ਜਹਾਨ ਖੇਲਾਂ ’ਚ ਐੱਚਆਈਵੀ./ਏਡਜ਼ ਜਾਗਰੂਕਤਾ ਅਭਿਆਨ
ਡੀ. ਏ. ਵੀ. ਕਾਲਜ ਆਫ਼ ਐਜੂਕੇਸ਼ਨ ਦੇ ਵਿਦਿਆਰਥੀਆਂ ਵੱਲੋਂ ਪਿੰਡ ਜਹਾਨ ਖੇਲਾਂ ਵਿੱਚ ਐਚ.ਆਈ.ਵੀ./ਏਡਜ਼ ਜਾਗਰੂਕਤਾ ਅਭਿਆਨ
Publish Date: Thu, 12 Feb 2026 05:25 PM (IST)
Updated Date: Fri, 13 Feb 2026 04:06 AM (IST)

ਸੰਜੀਵ ਸੂਦ, ਪੰਜਾਬੀ ਜਾਗਰਣ, ਹੁਸ਼ਿਆਰਪੁਰ: ਡੀਏਵੀ ਕਾਲਜ ਆਫ਼ ਐਜੂਕੇਸ਼ਨ, ਹੁਸ਼ਿਆਰਪੁਰ ਦੇ ਰੈਡ ਰਿਬਨ ਕਲੱਬ ਦੇ ਵਿਦਿਆਰਥੀ ਮੈਂਬਰਾਂ ਵੱਲੋਂ ਪਿੰਡ ਜਹਾਨ ਖੇਲਾਂ ਵਿੱਚ ਐਚ.ਆਈ.ਵੀ./ਏਡਜ਼ ਬਾਰੇ ਜਾਗਰੂਕਤਾ ਅਭਿਆਨ ਚਲਾਇਆ ਗਿਆ। ਇਸ ਅਭਿਆਨ ਦਾ ਮਕਸਦ ਪਿੰਡ ਵਾਸੀਆਂ ਨੂੰ ਐਚ.ਆਈ.ਵੀ./ਏਡਜ਼ ਦੇ ਖ਼ਤਰਿਆਂ, ਇਸਦੀ ਰੋਕਥਾਮ ਅਤੇ ਸਿਹਤਮੰਦ ਜੀਵਨ ਸ਼ੈਲੀ ਬਾਰੇ ਜਾਣਕਾਰੀ ਦੇਣਾ ਸੀ। ਵਿਦਿਆਰਥੀਆਂ ਨੇ ਪਿੰਡ ਦੇ ਪ੍ਰਮੁੱਖ ਸਥਾਨਾਂ ’ਤੇ ਸੂਚਨਾਤਮਕ ਪੋਸਟਰ ਲਗਾ ਕੇ ਲੋਕਾਂ ਨੂੰ ਜਾਗਰੂਕ ਕੀਤਾ। ਇਸ ਦੌਰਾਨ ਵਿਦਿਆਰਥੀ ਹੈਰੀਸ ਮੋਹੀ ਵੱਲੋਂ ਏਡਜ਼ ਸੰਬੰਧੀ ਭਾਸ਼ਣ ਦਿੱਤਾ ਗਿਆ, ਜਿਸ ਵਿੱਚ ਰੋਕਥਾਮ ਦੇ ਤਰੀਕਿਆਂ ਅਤੇ ਸਾਵਧਾਨੀਆਂ ’ਤੇ ਖਾਸ ਜ਼ੋਰ ਦਿੱਤਾ ਗਿਆ। ਪਿੰਡ ਵਾਸੀਆਂ ਨੇ ਵੀ ਇਸ ਅਭਿਆਨ ਵਿੱਚ ਦਿਲਚਸਪੀ ਦਿਖਾਈ। ਇਹ ਜਾਗਰੂਕਤਾ ਅਭਿਆਨ ਕਾਲਜ ਪ੍ਰਿੰਸੀਪਲ ਡਾ. ਵਿਧੀ ਭੱਲਾ ਦੀ ਅਗਵਾਈ ’ਚ ਕਰਵਾਇਆ ਗਿਆ। ਡੀਏਵੀ ਕਾਲਜ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਡਾ. ਅਨੂਪ ਕੁਮਾਰ ਅਤੇ ਸਕੱਤਰ ਸ੍ਰੀ ਆਰ.ਐਮ. ਭੱਲਾ ਦੇ ਮਾਰਗਦਰਸ਼ਨ ਹੇਠ ਇਹ ਉਪਰਾਲਾ ਸਫਲਤਾਪੂਰਵਕ ਸੰਪੰਨ ਹੋਇਆ। ਕਾਲਜ ਪ੍ਰਿੰਸੀਪਲ ਡਾ. ਵਿਧੀ ਭੱਲਾ ਨੇ ਕਿਹਾ ਕਿ ਇਹ ਇੱਕ ਸਿਹਤਮੰਦ ਅਤੇ ਜ਼ਿੰਮੇਵਾਰ ਸਮਾਜ ਬਣਾਉਣ ਵੱਲ ਮਹੱਤਵਪੂਰਨ ਕਦਮ ਹੈ। ਪਿੰਡ ਦੀ ਸਰਪੰਚ ਪਰਵੀਨ ਅਤੇ ਸਾਬਕਾ ਸਰਪੰਚ ਕਮਲ ਕੁਮਾਰ ਨੇ ਵੀ ਵਿਦਿਆਰਥੀਆਂ ਦੀ ਇਸ ਪਹਿਲ ਦੀ ਪ੍ਰਸ਼ੰਸਾ ਕੀਤੀ। ਇਸ ਮੌਕੇ ਡਾ. ਅਰਚਨਾ ਵਾਸੁਦੇਵ ਅਤੇ ਮੈਡਮ ਪ੍ਰੀਆ ਸ਼ਰਮਾ ਵੀ ਵਿਦਿਆਰਥੀਆਂ ਦੇ ਨਾਲ ਮੌਜੂਦ ਰਹੇ ਅਤੇ ਉਨ੍ਹਾਂ ਦਾ ਮਾਰਗਦਰਸ਼ਨ ਕੀਤਾ।