ਟੈਟ ਦੀ ਸ਼ਰਤ ਖ਼ਿਲਾਫ ਅਧਿਆਪਕਾਂ ਦਾ ਰੋਸ, ਨੋਟੀਫਿਕੇਸ਼ਨ ਦੀਆਂ ਕਾਪੀਆਂ ਸਾੜ ਕੇ ਕੀਤੀ ਨਾਅਰੇਬਾਜ਼ੀ
ਟੈਟ ਦੀ ਸ਼ਰਤ ਖ਼ਿਲਾਫ ਅਧਿਆਪਕਾਂ ਦਾ ਰੋਸ, ਨੋਟੀਫਿਕੇਸ਼ਨ ਦੀਆਂ ਕਾਪੀਆਂ ਸਾੜ ਕੇ ਕੀਤੀ ਨਾਅਰੇਬਾਜ਼ੀ
Publish Date: Thu, 12 Feb 2026 07:21 PM (IST)
Updated Date: Fri, 13 Feb 2026 04:12 AM (IST)

ਸੰਜੀਵ ਸੂਦ, ਪੰਜਾਬੀ ਜਾਗਰਣ, ਹੁਸ਼ਿਆਰਪੁਰ: 2011 ਤੋਂ ਪਹਿਲਾਂ ਭਰਤੀ ਹੋਏ ਅਧਿਆਪਕਾਂ ’ਤੇ ਨੌਕਰੀ ਵਿੱਚ ਬਣੇ ਰਹਿਣ ਅਤੇ ਤਰੱਕੀ ਲਈ ਟੈਟ (ਟੀਚਰ ਐਲੀਜੀਬਿਲਟੀ ਟੈਸਟ) ਪਾਸ ਕਰਨ ਦੀ ਲਾਗੂ ਕੀਤੀ ਜਾ ਰਹੀ ਜਬਰੀ ਸ਼ਰਤ ਦੇ ਖ਼ਿਲਾਫ ਜ਼ਿਲ੍ਹੇ ਦੀਆਂ ਸਮੂਹ ਅਧਿਆਪਕ ਜਥੇਬੰਦੀਆਂ ਵੱਲੋਂ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਦੇ ਮੁੱਖ ਗੇਟ ਅੱਗੇ ਜ਼ੋਰਦਾਰ ਪ੍ਰਦਰਸ਼ਨ ਕੀਤਾ ਗਿਆ। ਇਸ ਦੌਰਾਨ ਅਧਿਆਪਕਾਂ ਨੇ ਸਰਕਾਰ ਵੱਲੋਂ ਜਾਰੀ ਕੀਤੇ ਨੋਟੀਫਿਕੇਸ਼ਨ ਦੀਆਂ ਕਾਪੀਆਂ ਸਾੜ ਕੇ ਕੇਂਦਰ ਅਤੇ ਸੂਬਾ ਸਰਕਾਰ ਖ਼ਿਲਾਫ ਜ਼ਬਰਦਸਤ ਨਾਅਰੇਬਾਜ਼ੀ ਕੀਤੀ। ਅਧਿਆਪਕ ਆਗੂ ਪ੍ਰਿਤਪਾਲ ਸਿੰਘ ਚੌਟਾਲਾ, ਸੁਰਜੀਤ ਰਾਜਾ, ਜਸਵੀਰ ਤਲਵਾੜਾ, ਸੁਖਦੇਵ ਡਾਨਸੀਵਾਲ, ਜਤਿੰਦਰ ਸਿੰਘ, ਸਰਬਜੀਤ ਕੰਗ, ਇੰਦਰਸੁਖਦੀਪ ਸਿੰਘ ਅਤੇ ਪ੍ਰਿੰਸ ਗੜ੍ਹਦੀਵਾਲਾ ਨੇ ਕਿਹਾ ਕਿ 20-22 ਸਾਲਾਂ ਤੋਂ ਸੇਵਾ ਨਿਭਾ ਰਹੇ ਅਧਿਆਪਕਾਂ ’ਤੇ ਅਜਿਹੀ ਸ਼ਰਤ ਲਾਉਣਾ ਗੈਰ-ਵਿਗਿਆਨਿਕ ਅਤੇ ਗੈਰ-ਤਰਕਸੰਗਤ ਹੈ। ਉਨ੍ਹਾਂ ਦੱਸਿਆ ਕਿ ਭਰਤੀ ਸਮੇਂ ਅਧਿਆਪਕਾਂ ਨੇ ਤਤਕਾਲੀ ਸੇਵਾ ਨਿਯਮਾਂ ਅਨੁਸਾਰ ਯੋਗਤਾ ਪੂਰੀ ਕਰਕੇ ਸੇਵਾ ਵਿੱਚ ਪ੍ਰਵੇਸ਼ ਕੀਤਾ ਸੀ ਅਤੇ ਹੁਣ ਬਾਅਦ ਵਿੱਚ ਇਹ ਸ਼ਰਤ ਥੋਪਣਾ ਅਧਿਆਪਕਾਂ ਨਾਲ ਧੋਖਾ ਹੈ। ਆਗੂਆਂ ਨੇ ਸਰਕਾਰ ਦੀ ਨਿਖੇਧੀ ਕਰਦਿਆਂ ਕਿਹਾ ਕਿ ਪੁਰਾਣੀ ਪੈਨਸ਼ਨ ਬਹਾਲੀ, ਕੱਚੇ ਅਤੇ ਕੰਟਰੈਕਟ ਅਧਿਆਪਕਾਂ ਨੂੰ ਰੈਗੂਲਰ ਕਰਨ ਵਰਗੀਆਂ ਮੰਗਾਂ ਨੂੰ ਨਜ਼ਰਅੰਦਾਜ਼ ਕਰਕੇ ਅਧਿਆਪਕਾਂ ਨੂੰ ਟੈਟ ਦੇ ਪੇਪਰਾਂ ਵਿੱਚ ਉਲਝਾਇਆ ਜਾ ਰਿਹਾ ਹੈ। ਉਨ੍ਹਾਂ ਨੇ ਦੋਸ਼ ਲਗਾਇਆ ਕਿ ਨਵੀਂ ਸਿੱਖਿਆ ਨੀਤੀ ਦੇ ਤਹਿਤ ਅਧਿਆਪਕਾਂ ਨੂੰ ਖੱਜਲ-ਖੁਆਰ ਕਰਨ ਦੀ ਕੋਝੀ ਸਾਜ਼ਿਸ਼ ਕੀਤੀ ਜਾ ਰਹੀ ਹੈ। ਆਗੂਆਂ ਨੇ ਚੇਤਾਵਨੀ ਦਿੱਤੀ ਕਿ ਜੇ ਸਰਕਾਰ ਨੇ ਇਹ ਸ਼ਰਤ ਵਾਪਸ ਨਾ ਲਈ ਤਾਂ 22 ਫਰਵਰੀ ਨੂੰ ਸਿੱਖਿਆ ਮੰਤਰੀ ਦੇ ਹਲਕੇ ਅਨੰਦਪੁਰ ਸਾਹਿਬ ਵਿਖੇ ਵੱਡੇ ਪੱਧਰ ’ਤੇ ਰੋਸ ਪ੍ਰਦਰਸ਼ਨ ਕੀਤਾ ਜਾਵੇਗਾ, ਜਿਸ ਵਿੱਚ ਸਮੁੱਚੇ ਪੰਜਾਬ ਤੋਂ ਅਧਿਆਪਕ ਸ਼ਾਮਲ ਹੋਣਗੇ। ਇਸ ਮੌਕੇ ਪੰਜਾਬ ਸੁਬਾਰਡੀਨੇਟ ਸਰਵਿਸਿਜ਼ ਫੈਡਰੇਸ਼ਨ ਦੇ ਸੂਬਾ ਪ੍ਰਧਾਨ ਸਤੀਸ਼ ਰਾਣਾ ਸਮੇਤ ਵੱਡੀ ਗਿਣਤੀ ਵਿੱਚ ਅਧਿਆਪਕ ਆਗੂ ਅਤੇ ਮੈਂਬਰ ਹਾਜ਼ਰ ਸਨ।