ਐੱਸਪੀਐੱਨ ਕਾਲਜ 'ਚ ਸਾਲਾਨਾ ਐਥਲੈਟਿਕਸ ਮੀਟ ਕਰਵਾਈ
ਐੱਸਪੀਐੱਨ ਕਾਲਜ 'ਚ ਸਲਾਨਾ ਅਥਲੈਟਿਕਸ ਮੀਟ ਕਰਵਾਈ
Publish Date: Fri, 13 Feb 2026 05:20 PM (IST)
Updated Date: Sat, 14 Feb 2026 04:06 AM (IST)

ਹਰਮਨਜੀਤ ਸਿੰਘ ਸੈਣੀ, ਪੰਜਾਬੀ ਜਾਗਰਣ, ਮੁਕੇਰੀਆਂ: ਸਵਾਮੀ ਪ੍ਰੇਮਾਨੰਦ ਮਹਾਵਿਦਿਆਲਿਆ (ਐੱਸਪੀਐੱਨ ਕਾਲਜ) ਮੁਕੇਰੀਆਂ ਦੇ ਸਰੀਰਿਕ ਸਿੱਖਿਆ ਵਿਭਾਗ ਵੱਲੋਂ ਸਾਲਾਨਾ ਐਥਲੈਟਿਕਸ ਮੀਟ ਬੜੇ ਉਤਸ਼ਾਹ ਅਤੇ ਜੋਸ਼ ਭਰੇ ਮਾਹੌਲ ਵਿੱਚ ਕਰਵਾਈ ਗਈ। ਇਸ ਸਮੇਂ ਕਾਲਜ ਪ੍ਰਬੰਧਕ ਕਮੇਟੀ ਦੇ ਸਕੱਤਰ ਸੰਜੀਵ ਆਨੰਦ ਅਤੇ ਆਡੀਟਰ ਡਾ. ਰਾਜੇਸ਼ ਲਖਨਪਾਲ ਬਤੌਰ ਮੁੱਖ ਮਹਿਮਾਨ ਸ਼ਾਮਲ ਹੋਏ। ਕਾਲਜ ਦੇ ਪ੍ਰਿੰਸੀਪਲ ਡਾ. ਸਮੀਰ ਸ਼ਰਮਾ ਨੇ ਮੁੱਖ ਮਹਿਮਾਨਾਂ ਦਾ ਫੁੱਲਾਂ ਦੇ ਗੁਲਦਸਤਿਆਂ ਨਾਲ ਨਿੱਘਾ ਸਵਾਗਤ ਕੀਤਾ। ਐਥਲੈਟਿਕਸ ਮੀਟ ਦੀ ਸ਼ੁਰੂਆਤ ਝੰਡਾ ਲਹਿਰਾਉਣ ਦੀ ਰਸਮ ਨਾਲ ਹੋਈ, ਉਪਰੰਤ ਖਿਡਾਰੀਆਂ ਵੱਲੋਂ ਸ਼ਾਨਦਾਰ ਮਾਰਚ ਪਾਸਟ ਕੀਤਾ ਗਿਆ। ਸ਼ਾਂਤੀ ਦੇ ਪ੍ਰਤੀਕ ਵਜੋਂ ਮਸ਼ਾਲ ਨਾਲ ਖਿਡਾਰੀਆਂ ਦੀ ਦੌੜ ਨੇ ਸਮਾਰੋਹ ਨੂੰ ਵਿਸ਼ੇਸ਼ ਮਹੱਤਤਾ ਪ੍ਰਦਾਨ ਕੀਤੀ। ਮੁੱਖ ਮਹਿਮਾਨਾਂ ਨੇ ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਪੜ੍ਹਾਈ ਦੇ ਨਾਲ-ਨਾਲ ਖੇਡਾਂ ਵਿੱਚ ਭਾਗ ਲੈਣਾ ਵਿਦਿਆਰਥੀ ਜੀਵਨ ਦੇ ਸੰਤੁਲਿਤ ਵਿਕਾਸ ਲਈ ਬਹੁਤ ਜ਼ਰੂਰੀ ਹੈ। ਉਨ੍ਹਾਂ ਆਯੋਜਕ ਵਿਭਾਗ ਅਤੇ ਕਾਲਜ ਪ੍ਰਸ਼ਾਸਨ ਨੂੰ ਖੇਡਾਂ ਦੇ ਸੁਚੱਜੇ ਆਯੋਜਨ ਲਈ ਵਧਾਈ ਭੇਟ ਕੀਤੀ। ਮੁਕਾਬਲਿਆਂ ਦੌਰਾਨ ਮੁੰਡਿਆਂ ਅਤੇ ਕੁੜੀਆਂ ਲਈ 100 ਮੀਟਰ, 200 ਮੀਟਰ ਅਤੇ 400 ਮੀਟਰ ਦੌੜਾਂ, ਡਿਸਕਸ ਥਰੋ, ਸ਼ਾਟ ਪੁੱਟ ਅਤੇ ਲੰਬੀ ਛਾਲ ਵਰਗੇ ਵੱਖ-ਵੱਖ ਖੇਡ ਮੁਕਾਬਲੇ ਕਰਵਾਏ ਗਏ। ਕਾਲਜ ਸਟਾਫ਼ ਦੇ ਮਨੋਰੰਜਨ ਲਈ ਰੱਸਾਕਸੀ ਅਤੇ 100 ਮੀਟਰ ਦੌੜ ਵਿਸ਼ੇਸ਼ ਤੌਰ ਤੇ ਕਰਵਾਈ ਗਈ, ਜਿਸ ਨਾਲ ਸਮਾਰੋਹ ਦਾ ਮਾਹੌਲ ਹੋਰ ਵੀ ਰੰਗੀਨ ਬਣ ਗਿਆ। ਓਵਰਆਲ ਟਰਾਫ਼ੀ ਆਰਟਸ ਵਿਭਾਗ ਨੇ ਜਿੱਤੀ, ਜਦਕਿ ਮਾਰਚ ਪਾਸਟ ਟਰਾਫ਼ੀ ਸਾਇੰਸ ਵਿਭਾਗ ਦੇ ਨਾਮ ਰਹੀ। ਮੁਕਾਬਲਿਆਂ ਦੇ ਜੇਤੂ ਭਾਗੀਦਾਰਾਂ ਨੂੰ ਮੈਡਲ ਪਹਿਨਾ ਕੇ ਸਨਮਾਨਿਤ ਕੀਤਾ ਗਿਆ। ਸਮਾਰੋਹ ਦੇ ਅੰਤ ਵਿੱਚ ਸਰੀਰਿਕ ਸਿੱਖਿਆ ਵਿਭਾਗ ਦੇ ਮੁੱਖੀ ਡਾ. ਚੰਦਰ ਸ਼ੇਖਰ ਨੇ ਸਾਰੇ ਭਾਗੀਦਾਰਾਂ, ਕਾਲਜ ਸਟਾਫ਼, ਪ੍ਰਬੰਧਕੀ ਕਮੇਟੀ ਅਤੇ ਪ੍ਰਿੰਸੀਪਲ ਡਾ. ਸਮੀਰ ਸ਼ਰਮਾ ਦਾ ਸਹਿਯੋਗ ਲਈ ਧੰਨਵਾਦ ਕੀਤਾ। ਪ੍ਰੋਗਰਾਮ ਦਾ ਸਮਾਪਨ ਰਾਸ਼ਟਰ ਗਾਣ ਨਾਲ ਕੀਤਾ ਗਿਆ। ਇਸ ਮੌਕੇ ਵੱਡੀ ਗਿਣਤੀ ਵਿੱਚ ਕਾਲਜ ਸਟਾਫ਼ ਅਤੇ ਵਿਦਿਆਰਥੀ ਹਾਜ਼ਰ ਸਨ।