14 ਮੁਲਜ਼ਮ ਗ੍ਰਿਫ਼ਤਾਰ, ਨਸ਼ੀਲੇ ਪਦਾਰਥ ਤੇ ਗੋਲੀਆਂ ਬਰਾਮਦ
ਜ਼ਿਲ੍ਹੇ ਵਿੱਚ ਐਨਡੀਪੀਐਸ ਐਕਟ ਤਹਿਤ 14 ਮੁਲਜ਼ਮ ਗ੍ਰਿਫ਼ਤਾਰ, ਨਸ਼ੀਲੇ ਪਦਾਰਥ ਤੇ ਗੋਲੀਆਂ ਬਰਾਮਦ: ਪੁਲਿਸ
Publish Date: Thu, 12 Feb 2026 07:18 PM (IST)
Updated Date: Fri, 13 Feb 2026 04:09 AM (IST)

ਸਟਾਫ ਰਿਪੋਟਰ, ਪੰਜਾਬੀ ਜਾਗਰਣ, ਹੁਸ਼ਿਆਰਪੁਰ : ਜ਼ਿਲ੍ਹਾ ਹੁਸ਼ਿਆਰਪੁਰ ਵਿੱਚ ਨਸ਼ਿਆਂ ਖ਼ਿਲਾਫ਼ ਚਲਾਈ ਜਾ ਰਹੀ ਮੁਹਿੰਮ ਤਹਿਤ ਵੱਖ-ਵੱਖ ਥਾਣਿਆਂ ਦੀ ਪੁਲਿਸ ਨੇ ਐਨਡੀਪੀਐਸ ਐਕਟ ਦੀਆਂ ਸਬੰਧਤ ਧਾਰਾਵਾਂ ਅਧੀਨ 14 ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ। ਪੁਲਿਸ ਨੇ ਦੱਸਿਆ ਕਿ ਇਨ੍ਹਾਂ ਮਾਮਲਿਆਂ ਵਿੱਚ ਕੁਝ ਵਿਅਕਤੀ ਕਥਿਤ ਤੌਰ ’ਤੇ ਨਸ਼ਾ ਕਰਦੇ ਹੋਏ ਜਾਂ ਨਸ਼ੀਲੇ ਪਦਾਰਥਾਂ ਸਮੇਤ ਕਾਬੂ ਕੀਤੇ ਗਏ ਹਨ। ਪੁਲਿਸ ਅਨੁਸਾਰ, ਬੁਲੋਵਾਲ ਥਾਣੇ ਦੀ ਟੀਮ ਨੇ ਸੁਨੀਲ ਉਰਫ ਹਨੀ (ਨਿਵਾਸੀ ਨੰਦਾਚੋਰ) ਨੂੰ ਕਥਿਤ ਤੌਰ ’ਤੇ ਸਿਲਵਰ ਪੇਪਰ ਰਾਹੀਂ ਨਸ਼ਾ ਸੇਵਨ ਕਰਦੇ ਹੋਏ ਕਾਬੂ ਕੀਤਾ। ਚੱਬੇਵਾਲ ਪੁਲਿਸ ਨੇ ਵਿਜੈ ਕੁਮਾਰ (ਨਿਵਾਸੀ ਸਰਹਾਲਾ ਕਲਾ) ਨੂੰ ਸ਼ੱਕ ਦੇ ਆਧਾਰ ’ਤੇ ਰੋਕ ਕੇ ਤਲਾਸ਼ੀ ਦੌਰਾਨ ਉਸ ਕੋਲੋਂ 52 ਨਸ਼ੀਲੀਆਂ ਗੋਲੀਆਂ ਬਰਾਮਦ ਕੀਤੀਆਂ। ਇੱਕ ਹੋਰ ਮਾਮਲੇ ਵਿੱਚ ਸੋਖਾ (ਨਿਵਾਸੀ ਸਰਹਾਲਾ ਕਲਾ) ਕੋਲੋਂ 50 ਨਸ਼ੀਲੀਆਂ ਗੋਲੀਆਂ ਮਿਲਣ ਦੀ ਗੱਲ ਪੁਲਿਸ ਨੇ ਕਹੀ ਹੈ। ਦਸੂਹਾ ਪੁਲਿਸ ਨੇ ਗੁਰਮੀਤ ਸਿੰਘ ਵਾਸੀ ਭੋਗਪੁਰ ਅਤੇ ਭਿੰਦਰ ਸਿੰਘ ਵਾਸੀ ਦਸੂਹਾ ਨੂੰ ਧਰਮਪੁਰਾ ਬੱਸ ਸਟੈਂਡ ਨੇੜੇ ਕਥਿਤ ਤੌਰ ’ਤੇ ਸਰਿੰਜ ਲਗਾ ਕੇ ਨਸ਼ਾ ਕਰਦੇ ਹੋਏ ਕਾਬੂ ਕੀਤਾ। ਦੋਵਾਂ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਗਿਆ ਹੈ। ਹਰਿਆਣਾ ਥਾਣੇ ਦੀ ਪੁਲਿਸ ਨੇ ਵਿਕਰਮਜੀਤ ਸਿੰਘ (ਨਿਵਾਸੀ ਅੱਭੋਵਾਲ) ਨੂੰ ਸ਼ਮਸ਼ਾਨਘਾਟ ਨੇੜੇ ਕਥਿਤ ਤੌਰ ’ਤੇ ਨਸ਼ਾ ਸੇਵਨ ਕਰਦੇ ਹੋਏ ਕਾਬੂ ਕਰਕੇ ਉਸ ਕੋਲੋਂ ਲਾਈਟਰ, ਸਿਲਵਰ ਪੇਪਰ ਅਤੇ ਰੋਲ ਕੀਤਾ ਨੋਟ ਬਰਾਮਦ ਕੀਤਾ। ਮੇਹਟੀਆਣਾ ਪੁਲਿਸ ਨੇ ਰਵਿੰਦਰ ਸਿੰਘ ਉਰਫ ਸਿਬਾ ਵਾਸੀ ਸਾਹਰੀ ਨੂੰ ਬਾਈਪਾਸ ਨੇੜੇ ਕਥਿਤ ਤੌਰ ’ਤੇ ਨਸ਼ੀਲਾ ਪਦਾਰਥ ਸੇਵਨ ਕਰਦੇ ਹੋਏ ਕਾਬੂ ਕੀਤਾ। ਟਾਂਡਾ ਪੁਲਿਸ ਨੇ ਗੋਪੀ ਚੰਦ ਵਾਸੀ ਹਰਸੀ ਪਿੰਡ ਕੋਲੋਂ 70 ਗ੍ਰਾਮ ਨਸ਼ੀਲਾ ਪਦਾਰਥ ਬਰਾਮਦ ਕਰਨ ਦਾ ਦਾਅਵਾ ਕੀਤਾ ਹੈ। ਇਸ ਤੋਂ ਇਲਾਵਾ ਗੁਰਜੀਵਨ ਸਿੰਘ ਵਾਸੀ ਫਿਰੋਜ ਰੋਲੀਆ ਨੂੰ ਵੀ ਨਸ਼ਾ ਕਰਦੇ ਹੋਏ ਕਾਬੂ ਕਰਨ ਦੀ ਗੱਲ ਪੁਲਿਸ ਨੇ ਕਹੀ ਹੈ। ਗੜ੍ਹਦੀਵਾਲਾ ਪੁਲਿਸ ਨੇ ਭੁਪਿੰਦਰ ਸਿੰਘ ਵਾਸੀ ਚੋਹਕਾ ਨੂੰ ਘਰ ਤੋਂ ਰਾਊਂਡ ਅੱਪ ਕਰਕੇ ਡੋਪ ਟੈਸਟ ਕਰਵਾਇਆ, ਜੋ ਕਥਿਤ ਤੌਰ ’ਤੇ ਪਾਜ਼ਿਟਿਵ ਆਉਣ ’ਤੇ ਉਸ ਖ਼ਿਲਾਫ਼ ਕੇਸ ਦਰਜ ਕੀਤਾ ਗਿਆ। ਹਾਜੀਪੁਰ ਪੁਲਿਸ ਨੇ ਸੁਖਦੀਪ ਸਿੰਘ ਉਰਫ ਠਹਿਣਾ ਵਾਸੀ ਕੁੱਲੀਆ ਲੁਬਾਣਾ ਨੂੰ ਨਸ਼ਾ ਸੇਵਨ ਕਰਦੇ ਹੋਏ ਕਾਬੂ ਕੀਤਾ। ਸਦਰ ਹੁਸ਼ਿਆਰਪੁਰ ਪੁਲਿਸ ਨੇ ਜੀਵਨ ਕੁਮਾਰ ਵਾਸੀ ਚੋਹਾਲ ਅਤੇ ਰਾਮਜੀ ਵਾਸੀ ਬਜਵਾੜਾ ਨੂੰ ਨਸ਼ੇ ਦੀ ਹਾਲਤ ਵਿੱਚ ਘੁੰਮਦੇ ਹੋਏ ਕਾਬੂ ਕਰਕੇ ਡੋਪ ਟੈਸਟ ਕਰਵਾਏ, ਜੋ ਪੁਲਿਸ ਮੁਤਾਬਕ ਪਾਜ਼ਿਟਿਵ ਆਏ। ਇੱਕ ਹੋਰ ਮਾਮਲੇ ਵਿੱਚ ਗੁਰਤੇਜ ਸਿੰਘ ਵਾਸੀ ਸਲੇਰਨ ਨੂੰ ਵੀ ਡੋਪ ਟੈਸਟ ਪਾਜ਼ਿਟਿਵ ਆਉਣ ’ਤੇ ਗ੍ਰਿਫ਼ਤਾਰ ਕੀਤਾ ਗਿਆ। ਪੁਲਿਸ ਨੇ ਦੱਸਿਆ ਕਿ ਸਾਰੇ ਮੁਲਜ਼ਮਾਂ ਖ਼ਿਲਾਫ਼ ਐਨਡੀਪੀਐਸ ਐਕਟ ਤਹਿਤ ਕੇਸ ਦਰਜ ਕਰਕੇ ਅਗਲੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।