ਸਿੱਧੂ ਜੋੜੇ ਨੇ 35ਵੀਂ ਵਾਰ ਇਕੱਠਿਆਂ ਕੀਤਾ ਖੂਨਦਾਨ
ਖੂਨਦਾਨ ਵਿੱਚ ਨਵੀਆਂ ਪੈੜਾਂ ਪਾ ਰਿਹਾ ਸਿੱਧੂ ਜੋੜਾ, 35ਵੀਂ ਵਾਰ ਇਕੱਠਿਆਂ ਕੀਤਾ ਖੂਨਦਾਨ
Publish Date: Tue, 10 Feb 2026 06:55 PM (IST)
Updated Date: Wed, 11 Feb 2026 04:09 AM (IST)
ਸੰਜੀਵ ਸੂਦ, ਪੰਜਾਬੀ ਜਾਗਰਣ, ਹੁਸ਼ਿਆਰਪੁਰ : ਹੁਸ਼ਿਆਰਪੁਰ ਜ਼ਿਲ੍ਹੇ ਦੇ ਪਿੰਡ ਬੁੱਲੋਵਾਲ ਨਿਵਾਸੀ ਸਟਾਰ ਬਲੱਡ ਡੋਨਰ ਕੱਪਲ ਬਹਾਦਰ ਸਿੰਘ ਸਿੱਧੂ ਅਤੇ ਜਤਿੰਦਰ ਕੌਰ ਸਿੱਧੂ ਖੂਨਦਾਨ ਮੁਹਿੰਮ ਵਿੱਚ ਨਵੀਆਂ ਮਿਸਾਲਾਂ ਕਾਇਮ ਕਰ ਰਹੇ ਹਨ। ਅੱਜ ਪਿੰਡ ਨੰਦਾ ਚੌਰ ਵਿਖੇ ਸਿੰਘ ਵੈਲਫੇਅਰ ਸੋਸਾਇਟੀ ਵੱਲੋਂ ਲਗਾਏ ਗਏ ਖੂਨਦਾਨ ਕੈਂਪ ਵਿੱਚ ਪਹੁੰਚ ਕੇ ਸਿੱਧੂ ਜੋੜੇ ਨੇ 35ਵੀਂ ਵਾਰ ਇਕੱਠਿਆਂ ਖੂਨਦਾਨ ਕਰਕੇ ਸਮਾਜ ਲਈ ਪ੍ਰੇਰਣਾ ਬਣਨ ਦਾ ਕੰਮ ਕੀਤਾ। ਜਾਣਕਾਰੀ ਮੁਤਾਬਕ ਇਹ ਜੋੜਾ ਹਰ ਚਾਰ ਮਹੀਨੇ ਬਾਅਦ ਨਿਰੰਤਰ ਖੂਨਦਾਨ ਕਰਦਾ ਆ ਰਿਹਾ ਹੈ। ਨਿੱਜੀ ਤੌਰ ’ਤੇ ਬਹਾਦਰ ਸਿੰਘ ਸਿੱਧੂ ਨੇ ਅੱਜ 70ਵੀ ਅਤੇ ਜਤਿੰਦਰ ਕੌਰ ਸਿੱਧੂ ਨੇ 35ਵੀ ਵਾਰ ਆਪਣਾ ਖੂਨਦਾਨ ਕੀਤਾ। ਸੋਸਾਇਟੀ ਦੇ ਪ੍ਰਧਾਨ ਅਸ਼ਮੀਤ ਸਿੰਘ ਪਾਬਲਾ ਨੇ ਸਿੱਧੂ ਜੋੜੇ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਇਹ ਜੋੜਾ ਇਲਾਕੇ ਲਈ ਇੱਕ ਚਾਨਣ ਮੁਨਾਰਾ ਹੈ ਅਤੇ ਖੂਨਦਾਨ ਮੁਹਿੰਮ ਵਿੱਚ ਸਮਾਜ ਨੂੰ ਚੰਗੀ ਸੇਧ ਦੇ ਰਿਹਾ ਹੈ। ਇਸ ਮੌਕੇ ਜਤਿੰਦਰ ਕੌਰ ਸਿੱਧੂ, ਜੋ ਕਿ ਸਰਕਾਰੀ ਪ੍ਰਾਇਮਰੀ ਸਕੂਲ ਨੰਦਾ ਚੌਰ ਵਿੱਚ ਅਧਿਆਪਕ ਵੀ ਹਨ, ਨੇ ਖ਼ਾਸ ਕਰਕੇ ਔਰਤਾਂ ਨੂੰ ਅਪੀਲ ਕੀਤੀ ਕਿ ਉਹ ਵੀ ਖੂਨਦਾਨ ਮੁਹਿੰਮ ਦਾ ਹਿੱਸਾ ਬਣਨ ਅਤੇ ਸਮਾਜ ਭਲਾਈ ਦੇ ਕਾਰਜਾਂ ਲਈ ਅੱਗੇ ਆਉਣ।