ਕੇਂਦਰੀ ਟਰੇਡ ਯੂਨੀਅਨਾਂ ਦੇ ਸੱਦੇ ’ਤੇ ਰੈਲੀ ਤੇ ਗੜ੍ਹਸ਼ੰਕਰ ਵਿੱਚ ਰੋਹ ਭਰਪੂਰ ਮੁਜ਼ਾਹਰਾ
ਕੇਂਦਰੀ ਟਰੇਡ ਯੂਨੀਅਨਾਂ ਦੇ ਸੱਦੇ 'ਤੇ ਰੈਲੀ ਅਤੇ ਗੜਸ਼ੰਕਰ ਵਿੱਚ ਰੋਹ ਭਰਪੂਰ ਮੁਜ਼ਾਹਰਾ
Publish Date: Thu, 12 Feb 2026 05:52 PM (IST)
Updated Date: Fri, 13 Feb 2026 04:06 AM (IST)

ਦਲਵਿੰਦਰ ਸਿੰਘ ਮਨੋਚਾ, ਪੰਜਾਬੀ ਜਾਗਰਣ, ਗੜ੍ਹਸ਼ੰਕਰ : ਗੜਸ਼ੰਕਰ ਦੀਆਂ ਟਰੇਡ ਯੂਨੀਅਨਾਂ,ਕਿਸਾਨ ਯੂਨੀਅਨਾਂ ਅਤੇ ਮੁਲਾਜ਼ਮ ਯੂਨੀਅਨਾਂ ਵੱਲੋਂ ਸਥਾਨਕ ਬੱਸ ਅੱਡੇ ਵਿੱਚ ਸਥਿਤ ਸ਼ਹੀਦ ਭਗਤ ਸਿੰਘ ਪਾਰਕ ਵਿੱਚ ਮਜ਼ਦੂਰ, ਕਿਸਾਨ ਅਤੇ ਮੁਲਾਜ਼ਮਾਂ ਵੱਲੋਂ ਕੇਂਦਰ ਦੀਆਂ ਆਰਥਿਕ ਨੀਤੀਆਂ ਖਿਲਾਫ ਰੈਲੀ ਕਰਨ ਉਪਰੰਤ ਸ਼ਹਿਰ ’ਚ ਰੋਹ ਭਰਪੂਰ ਮਾਰਚ ਕੀਤਾ ਗਿਆ। ਇਸ ਦੀ ਅਗਵਾਈ ਟਰੇਡ ਯੂਨੀਅਨਾਂ ਨੇ ਆਗੂਆਂ ਮੱਖਣ ਸਿੰਘ ਵਾਹਿਦਪੁਰ, ਦਰਸ਼ਨ ਮੱਟੂ, ਹਰਮੇਸ਼ ਢੇਸੀ ਵੱਲੋਂ ਕੀਤੀ ਗਈ। ਇਸ ਮੌਕੇ ਬੁਲਾਰਿਆਂ ਨੇ ਸੰਬੋਧਨ ਕਰਦਿਆਂ ਕਿਹਾ ਕਿ ਦੁਨੀਆ ਦੀਆਂ ਵੱਡੀਆਂ ਕੰਪਨੀਆਂ ਅਤੇ ਸਰਮਾਏਦਾਰਾਂ ਵੱਲੋਂ ਸੇਧਤ ਨੀਤੀਆਂ ਤਹਿਤ ਦੇਸ਼ ਦੇ ਕਿਰਤੀ ਲੋਕਾਂ ਨੂੰ ਨਪੀੜਿਆ ਜਾ ਰਿਹਾ ਹੈ। ਇਸ ਤਹਿਤ ਮਜ਼ਦੂਰਾਂ ਦੇ ਹੱਕਾਂ ਵਿੱਚ ਪਿਛਲੇ ਸਮੇਂ ਚ ਸੰਘਰਸ਼ ਰਾਹੀਂ ਪ੍ਰਾਪਤ ਕੀਤੇ ਗਏ ਕਿਰਤ ਕਾਨੂੰਨਾਂ ਨੂੰ ਦਰੜ ਕੇ ਚਾਰ ਲੇਬਰ ਕੋਡਾਂ ਵਿੱਚ ਬਦਲ ਦਿੱਤਾ ਗਿਆ। ਲੋਕਾਂ ਨੂੰ ਸੰਘਰਸ਼ ਕਰਕੇ ਮਿਲੇ ਕੰਮ ਦੇ ਅਧਿਕਾਰ ਮਨਰੇਗਾ ਨੂੰ ਖਤਮ ਕਰਨ ਲਈ ਜੀ ਰਾਮ ਜੀ ਨਾਮ ਦੀ ਸਕੀਮ, ਇਸੇ ਤਰੀਕੇ ਨਾਲ ਕਿਸਾਨਾਂ ਦੇ ਲਈ ਬੀਜ ਬਿਲ 2025,ਬਿਜਲੀ ਸੋਧ ਬਿੱਲ 2025 ਅਤੇ ਭਾਰਤ-ਅਮਰੀਕਾ ਤੇ ਯੂਰਪੀਅਨ ਯੂਨੀਅਨ ਨਾਲ ਮੁਕਤ ਵਪਾਰ ਸਮਝੌਤਿਆਂ ਤਹਿਤ ਪੂਰੀ ਖੇਤੀ ਅਤੇ ਕਿਸਾਨੀ ਨੂੰ ਸਰਮਾਏਦਾਰਾਂ ਦੇ ਕੋਲ ਸੌਂਪਿਆ ਜਾ ਰਿਹਾ ਹੈ। ਉਨਾਂ ਕਿਹਾ ਕਿ ਮੁਲਾਜ਼ਮਾਂ ਨੂੰ ਮਿਲਦੀਆਂ ਨੌਕਰੀਆਂ ਅਤੇ ਸਹੂਲਤਾਂ ਤੇ ਕੱਟ ਲਾ ਕੇ ਸਰਕਾਰੀ ਵਿਭਾਗਾਂ ਨੂੰ ਖਤਮ ਕੀਤਾ ਜਾ ਰਿਹਾ ਹੈ। ਇਸ ਮੌਕੇ ਮੁਕੇਸ਼ ਕੁਮਾਰ, ਗੁਰਨੇਕ ਸਿੰਘ ਭੱਜਲ, ਕੁਲਵਿੰਦਰ ਚਾਹਲ, ਬੀਬੀ ਸ਼ੁਭਾਸ਼ ਮੱਟੂ, ਮੋਹਣ ਲਾਲ, ਕੁਲਭੂਸ਼ਣ ਮਹਿੰਦਵਾਣੀ, ਰਾਮ ਜੀ ਦਾਸ ਚੌਹਾਨ, ਬਲਵੰਤ ਰਾਮ, ਹੰਸ ਰਾਜ ਗੜਸ਼ੰਕਰ, ਬਲਵੀਰ ਸਿੰਘ ਖਾਨਪੁਰੀ, ਸ਼ਾਮ ਸੁੰਦਰ, ਰਾਮਜੀਤ ਸਿੰਘ ਦੇਨੋਵਾਲ, ਡਾ ਜੋਗਿੰਦਰ ਕੁਲੇਵਾਲ, ਜੀਤਰਾਮ ਬਗਵਾਈ, ਸਤਨਾਮ ਸਿੰਘ, ਸਲਿੰਦਰ ਚੁੰਬਰ, ਗਰੀਬ ਦਾਸ ਪ੍ਰੇਮ ਰਾਣਾ, ਗੁਰਮੇਲ ਕਲਸੀ, ਰਵਿੰਦਰ ਨੀਟਾ ਆਦਿ ਨੇ ਸੰਬੋਧਨ ਕੀਤਾ।