾ ਦਾ ਕੇਂਦਰ ਹੈ। ਇਸ ਪਵਿੱਤਰ ਸਥਾਨ ਦੇ ਰੱਖ-ਰਖਾਵ, ਸੁੰਦਰੀਕਰਨ ਅਤੇ ਬੁਨਿਆਦੀ ਸਹੂਲਤਾਂ ਦੇ ਵਿਸਥਾਰ ਲਈ ਕਮਿਸ਼ਨ ਹਰ ਸੰਭਵ ਯਤਨ ਕਰੇਗਾ। ਇਸ ਮੌਕੇ ਤਪ ਅਸਥਾਨ ਸ੍ਰੀ ਖੁਰਾਲਗੜ੍ਹ ਸਾਹਿਬ ਦੇ ਪ੍ਰਧਾਨ ਭਾਈ ਕੇਵਲ ਸਿੰਘ, ਸ੍ਰੀ ਚਰਨ ਛੋਹ ਗੰਗਾ ਦੇ ਪ੍ਰਧਾਨ ਸੰਤ ਸੁਰਿੰਦਰ ਦਾਸ, ਗੁਰਲਾਲ ਸੈਲਾ, ਚੇਅਰਮੈਨ ਡਾ. ਕੁਲਵਰਨ ਸਿੰਘ, ਜੀਤ ਸਿੰਘ ਬਗਵਾਈਂ, ਕਰਮ ਚੰਦ, ਨਰੇਸ਼ ਸਿੰਘ, ਚਰਨ ਭਾਰਤੀ, ਸੁਖਦੇਵ ਸਿੰਘ ਸਮੇਤ ਹੋਰ ਪਤਵੰਤੇ ਵਿਅਕਤੀ ਮੌਜੂਦ ਸਨ।